ਬਠਿੰਡਾ, 25 ਅਪ੍ਰੈਲ (ਸੁਖਵਿੰਦਰ ਸਰਾਂ)- ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ਕਰਵਾਏ।ਇਸ ਮੌਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਪਸ਼ਟ ਕੀਤਾ ਕਿ ਭਾਜਪਾ ਦੇ ਕੰਟਰੋਲ ਹੇਠਲੇ ਭਾਰਤੀ ਚੋਣ ਕਮਿਸ਼ਨ ਪਾਸੋਂ ਵਿਸ਼ੇਸ਼ ਜਾਂਚ ਟੀਮ ਦੇ ਅਫ਼ਸਰ ਦਾ ਤਬਾਦਲਾ ਕਰਵਾ ਕੇ ਬਾਦਲ ਬਰਗਾੜੀ ਅਤੇ ਕੋਟਕਪੂਰਾ ਗੋਲੀਕਾਂਡ ਦੇ ਕੇਸਾਂ ਦੀ ਜਾਂਚ ਤੋਂ ਭੱਜ ਨਹੀਂ ਸਕਦੇ।ਬਰਗਾੜੀ ਅਤੇ ਕੋਟਕਪੂਰਾ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਮੁਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਸੱਤਾਧਾਰੀ ਭਾਜਪਾ ਨਾਲ ਸਾਂਝ ਦਾ ਪ੍ਰਭਾਵ ਵਰਤ ਕੇ ਚੋਣ ਕਮਿਸ਼ਨ ਪਾਸੋਂ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਤੋਂ ਡੀ.ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾ ਕੇ ਬਾਦਲ ਜਾਂਚ ਤੋਂ ਬਚ ਨਹੀਂ ਸਕਦੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਚੋਣ ਕਮਿਸ਼ਨ ਭਾਜਪਾ ਨਾਲ ਸਬੰਧ ਰਖਦਾ ਹੈ ਅਤੇ ਇਸ ਅਫਸਰ ਨੂੰ ਜਾਂਚ ਟੀਮ ਤੋਂ ਹਟਵਾ ਦਿਤਾ ਜਦਕਿ ਚਲ ਰਹੀ ਜਾਂਚ ਵਿਚ ਅਦਾਲਤਾਂ ਵੀ ਦਖ਼ਲ ਨਹੀਂ ਦਿੰਦੀਆਂ।‘‘ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਮੁੱਕ ਗਈਆਂ ਤਾਂ ਇਹ ਅਫਸਰ ਹੀ ਮਾਮਲੇ ਦੀ ਜਾਂਚ ਕਰਨਗੇ ਅਤੇ ਇਸ ਜਾਂਚ ਨੂੰ ਸਿਟੇ ‘ਤੇ ਪਹੁੰਚਾਉਣਗੇ।ਮੁਖ ਮੰਤਰੀ ਨੇ ਕਿਹਾ, ‘‘ਬਾਦਲਾਂ ਨੇ ਕੁਝ ਸਮੇਂ ਲਈ ਤਾਂ ਜਾਂਚ ‘ਚ ਰੋੜਾ ਅਟਕਾਉਣ ਦਾ ਹੀਲਾ ਕਰ ਲਿਆ ਪਰ ਉਨਾਂ ਨੂੰ ਆਖਰ ਵਿਚ ਭੁਗਤਣਾ ਪਵੇਗਾ।‘‘ ਮੁਖ ਮੰਤਰੀ ਨੇ ਪ੍ਰਣ ਕੀਤਾ ਕਿ ਜਾਂਚ ਵਿਚ ਅਪਰਾਧ ਲਈ ਦੋਸ਼ੀ ਪਾਇਆ ਜਾਣ ਵਾਲਾ ਸਜ਼ਾ ਤੋਂ ਬਚ ਕੇ ਨਹੀਂ ਭਜ ਸਕੇਗਾ। ਉਹ ਅਜ ਫਰੀਦਕੋਟ ਵਿਖੇ ਜਨਤਕ ਰੈਲੀ ਨੂੰ ਸੰਬਧੋਨ ਕਰ ਰਹੇ ਸਨ ਜਿਥੋਂ ਪਾਰਟੀ ਉਮੀਦਵਾਰ ਮੁਹੰਮਦ ਸਦੀਕ ਨੇ ਆਪਣੇ ਨਾਮਜ਼ਦਗੀ ਪਤਰ ਦਾਖ਼ਲ ਕੀਤੇ।ਬਰਗਾੜੀ ਅਤੇ ਕੋਟਕਪੂਰਾ ਗੋਲੀਕਾਂਡ ਬਾਰੇ ਪ੍ਰਕਾਸ਼ ਸਿੰਘ ਬਾਦਲ ਵਲੋਂ ਅਣਜਾਣਤਾ ਪ੍ਰਗਟਾਉਣ ਦੇ ਕੀਤੇ ਦਾਅਵੇ ‘ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਨੂੰ ਕੋਰਾ ਝੂਠ ਦਸਿਆ। ਮੌਜੂਦਾ ਚੋਣਾਂ ਨੂੰ ਭਾਰਤ ਦੇ ਭਵਿਖ ਲਈ ਜੰਗ ਦਸਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਜੁਮਲਿਆਂ ਦੇ ਨਾਲ ਪਿਛਲੀਆਂ ਚੋਣਾਂ ਜਿਤੀਆਂ ਸਨ ਪਰ ਹੁਣ ਲੋਕ ਉਸ ਵਲੋਂ ਉਸ ਸਮੇਂ ਕੀਤੇ ਵਾਅਦਿਆਂ ਦਾ ਜਵਾਬ ਪੁਛ ਰਹੇ ਹਨ। ਉਨਾਂ ਕਿਹਾ ਕਿ ਭਾਜਪਾ ਆਪਣੇ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਰਹੀ ਹੈ ਅਤੇ ਇਸ ਨੇ ਦੇਸ਼ ਅਤੇ ਇਸ ਦੇ ਅਰਥਚਾਰੇ ਨੂੰ ਤਬਾਹ ਕਰ ਦਿਤਾ ਹੈ। ਇਸ ਦੇ ਨਾਲ ਹੀ ਇਹ ਦੇਸ਼ ਦੀਆਂ ਧਰਮ ਨਿਰਪਖ ਅਤੇ ਜਮਹੂਰੀ ਤੰਦਾ ਨੂੰ ਤਹਿਸ ਨਹਿਸ ਕਰ ਰਹੀ ਹੈ । ਉਨਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਨੂੰ ਮੁਆਫ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੇਠਲੇ ਪਧਰ ‘ਤੇ ਆ ਰਹੀਆਂ ਰਿਪੋਰਟਾਂ ਅਨੁਸਾਰ ਭਾਜਪਾ ਦੀ ਪੁਠੀ ਗਿਣਤੀ ਸ਼ੁਰੂ ਹੋ ਚੁਕੀ ਹੈ। ਉਨਾਂ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਨਾਲ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਜਿਤੇਗੀ।