ਫਰੀਦਕੋਟ, 25 ਅਪ੍ਰੈਲ (ਗੁਰਜੀਤ ਰੋਮਾਣਾ)- ਜ਼ਿਲ੍ਹਾ ਚੋਣ ਅਫਸਰ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਨੇ ਦਸਿਆ ਕਿ 19 ਮਈ ਨੂੰ ਹੋਣ ਜਾ ਰਹੀਆਂ ਆਮ ਲੋਕਾਂ ਸਭਾ ਚੌਣਾਂ ਦੇ ਮਦੇਨਜ਼ਰ ਲੋਕ ਸਭਾ ਹਲਕਾ ਫਰੀਦਕੋਟ-09 ਤੋਂ ਚੌਥੇ ਦਿਨ ਪੰਜਾਬ ਏਕਤਾ ਪਾਰਟੀ ਉਮੀਦਵਾਰ ਮਾਸਟਰ ਬਲਦੇਵ ਸਿੰਘ ਪੁਤਰ ਦਸੌਂਦਾ ਸਿੰਘ ਵਾਸੀ ਫਰੀਦਕੋਟ , ਆਪਣਾ ਸਮਾਜ ਪਾਰਟੀ ਦੇ ਉਮੀਦਵਾਰ ਡਾ. ਸਵਰਨ ਸਿੰਘ ਪੁਤਰ ਸੁਲਖਣ ਸਿੰਘ ਵਾਸੀ ਮੋਗਾ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਸਮੀਕਸ਼ਾ ਸਿੰਘ ਪਤਨੀ ਪ੍ਰਨੀਤ ਸਿੰਘ ਵਾਸੀ ਮੋਗਾ ਵਲੋਂ ਆਪਣੇ ਨਾਮਜ਼ਦਗੀ ਪਤਰ ਭਰੇ ਗਏ ਹਨ।ਉਨ੍ਹਾਂ ਦਸਿਆ ਕਿ ਇਸ ਤਰ੍ਹਾਂ ਹੁਣ ਤੱਕ ਦੋ ਆਜ਼ਾਦ ਉਮੀਦਵਾਰਾਂ, ਇੰਡੀਅਨ ਨੈਸ਼ਨਲ ਕਾਂਗਰਸ, ਪੰਜਾਬ ਏਕਤਾ ਪਾਰਟੀ ਅਤੇ ਆਪਣਾ ਸਮਾਜ ਪਾਰਟੀ ਉਮੀਦਵਾਰਾਂ ਸਮੇਤ ਕੁਲ 6 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪਤਰ ਭਰੇ ਜਾ ਚੁਕੇ ਹਨ।ਜ਼ਿਲ੍ਹਾ ਚੋਣ ਅਫਸਰ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਉਮੀਦਵਾਰਾਂ ਵਲੋਂ ਨਾਮਜ਼ਦਗੀ ਪਤਰ 29 ਅਪ੍ਰੈਲ ਤਕ ਦਾਖਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪਤਰ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤਕ ਹੀ ਦਾਖ਼ਲ ਕੀਤੇ ਜਾਣਗੇ ਜਦਕਿ ਸ਼ਨਿਚਰਵਾਰ ਅਤੇ ਐਤਵਾਰ ( ਮਿਤੀ 27 ਅਤੇ 28 ਅਪ੍ਰੈਲ ) ਨੂੰ ਸਰਕਾਰੀ ਛੁਟੀ ਹੋਣ ਕਾਰਣ ਨਾਮਜ਼ਦਗੀ ਪਤਰ ਨਹੀਂ ਲਏ ਜਾਣਗੇ। ਦਾਖ਼ਲ ਹੋਏ ਨਾਮਜ਼ਦਗੀ ਪਤਰਾਂ ਦੀ ਪੜਤਾਲ 30 ਅਪ੍ਰੈਲ ਨੂੰ ਹੋਵੇਗੀ ਅਤੇ 2 ਮਈ ਨੂੰ ਚੋਣ ਨਾ ਲੜਣ ਦੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪਤਰ ਵਾਪਸ ਲੈ ਸਕਣਗੇ। 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ।