ਰਾਜਨ ਮਾਨ
ਅੰਮ੍ਰਿਤਸਰ, 21 ਅਪ੍ਰੈਲ-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਵਿਚਕਾਰ ਟੱਕਰ ਫਸਵੀਂ ਹੋ ਗਈ ਹੈ ਅਤੇ ਇਸ ਸੀਟ ਤੇ ਕੈਪਟਨ, ਬਾਦਲ ਤੇ ਜੇਤਲੀ ਦਾ ਵਕਾਰ ਦਾਅ ਤੇ ਲੱਗਾ ਹੋਇਆ ਹੈ। ਅਕਾਲੀ ਦਲ ਕੈਪਟਨ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਕੇ ਹੁਣ ਪਾਰਟੀ ਵਿਚੋਂ ਕੱਢੇ ਆਗੂਆ ਨੂੰ ਆਪ ਵਾਜਾਂ ਮਾਰਕੇ ਉਹਨਾਂ ਦੇ ਘਰੀਂ ਜਾ ਕੇ ਵਾਪਿਸ ਪਾਰਟੀ ਵਿੱਚ ਸ਼ਾਮਿਲ ਕਰ ਰਿਹਾ
ਹੈ। ਅਕਾਲੀ ਦਲ ਵਲੋਂ ਘਰ ਬੈਠਿਆਂ ਸੀਟ ਜਿੱਤਕੇ ਦੇਣ ਦੇ ਸੁਪਨੇ ਵਿਖਾਏ ਜਾਣ ਕਾਰਨ ਮੈਦਾਨ ਵਿੱਚ ਉਤਰੇ ਜੇਤਲੀ ਪਰਿਵਾਰ ਨੂੰ ਹੁਣ ਘਰ ਬਾਹਰ ਛੱਡਕੇ ਗਲੀਆਂ,ਮਹੱਲਿਆਂ ਤੇ ਪਿੰਡਾਂ ਦੀ ਧੂੜ ਫੱਕਣੀ ਪੈ ਰਹੀ ਹੈ।ਅਕਾਲੀ ਦਲ ਭਾਜਪਾ ਤੇ ਕੈਪਟਨ ਵਲੋਂ ਇਸ ਸੀਟ ਤੇ ਕਰੋਂ ਜਾਂ ਮਰੋ ਵਾਲੀ ਨੀਤੀ ਅਪਣਾਈ ਗਈ ਹੈ। ਇਹ ਸੀਟ ਤਿੰਨ ਮੁੱਖ ਸਿਆਸੀ ਆਗੂਆਂ ਕੈਪਟਨ ,ਪ੍ਰਕਾਸ਼ ਸਿੰਘ ਬਾਦਲ ਤੇ ਜੇਤਲੀ ਦੇ ਸਿਆਸੀ ਭਵਿੱਖ ਲਈ ਵੀ ਅਹਿਮ ਮੰਨੀ ਜਾ ਰਹੀ ਹੈ। ਜੇਕਰ ਇਸ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਜਾਂਦੇ ਹਨ ਤਾਂ ਉਹਨਾਂ ਦਾ ਸਿਆਸੀ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ ਅਤੇ ਜੇਕਰ ਜੇਤਲੀ ਸੀਟ ਹਾਰ ਜਾਂਦੇ ਹਨ ਤਾਂ ਉਹਨਾਂ ਵਲੋਂ ਲੜੀ ਗਈ ਪਹਿਲੀ ਸਿਆਸੀ ਲੜਾਈ ਵਿੱਚ ਹੋਈ ਹਾਰ ਵੀ ਉਹਨਾਂ ਦੇ ਕੱਦ ਨੂੰ ਵੱਡੀ ਸੱਟ ਮਾਰੇਗੀ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਆਪ ਜਾ ਕੇ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਣ ਤੇ ਜਿਤਾਕੇ ਭੇਜਣ ਦਾ ਦਾਅਵਾ ਕਰਕੇ ਲੈ ਕੇ ਆਏ ਸਨ ਦੇ ਵੀ ਸਿਆਸੀ ਭਵਿੱਖ ਦੇ ਸਵਾਲ ਖੜੇ ਹੋਣਗੇ। ਕਿਉਂਕਿ ਜੇਕਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੇ ਤੇ ਜੇਤਲੀ ਸੀਟ ਹਾਰ ਜਾਂਦੇ ਹਨ ਤਾਂ ਬਾਦਲ ਪਰਿਵਾਰ ਕਿਸ ਮੂੰਹ ਨਾਲ ਹਰਸਿਮਰਤ ਕੌਰ ਬਾਦਲ ਲਈ ਚੰਗੀ ਮਨਿਸਟਰੀ ਮੰਗਣਗੇ। ਇਹ ਸੀਟ ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਅਹਿਮ ਮੰਨੀ ਜਾ ਰਹੀ ਹੈ ਕਿਉਂ ਕਿ ਇਸ ਉਪਰ ਪੰਜਾਬ ਤੇ ਦੇਸ਼ ਦੇ ਨੇਤਾਵਾ ਦਾ ਸਿਆਸੀ ਭਵਿੱਖ ਦਾਅ ਤੇ ਲੱਗਾ ਹੋਇਆ ਹੈ।
ਕੁੰਡੀ ਫਸਵੀਂ ਹੋਣ ਕਾਰਨ ਮੁੱਖ ਮੰਤਰੀ ਨੇ ਚੋਣ ਕਮਾਂਡ ਆਪਣੇ ਹੱਥ ਲੈ ਲਈ ਹੈ ਅਤੇ ਉਹ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੀ ਹਲਕੇ ਅੰਦਰ ਰੈਲੀਆਂ ਕਰ ਰਹੇ ਹਨ। ਪਹਿਲਾਂ ਮੁੱਖ ਮੰਤਰੀ ਬਾਦਲ ਨੇ ਇਸ ਸੀਟ ਦੀ ਜਿੰਮੇਵਾਰੀ ਬਿਕਰਮ ਮਜੀਠੀਆ ਨੂੰ ਸੌਂਪੀ ਸੀ ਪਰ ਹੁਣ ਹਾਲਾਤ ਵਿਗੜਦੇ ਵੇਖ ਉਹ ਆਪ ਇਸ ਹਲਕੇ ਤੇ ਨਜ਼ਰ ਰੱਖ ਰਹੇ ਹਨ। ਕਾਂਗਰਸ ਵਲੋਂ ਨਸ਼ਿਆਂ ਦੇ ਕਾਰੋਬਾਰ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਨੇ ਵੀ ਅਕਾਲੀ ਦਲ ਤੇ ਭਾਜਪਾ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਕਾਂਗਰਸ ਵਲੋਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੈ ਕੇ ਸਰਕਾਰ ਨੂੰ ਲੋਕਾ ਵਿੱਚ ਭੰਡਿਆ ਜਾ ਰਿਹਾ ਹੈ। ਜਦ ਕਿ ਅਕਾਲੀ ਦਲ ਤੇ ਭਾਜਪਾ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਤੇ ਘੁਟਾਲਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਕਾਲੀ ਦਲ ਨੇ ਹਾਲਾਤਾਂ ਨੂੰ ਵੇਖਦਿਆਂ ਹੁਣ ਪਾਰਟੀ ਵਿਚੋਂ ਕੱਢੇ ਆਗੂਆਂ ਨੂੰ ਮਨਾਕੇ ਕੇ ਵਾਪਿਸ ਲਿਆਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਪਹਿਲਾਂ ਮੁੱਖ ਮੰਤਰੀ ਸ. ਬਾਦਲ ਨੇ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਤੇ ਫਿਰ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਕੰਗ ਨੂੰ ਉਹਨਾ ਦੇ ਘਰੀਂ ਜਾ ਕੇ ਮਨਾਇਆ ਹੈ। ਬਾਦਲ ਵਲੋਂ ਆਪ ਜਾ ਕੇ ਇਹਨਾਂ ਆਗੂਆਂ ਨੂੰ ਮਨਾ ਕੇ ਪਾਰਟੀ ਵਿੱਚ ਸ਼ਾਮਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਬਾਦਲ ਨੂੰ ਅੱਜ ਦੀ ਤਰੀਕ ਵਿੱਚ ਸਭ ਅੱਛਾ ਨਜ਼ਰ ਨਹੀਂ ਆ ਰਿਹਾ। ਕੰਗ ਜਿਸਦੀ ਮਜੀਠੀਆ ਤੇ ਸੁਖਬੀਰ ਨਾਲ ਵੱਡੀ ਵਿਰੋਧਤਾ ਹੈ ਨੂੰ ਪਾਰਟੀ ਵਿੱਚ ਲਿਆਉਣਾ ਇਸ ਗੱਲ ਦਾ ਵੀ ਸੰਕੇਤ ਹੈ ਕੇ ਬਾਦਲ ਸਿਰਫ ਮਜੀਠੀਆ ਦੇ ਭਰੋਸੇ ਤੇ ਨਹੀਂ ਹਨ ਅਤੇ ਕਿਤੇ ਨਾ ਕਿਤੇ ਬਾਦਲ ਵਲੋਂ ਇਹ ਕਦਮ ਚੁੱਕੇ ਜਾਣੇ ਇਸ ਗੱਲ ਦਾ ਸੰਕੇਤ ਵੀ ਦੇ ਰਹੇ ਹਨ ਕੇ ਉਹਨਾ ਨੂੰ ਮਜੀਠੀਆ ਦੀ ਲੋਕਾਂ ਵਿੱਚ ਪਕੜ ਪਹਿਲਾਂ ਨਾਲੋਂ ਘੱਟ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਮਜੀਠਾ ਵਿਖੇ ਕਾਂਗਰਸ ਵਲੋਂ ਕੀਤੀ ਗਈ ਵੱਡੀ ਰੈਲੀ ਨੇ ਵੀ ਅਕਾਲੀ ਦਲ ਦੀ ਨੀਂਦ ਹਰਾਮ ਕੀਤੀ ਹੈ। ਮਜੀਠਾ ਰੈਲੀ ਵਿੱਚ ਕਾਂਗਰਸ ਨੇ ਵੀ ਆਸ ਤੋਂ ਵੱਧ ਹੋਏ ਇਕੱਠ ਨੂੰ ਵੇਖਕੇ ਸਪੀਡ ਫੜ ਲਈ ਹੈ ਅਤੇ ਇਸ ਰੈਲੀ ਦਾ ਦੂਸਰੇ ਹਲਕਿਆਂ ਵਿੱਚ ਵੀ ਸੁਣੇਹਾਂ ਗਿਆ ਹੈ। ਦੋਹਾਂ ਉਮੀਦਵਾਰਾਂ ਤੇ ਉਹਨਾ ਦੇ ਸਮਰਥਕਾਂ ਵਲੋਂ ਲੋਕ ਮੁੱਦਿਆਂ ਦੀ ਥਾਂ ਤੇ ਇੱਕ ਦੂਸਰੇ ਉਪਰ ਹੀ ਇਲਜ਼ਾਮ ਬਾਜ਼ੀ ਕੀਤੀ ਜਾ ਰਹੀ ਹੈ। ਲੋਕ ਮੁੱਦੇ ਇਹਨਾ ਆਗੂਆਂ ਦੀ ਆਪਸੀ ਲੜਾਈ ਦੀ ਧੂੜ ਵਿੱਚ ਹੀ ਗੁਆਚ ਕੇ ਰਹਿ ਗਏ ਹਨ।
ਇਸ ਹਲਕੇ ਅੰਦਰ 14 ਲੱਖ ਦੇ ਕਰੀਬ ਵੋਟਰ ਹੈ ਅਤੇ ਇਸ ਦਾ ਬਹੁਤਾ ਹਿੱਸਾ ਪੇਂਡੂ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਸ਼ਹਿਰ ਵਿਚੋਂ 48000 ਦੇ ਕਰੀਬ ਲੀਡ ਲੈ ਕੇ ਗਿਆ ਸੀ ਅਤੇ ਇਹ ਲੀਡ ਪੇਂਡੂ ਹਲਕਿਆਂ ਵਿਚੋਂ ਘਟੀ ਸੀ ਜਿਸ ਕਾਰਨ ਭਾਜਪਾ ਦੇ ਸਿੱਧੂ ਨੂੰ ਜਿੱਤ ਪ੍ਰਾਪਤ ਹੋਈ ਸੀ। ਅੰਮ੍ਰਿਤਸਰ ਇੱਕ ਅਜਿਹਾ ਸ਼ਹਿਰ ਹੈ ਜਿਥੋਂ ਪੰਥਕ ਗਤੀਵਿਧੀਆਂ ਸ਼ੁਰੂ ਹੁੰਦੀਆਂ ਹਨ ਅਤੇ ਅਜਿਹੇ ਸਿੱਖ ਰਹਿਨੁਮਾ ਹਲਕੇ ਵਿੱਚ ਭਾਜਪਾ ਵਲੋਂ ਅਜਿਹਾ ਪੱਤਾ ਖੇਡਣਾ ਉਸਨੂੰ ਮਹਿੰਗਾ ਵੀ ਪੈ ਸਕਦਾ ਹੈ। ਅਕਾਲੀ ਦਲ ਤੇ ਭਾਜਪਾ ਦੀ ਹਮੇਸ਼ਾਂ ਹੀ ਪੰਥਕ ਮੁੱਦਿਆਂ ਤੇ ਅਲੱਗ ਅਲੱਗ ਸੁਰ ਰਹੇ ਹਨ। ਕੈਪਟਨ ਅਮਰਿੰਦਰ ਵੀ ਆਪਣੇ ਆਪ ਨੂੰ ਪੰਥਕ ਵਿਚਾਰਧਾਰਾ ਵਾਲਾ ਆਗੂ ਦੱਸਕੇ ਲੋਕਾਂ ਵਿੱਚ ਪਹਿਲਾਂ ਵੀ ਕਈ ਵਾਰ ਗਏ ਹਨ। ਅਕਾਲੀ ਦਲ ਹੁਣ ਇਸ ਨਾਜ਼ੁਕ ਮੋੜ ਤੇ ਕਿਸੇ ਤਰ੍ਹਾ ਦਾ ਨਵਾਂ ਵਿਵਾਦ ਛੇੜਣਾ ਨਹੀਂ ਚਾਹੁੰਦਾ। ਅਕਾਲੀ ਦਲ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਅੰਮ੍ਰਿਤਸਰ ਦੇ ਹਲਕੇ ਵਿੱਚ 65 ਫੀਸਦੀ ਸਿੱਖ ਵੋਟ ਹੈ ਅਤੇ ਕੈਪਟਨ ਇੱਕ ਸਿੱਖ ਹੋਣ ਕਰਕੇ ਵੀ ਇਸਦਾ ਫਾਇਦਾ ਲੈ ਸਕਦਾ ਹੈ। ਇਸ ਸਮੇਂ ਅਕਾਲੀ ਦਲ ਲਈ ਇਹ ਮੁੱਦੇ ਉਠਾਉਣਾ ਜਾਂ ਨਾ ਉਠਾਉਣਾ ਵੱਡੀ ਚੁਣੌਤੀ ਬਣੇ ਹੋਏ ਹਨ। ਗਰਮਖਿਆਲੀ ਵੀ ਬਾਦਲਾਂ ਨਾਲੋਂ ਕੈਪਟਨ ਨੂੰ ਵਧੇਰੇ ਪਸੰਦ ਕਰਦੇ ਹਨ ਅਤੇ ਇਹ ਵੋਟ ਵੀ ਕੈਪਟਨ ਲਿਜਾਣ ਵਿੱਚ ਸਫਲ ਹੋ ਸਕਦੇ ਹਨ। ਹਾਲਦੀ ਘੜੀ ਕਾਂਗਰਸ ਲਈ ਸਭ ਅੱਛਾ ਨਜ਼ਰ ਆ ਰਿਹਾ ਹੈ। ਭਾਜਪਾ ਉਮੀਦਵਾਰ ਨੂੰ ਲੋਕਾਂ ਦੇ ਸਰਕਾਰ ਪ੍ਰਤੀ ਗੁੱਸੇ ਦਾ ਵੀ ਸ਼ਿਕਾਰ ਹੋਣਾ ਪਵੇਗਾ। ਹਾਲ ਹੀ ਵਿੱਚ ਸੰਤ ਸਮਾਜ ਵਲੋਂ ਭਾਜਪਾ ਦੇ ਹੱਕ ਵਿੱਚ ਵੋਟਾਂ ਨਾ ਪਾਉਣ ਦੇ ਕੀਤੇ ਗਏ ਫੈਸਲੇ ਕਾਰਨ ਵੀ ਅਕਾਲੀ ਦਲ ਨੂੰ ਗਰਮ ਖਿਆਲੀ ਵੋਟ ਹਥੋਂ ਨਿਕਲਣ ਦਾ ਡਰ ਹੈ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਯੂਥ ਆਗੂ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵਲੋਂ ਜੇਤਲੀ ਨੂੰ ਕਿੰਨੇ ਵੱਡੇ ਪੱਧਰ ਤੇ ਸਿੱਖ ਵੋਟ ਪੁਆਈ ਜਾਂਦੀ ਹੈ। ਜੇਤਲੀ ਦੀ ਬੇੜੀ ਨੂੰ ਚੋਣਾਂ ਦੇ ਸਮੰਦਰੋਂ ਪਾਰ ਲਾਉਣ ਲਈ ਅਕਾਲੀ ਦਲ ਹੀ ਮਲਾਹ ਹੈ । ਪਿਛਲੀ ਵਾਰ ਕਾਂਗਰਸ ਦੀ ਆਪਸੀ ਫੁੱਟ ਕਾਰਨ ਕਾਂਗਰਸੀ ਉਮੀਦਵਾਰ ਸੋਨੀ ਰਾਜਾ ਸਾਂਸੀ ਹਲਕੇ ਜਿਸਦੀ ਨੁਮਾਇੰਦਗੀ ਸੁੱਖ ਸਰਕਾਰੀਆ ਕਰਦੇ ਹਨ ਚੋਂ 15000 ਤੋਂ ਵੱਧ ਫਰਕ ਨਾਲ ਹਾਰੇ ਸਨ ਅਤੇ ਇਸੇ ਤਰ੍ਹਾਂ ਅਜਨਾਲਾ ਤੋਂ ਤੇ ਮਜੀਠਾ ਹਲਕੇ ਤੋਂ ਵੀ ਹਾਰੇ ਸਨ। ਪਿਛਲੀ ਵਾਰ ਸੁੱਖ ਸਰਕਾਰੀਆ ਤੇ ਸੋਨੀਂ ਵਿੱਚ ਸਭ ਅੱਛਾ ਨਹੀਂ ਸੀ ਅਤੇ ਹੁਣ ਕੈਪਟਨ ਦੇ ਆਉਣ ਕਾਰਨ ਸੁੱਖ ਸਰਕਾਰੀਆ ਅੱਗੇ ਹੋ ਕੇ ਜ਼ੋਰ ਲਾ ਰਹੇ ਹਨ। ਜੇਤਲੀ ਨੂੰ ਸਿੱਖ ਵੋਟ ਸਿਰਫ ਅਕਾਲੀ ਦਲ ਕਰਕੇ ਹੀ ਪੈਣੀ ਹੈ ਜਦਕਿ ਕੈਪਟਨ ਪਾਰਟੀ ਦੀ ਥਾਂ ਆਪਣੀ ਪਹਿਚਾਣ ਕਾਰਨ ਵੀ ਸਿੱਖ ਵੋਟ ਲਿਜਾਣਗੇ।
ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਤੇ ਭਾਜਪਾ ਦੇ ਸੀਨੀਅਰ ਲੀਡਰ ਵੀ ਅੰਮਿਤਸਰ ਪ੍ਰਚਾਰ ਕਰਨ ਆ ਰਹੇ ਹਨ। ਜਿਥੇ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਦੇ ਨਰਿੰਦਰ ਮੋਦੀ ਪ੍ਰਚਾਰ ਕਰਨ ਆ ਰਹੇ ਹਨ ਉਥੇ ਸੋਨੀਆਂ ਗਾਂਧੀ ਵੀ ਅ ਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਚੋਣ ਪ੍ਰਚਾਰ ਹੋਰ ਭਖੇਗਾ। ਜੇਤਲੀ ਦੇ ਪ੍ਰਚਾਰ ਲਈ ਵੱਡੀ ਗਿਣਤੀ ਵਿੱਚ ਫਿਲਮ ਸਟਾਰ ਤੇ ਹੋਰ ਕਈ ਆਗੂ ਪ੍ਰਚਾਰ ਕਰਨ ਲਹੀ ਆ ਰਹੇ ਹਨ। ਕੈਪਟਨ ਤੇ ਜੇਤਲੀ ਵਲੋਂ ਆਰ ਪਾਰ ਦੀ ਲੜਾਈ ਲੜੀ ਜਾ ਰਹੀ ਹੈ। ਅੱਜ ਸਾਰੇ ਪੰਜਾਬ ਦੀਆਂ ਨਿਗਾਹਾਂ ਇਸ ਸੀਟ ਤੇ ਹਨ।



