ਐਸ.ਏ.ਐਸ. ਨਗਰ, 25 ਅਪ੍ਰੈਲ (ਗੁਰਵਿੰਦਰ ਸਿੰਘ ਮੋਹਾਲੀ)- ਥਾਣਾ ਸੋਹਾਣਾ ਵਿਖੇ ਦਰਜ ਹੋਏ ਜਬਰ-ਜਨਾਹ ਦੇ ਮਾਮਲੇ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਜ਼ਿਲ੍ਹਾ ਐਸ. ਏ.ਐਸ. ਨਗਰ ਦੀ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ।ਇਸ ਸਬੰਧੀ ਇਥੇ ਸਦੀ ਪ੍ਰੈਸ ਕਾਨਫਰੰਸ ਵਿਚ ਆਈ. ਜੀ. ਰੂਪਨਗਰ ਰੇਂਜ ਸ਼੍ਰੀਮਤੀ ਵੀ. ਨੀਰਜਾ ਨੇ ਦਸਿਆ ਕਿ ਥਾਣਾ ਸੋਹਾਣਾ ਦੇ ਏਰੀਏ ਵਿਚ 15 ਅਪ੍ਰੈਲ 2019 ਨੂੰ ਇਕ ਕਾਰ ਸਵਾਰ ਵਲੋਂ ਕਾਲ ਸੈਂਟਰ ਦੀ ਮੁਲਾਜ਼ਮ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਥਾਣਾ ਸੋਹਾਣਾ ਵਿਖੇ 16 ਅਪ੍ਰੈਲ ਨੂੰ ਆਈ. ਪੀ. ਸੀ. ਧਾਰਾ 376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਤਫਤੀਸ਼ ਲਈ ਜ਼ਿਲ੍ਹਾ ਪੁਲਿਸ ਮੁਖੀ ਐਸ. ਏ. ਐਸ. ਨਗਰ ਸ. ਹਰਚਰਨ ਸਿੰਘ ਭੁਲਰ ਦੀ ਨਿਗਰਾਨੀ
ਹੇਠ ਐਸ. ਪੀ. (ਜਾਂਚ) ਸ਼੍ਰੀ ਵਰੁਣ ਸ਼ਰਮਾ, ਐਸ. ਪੀ. (ਸਿਟੀ) ਮੁਹਾਲੀ ਸ. ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ. (ਸਿਟੀ-2) ਮੁਹਾਲੀ ਸ. ਰਮਨਦੀਪ ਸਿੰਘ, ਡੀ. ਐਸ. ਪੀ. (ਜਾਂਚ ) ਸ. ਗੁਰਦੇਵ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇੰਚਾਰਜ ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਟ ਖਰੜ ਇੰਸਪੈਕਟਰ ਸ. ਸਤਵੰਤ ਸਿੰਘ ਸਿਧੂ ਅਤੇ ਐਸ. ਆਈ. ਸੁਖਦੀਪ ਕੌਰ ਨੇ ਜਾਂਚ-ਪੜਤਾਲ ਕੀਤੀ। ਆਈ. ਜੀ. ਨੇ ਦਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਵਿਚ ਵਰਤੀ ਗਈ ਈਟੀਓਸ ਲੀਵਾ ਕਾਰ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦਸਿਆ ਕਿ ਸ਼ਨਾਖਤੀ ਪਰੇਡ ਕਰਵਾਉਣ ਕਾਰਨ ਮੁਲਜ਼ਮ ਦਾ ਨਾਂ ਗੁਪਤ ਰਖਿਆ ਗਿਆ ਹੈ। ਮੁਲਜ਼ਮ ਨੇ ਚਾਰ ਹੋਰ ਲੜਕੀਆਂ ਨਾਲ ਛੇੜਛਾੜ ਅਤੇ ਚਾਰ ਲੜਕੀਆਂ ਨਾਲ ਜਬਰ-ਜਨਾਹ ਦਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਇਹ ਕੇਸ ਪੁਲਿਸ ਕੋਲ ਦਰਜ ਨਹੀਂ ਹੋਏ ਸਨ। ਹੁਣ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਕੇਸਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਸ਼੍ਰੀਮਤੀ ਵੀ. ਨੀਰਜਾ ਨੇ ਦਸਿਆ ਕਿ ਮੁਲਜ਼ਮ ਨੇ 12-13 ਅਕਤੂਬਰ 2018 ਦੀ ਰਾਤ ਨੂੰ ਫੇਜ਼-5 ਵਿਚੋਂ 13 ਸਾਲ ਦੀ ਲੜਕੀ ਨੂੰ ਅਗਵਾ ਕੀਤਾ ਸੀ। ਇਸ ਸਬੰਧੀ ਫੇਜ਼-1 ਦੇ ਥਾਣੇ ਵਿਚ ਕੇਸ ਦਰਜ ਹੈ।