ਹੁੱਲੜਬਾਜ਼ੀ ਕਰਕੇ ਕਾਂਗਰਸ ਨੇ ਹਾਰ ਕਬੂਲੀ: ਅਸ਼ਵਨੀ ਸ਼ਰਮਾ

ਸੰਨੀ ਦਿਓਲ ਨੂੰ ਮਿਲਦੇ ਭਰਪੂਰ ਸਮਰਥਨ ਤੋਂ ਬੁਖਲਾਏ ਕਾਂਗਰਸੀ : ਅਸ਼ਵਨੀ ਸ਼ਰਮਾ

ਪਠਾਨਕੋਟ, 4 ਮਈ (ਰਿੰਕਾ ਵਾਲੀਆ)- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਜਪਾ ਅਤੇ ਅਕਾਲੀ ਗਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੇ ਲੋਕ ਸੰਪਰਕ ਪ੍ਰੋਗਰਾਮ ਦੌਰਾਨ ਹੁੱਲੜਬਾਜ਼ੀ ਕਰਕੇ ਆਪਣੀ ਹਾਰ ਕਬੂਲ ਲਈ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਸ਼ਰਾਰਤੀ ਅਨਸਰਾਂ ਦੇ ਸਹਾਰੇ ਦੁਕਾਨਦਾਰਾਂ ਨੂੰ ਕਾਂਗਰਸ ਦੇ ਝੰਡੇ ਲਾਉਣ ਲਈ ਮਜ਼ਬੂਰ ਕਰਨ ਤੋਂ ਪਤਾ ਲੱਗਦਾ ਹੈ ਕਿ ਕਾਂਗਰਸੀ ਸੰਨੀ ਦਿਓਲ ਨੂੰ ਮਿਲ ਰਹੇ ਲੋਕਾਂ ਦੇ ਭਰਪੂਰ ਸਮਰਥਨ ਤੋਂ ਬਾਅਦ ਬੁਖਲਾ ਗਏ ਹਨ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਕੋਲ ਹਲਕਾ ਵਾਸੀਆਂ ਨਾਲ ਗੱਲ ਕਰਨ ਦਾ ਕੋਈ ਮੁੱਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੀਬ ਡੇਢ ਸਾਲ ਤੋਂ ਇਸ ਹਲਕੇ ਦੇ ਸਾਂਸਦ ਰਹੇ ਜਾਖੜ ਕੋਲ ਆਪਣੀ ਇੱਕ ਵੀ ਅਜਿਹੀ ਪ੍ਰਾਪਤੀ ਨਹੀਂ ਹੈ, ਜਿਸ ਨੂੰ ਆਧਾਰ ਬਣਾ ਕੇ ਉਹ ਵੋਟਰਾਂ ਦੇ ਮੁੜ ਮੂੰਹ ਲੱਗ ਸਕਣ। ਉਨ੍ਹਾਂ ਕਿਹਾ ਕਿ ਮੁੱਦਾਹੀਣ ਹੋਣ ਕਾਰਨ ਹੀ ਕਾਂਗਰਸ ਹੁਣ ਹੋਛੇ ਹਥਕੰਡਿਆਂ ’ਤੇ ਉਤਰ ਆਈ ਹੈ, ਕਿਸੇ ਥਾਂ ਤੇ ਧੱਕੇ ਨਾਲ ਕਾਂਗਰਸੀ ਝੰਡੇ ਲਗਵਾਏ ਜਾ ਰਹੇ ਹਨ ਅਤੇ ਕਿਤੇ ਭਾਜਪਾ-ਅਕਾਲੀ ਦਲ ਦੇ ਲੱਗੇ ਝੰਡਿਆਂ ਨੂੰ ਲਾਹੁਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਸ਼੍ਰੀ ਸ਼ਰਮਾ ਨੇ ਕਿਹਾ ਕਿ ਪਠਾਨਕੋਟ ਵਿਖੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਰੱਖੀ ਗਈ ਰੈਲੀ ਵਿੱਚ ਵਿਘਨ ਪਾਉਣ ਲਈ ਵੀ ਕਾਂਗਰਸ ਨੇ ਆਪਣੀ ਕੋਝੀ ਹਰਕਤ ਇੱਕ ਆਜ਼ਾਦ ਉਮੀਦਵਾਰ ਨੂੰ ਮੋਹਰਾ ਬਣਾ ਕੇ ਉਕਤ ਪੰਡਾਲ ਵਾਲੀ ਜਗ੍ਹਾ ਪਹਿਲਾ ਹੀ ਬੁੱਕ ਕਰਵਾ ਦਿੱਤੀ। ਭਾਜਪਾ ਆਗੂ ਨੇ ਅੱਗੇ ਕਿਹਾ ਕਿ ਗੁਰਦਾਸਪੁਰ ਹਲਕੇ ਦੀ ਨੁਹਾਰ ਪਹਿਲਾਂ ਵੀ ਗਠਜੋੜ ਦੇ ਉਮੀਦਵਾਰ ਮਰਹੂਮ ਵਿਨੋਦ ਖੰਨਾ ਨੇ ਬਦਲੀ ਸੀ ਅਤੇ ਹੁਣ ਵੀ ਪੰਜਾਬ ਦਾ ਸਪੂਤ ਸੰਨੀ ਦਿਓਲ ਇਸ ਹਲਕੇ ਲਈ ਇੱਕ ਮਸੀਹਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਇਹ ਫੈਸਲਾ ਕਰ ਚੁੱਕੇ ਹਨ ਕਿ ਮੁੜ ਤੋਂ ਕੇਂਦਰ ਵਿੱਚ ਸੱਤਾ ਹਾਸਿਲ ਕਰਨ ਜਾ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਮੈਂਬਰ ਪਾਰਲੀਮੈਂਟ ਵਜੋਂ ਭੇਜਣਗੇ।ਉਨ੍ਹਾਂ ਦਾਅਵਾ ਕੀਤਾ ਕਿ ਸੰਨੀ ਦਿਓਲ ਇਸ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਿਲ ਕਰਕੇ ਇੱਕ ਨਵਾਂ ਇਤਿਹਾਸ ਸਿਰਜਣਗੇ।ਇਸ ਮੌਕੇ ਉਨ੍ਹਾਂ ਨਾਲ ਹਲਕਾ ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ, ਭਾਜਪਾ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ, ਮੀਤ ਪ੍ਰਧਾਨ ਅਨਿਲ ਸੱਚਰ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੀਮਾ ਦੇਵੀ, ਮੇਅਰ ਅਨਿਲ ਵਾਸੂਦੇਵਾ, ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ ਅਤੇ ਮੀਡਿਆ ਇੰਚਾਰਜ ਪ੍ਰਦੀਪ ਰੈਣਾ ਆਦਿ ਹਾਜ਼ਰ ਸਨ।

Send this to a friend