ਪੁਲਿਸ, ਫ਼ੌਜ ਅਤੇ ਅਰਧ ਸੈਨਿਕ ਬਲਾਂ ਵਲੋਂ ਸਾਂਝੀ ਬੈਠਕ
ਜੰਮੂ, 5 ਮਈ- ਅਮਰਨਾਥ ਦੀ ਪਵਿਤਰ ਗੁਫ਼ਾ ਦੀ ਸਾਲਾਨਾ ਯਾਤਰਾ ਤੋਂ ਪਹਿਲਾਂ ਜੰਮੂ ’ਚ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹਦ ਦੇ ਆਲੇ–ਦੁਆਲੇ ਸੁਰਖਿਆ ਘੇਰਾ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਅਜ ਇਥੇ ਦਿਤੀ। 46 ਦਿਨਾਂ ਦੀ ਇਹ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਰਵਾਇਤੀ ਪਹਿਲਗਾਮ ਮਾਰਗ ਤੇ ਗੰਦੇਰਬਲ ਜ਼ਿਲ੍ਹੇ ਦੇ ਛੋਟੇ ਬਾਲਟਾਲ ਮਾਰਗ ਤੋਂ ਇਕ ਜੁਲਾਈ ਨੂੰ ਸ਼ੁਰੂ ਹੋਣੀ ਹੈ ਤੇ ਰਖੜੀ ਵਾਲੇ ਭਾਵ 15 ਅਗਸਤ ਨੂੰ ਇਸ ਦੀ ਸਮਾਪਤੀ ਹੋਵੇਗੀ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ, ਫ਼ੌਜ, ਬੀਐਸਐਫ਼, ਸੀਆਰਪੀਐਫ਼, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਇਥੇ ਹੋਈ ਇਕ ਸਾਂਝੀ ਮੀਟਿੰਗ ਵਿਚ ਅਮਰਨਾਥ ਯਾਤਰਾ ਦੇ ਸਿਲਸਿਲੇ ਵਿਚ ਕੌਮਾਂਤਰੀ ਸਰਹਦ, ਕੰਟਰੋਲ ਰੇਖਾ ਤੇ ਰਾਜਮਾਰਗ ਸਮੇਤ ਅੰਦਰੂਨੀ ਇਲਾਕਿਆ ਦੀ ਸੁਰਖਿਆ ਲਈ ਵਿਸ਼ੇਸ਼ ਤੇ ਵਿਸਤ੍ਰਿਤ ਕਦਮ ਚੁਕਣ ਬਾਰੇ ਵਿਚਾਰ–ਵਟਾਂਦਰਾ ਹੋਇਆ। ਜੰਮੂ–ਸਾਂਬਾ–ਕਠੂਆ ਰੇਂਜ ਦੇ ਡੀਆਈਜੀ ਸੁਜੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਹ ਮੀਟਿੰਗ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹਦ ਉਤੇ ਸੁਰਖਿਆ ਘੇਰਾ ਮਜ਼ਬੂਤ ਕਰਨ ਦੇ ਮੰਤਵ ਨਾਲ ਸਦੀ ਗਈ ਸੀ।