ਨੇਤਨਯਾਹੂ ਵੱਲੋਂ ਵੱਡੇ ਹਮਲੇ ਜਾਰੀ ਰੱਖਣ ਦੇ ਹੁਕਮ
ਗਾਜ਼ਾ, 5 ਮਈ (ਪੰਜਾਬ ਟਾਇਮਜ਼ ਬਿਊਰੋ)- ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਜਾਰੀ ਸੰਘਰਸ਼ ਦੌਰਾਨ ਇਜ਼ਰਾਈਲ ਨੇ ਗਾਜ਼ਾ ਸਰਹਦ ’ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿਚ ਹੁਣ ਤਕ ਚਾਰ ਫਿਲੀਸਤੀਨੀਆਂ ਦੀ ਮੌਤ ਹੋ ਗਈ ਹੈ। ਫਿਲੀਸਤੀਨ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਜ ਮਰਨ ਵਾਲਾ ਇਕ 25 ਸਾਲਾ ਨੌਜਵਾਨ ਸੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਦਿਨ ਵੇਲੇ ਹੋਏ ਹਵਾਈ ਹਮਲਿਆਂ ’ਚ ਇਕ ਗਰਭਵਤੀ ਮਹਿਲਾ ਅਤੇ ਉਸ ਦੇ ਬਚੇ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਸੰਘਰਸ਼ ਉਸ ਸਮੇਂ ਸ਼ੁਰੂ ਹੋਇਆ, ਜਦੋਂ ਇਜ਼ਰਾਈਲ ਨੇ ਕਿਹਾ ਕਿ ਗਾਜ਼ਾ ਸਰਹਦ ਵਲੋਂ ਇਜ਼ਰਾਈਲ ’ਚ ਕਈ ਰਾਕੇਟ ਦਾਗੇ ਗਏ ਹਨ। ਇਸ ਦੇ ਜਵਾਬ ਵਿਚ ਇਜ਼ਰਾਈਲ ਦੇ ਸੁਰਖਿਆ ਬਲਾਂ ਨੇ ਹਮਾਸ ਅਤੇ ਹੋਰ ਅਤਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ ਹੈ। ਇਜ਼ਰਾਈਲ ਦੀ ਫੌਜ ਨੇ ਗਾਜ਼ਾ ਸਰਹਦ ’ਤੇ ਬਣੇ ਹੋਏ ਫਿਲੀਸਤੀਨ ਫੌਜ ਦੇ ਖ਼ੂਫ਼ੀਆ ਅਤੇ ਸੁਰਖਿਆ ਦਫ਼ਤਰਾਂ ’ਤੇ ਵੀ ਹਮਲਾ ਕੀਤਾ ਹੈ। ਇਸ ਵਿਚਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੁਰਖਿਆ ਬਲਾਂ ਨੂੰ ਫ਼ਿਲਸਤੀਨੀ ਲੜਾਕਿਆਂ ਖ਼ਿਲਾਫ਼ ਵਡੇ ਪੈਮਾਨੇ ’ਤੇ ਹਮਲੇ ਜਾਰੀ ਰਖਣ ਦੇ ਹੁਕਮ ਜਾਰੀ ਕੀਤੇ ਹਨ।