ਚੰਡੀਗੜ੍ਹ, 23 ਅਪ੍ਰੈਲ (ਪੀ.ਟੀ.)-ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ 30 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਦੇ ਮ¤ਦੇਨਜ਼ਰ ਇਹ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ 28, 29 ਤੇ 30 ਅਪ੍ਰੈਲ ਨੂੰ ਪੰਜਾਬ ’ਚ ਕਿਸੇ ਵੀ ਵਿਅਕਤੀ ਨੇ ਜੇਕਰ ਕਿਸੇ ਕਿਸਮ ਦਾ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਉਸ ਨੂੰ ਇਸ ਦੀ ਪਹਿਲਾਂ ਏ. ਆਰ. ਓ. ਤੋਂ ਅਗਾਊਂ ਇਜਾਜ਼ਤ ਲੈਣੀ ਪਵੇਗੀ ਤੇ ਅਜਿਹਾ ਨਾ ਕਰਨ ’ਤੇ ਸਬੰਧਤ ਵਿਅਕਤੀ ਖਿਲਾਫ ਕੇਸ ਦਰਜ ਹੋ ਸਕਦਾ ਹੈ, ਜਿਸ ਤਹਿਤ 3 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਇਸ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਸ. ਵੀ. ਕੇ. ਸਿੰਘ ਨੇ ਦੱਸਿਆ ਕਿ 28, 29 ਤੇ 30 ਅਪ੍ਰੈਲ ਨੂੰ ਜੇਕਰ ਕਿਸੇ ਨੇ ਵਿਆਹ-ਸ਼ਾਦੀ, ਜਨਮਦਿਨ ਪਾਰਟੀ ਜਾਂ ਕੋਈ ਹੋਰ ਸਮਾਰੋਹ ਕਰਨਾ ਹੈ ਤਾਂ ਇਸ ਦੀ ਅਗਾਊਂ ਇਜ਼ਾਜਤ ਲੈਣੀ
ਪਵੇਗੀ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸਮਾਰੋਹਾਂ ’ਚ ਸ਼ਰਾਬ ਵੀ ਪਰੋਸੀ ਜਾਂਦੀ ਹੈ, ਜਿਸ ’ਤੇ ਪੂਰੀ ਪਬੰਦੀ ਹੈ ਪਰ ਜੇਕਰ ਕਿਸੇ ਨੇ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਲਈ ਤੇ ਵਿੱਚ ਸ਼ਰਾਬ ਵੀ ਪਰੋਸ ਦਿੱਤੀ ਤਾਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਪੁੱਜਣ ’ਤੇ ਸਬੰਧਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਇਹੀ ਨਹੀਂ ਪ੍ਰੋਗਰਾਮ ’ਚ ਬਿਨਾ ਇਜਾਜ਼ਤ ਸ਼ਰਾਬ ਵਰਤਾਉਣ ਵਾਲੇ ਨੂੰ 3 ਸਾਲ ਤੇ ਪੀਣ ਵਾਲਿਆਂ ਨੂੰ 1 ਸਾਲ ਤੱਕ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਕੁਝ ਹੋਰ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 28 ਤੇ 29 ਅਪ੍ਰੈਲ ਨੂੰ ਕਿਸੇ ਦੇ ਘਰ ਪ੍ਰੋਗਰਾਮ ਹੈ ਤੇ ਉਸ ਵੱਲੋਂ ਸ਼ਰਾਬ ਪਰੋਸੀ ਜਾਣੀ ਹੈ ਤਾਂ ਇਸ ਦਾ ਏ.ਆਰ.ਓ. ਤੋਂ ਇਜਾਜ਼ਤ ਤੇ ਲਾਇਸੰਸ ਲੈਣਾ ਪਵੇਗਾ ਜਦਕਿ 30 ਅਪ੍ਰੈਲ ਨੂੰ ਸ਼ਰਾਬ ’ਤੇ ਪੂਰਨ ਪਬੰਦੀ ਹੋਵੇਗੀ ਕਿਉਂਕਿ ਵੋਟਾਂ ਵਾਲੇ ਦਿਨ ਡਰਾਈ ਡੇਅ ਹੁੰਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਭਾਵੇਂ ਚੋਣ ਕਮਿਸ਼ਨ ਵੱਲੋਂ ਅਹਿਤਿਆਤਨ ਇਹ ਕਦਮ ਚੁੱਕਿਆ ਗਿਆ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਵੋਟਾਂ ਪੈਣ ਤੋਂ 2-3 ਦਿਨ ਪਹਿਲਾਂ ਹੀ ਸਿਆਸੀ ਧਿਰਾਂ ਵੋਟਰਾਂ ਨੂੰ ਨਸ਼ੇ ਆਦਿ ਵੰਡਦੀਆਂ ਹਨ ਪਰ ਪ੍ਰੋਗਰਾਮਾਂ ਤੇ ਇਹ ਇੱਕ ਕਿਸਮ ਦੀ ਰੋਕ ਲਗਾਉਣੀ ਆਪਣੇ ਆਪ ’ਚ ਤੁਗਲਕੀ ਫੁਰਮਾਨ ਦੇ ਤੁੱਲ ਹੈ ਪਰ ਹੁਣ ਪਾਠਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਪਵੇਗਾ ਕਿ ਜੇਕਰ ਇਨ੍ਹਾਂ ਤਿੰਨ ਦਿਨਾਂ ਦੌਰਾਨ ਕੋਈ ਪ੍ਰੋਗਰਾਮ ਕਰਨਾ ਹੈ ਤੇ ਉਸ ’ਚ ਸ਼ਰਾਬ ਵੀ ਪਰੋਸਣੀ ਹੈ ਤਾਂ ਇਸ ਦੀ ਬਕਾਇਦਾ ਪਹਿਲਾਂ ਏ.ਆਰ.ਓ. ਤੋਂ ਇਜਾਜ਼ਤ ਲੈਣੀ ਬਹੁਤ ਜ਼ਰੂਰੀ ਹੋਵੇਗੀ ਨਹੀਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ।



