ਲੁਧਿਆਣਾ, 22 ਅਪ੍ਰੈਲ (ਜਸਮੀਤ)-ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੁਧਿਆਣਾ ਦੇ ਸਨਅਤਕਾਰ ਆਪਣਾ ਕਾਰੋਬਾਰ ਮਜ਼ਬੂਰੀ ਕਰਕੇ ਹੋਰਨਾਂ ਸੂਬਿਆਂ ਵਿਚ ਸਥਾਪਿਤ ਕਰਨ ਲੱਗੇ ਹਨ ਜਿੰਨ੍ਹਾਂ ਨੂੰ ਮੁੜ ਲੁਧਿਆਣਾ ਲਿਆ ਕੇ ਸਨਅਤ ਲਗਾਉਣਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਮੇਰਾ ਮੁੱਖ ਨਿਸ਼ਾਨਾ ਹੈ ਕਿਉਂਕਿ ਮੈਂ ਰਾਜ ਦੀ ਨੌਜਵਾਨੀ ਨਾਲ ਜ਼ਮੀਨੀ ਪੱਧਰ ਤੋਂ ਜੁੜਿਆ ਹੋਣ ਕਰਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਨੂੰ ਭਲੀਭਾਂਤ ਸਮਝਦਾ ਹਾਂ। ਇਹ ਪ੍ਰਗਟਾਵਾ ਅੱਜ ਸ਼ਹਿਰ ਦੇ ਨਿਊ ਸ਼ੁਭਾਸ ਨਗਰ 5 ਅਤੇ 7 ਵਾਰਡਾਂ ’ਚ ਰੱਖੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕੀਤਾ। ਉਨ੍ਹਾਂ ਪੰਜਾਬ ਵਿਚ ਵਗ ਰਹੇ
ਨਸ਼ਿਆਂ ਦੇ ਛੇਵੇਂ ਦਰਿਆ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦੋਸ਼ ਲਗਾਇਆ ਕਿ ਹੈਰੋਇਨ, ਸਮੈਕ ਅਤੇ ਹੋਰ ਭਿਆਨਕ ਨਸ਼ਿਆਂ ਦੀ ਤਸਕਰੀ ਵਿਚ ਵਾਧਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿੰਮੇਵਾਰ ਹੈ, ਕਿਉਂਕਿ ਅਕਾਲੀ ਦਲ ਦੇ ਜਥੇਦਾਰ ਨਸ਼ਿਆਂ ਦੇ ਕਾਰੋਬਾਰ ’ਚ ਕਥਿਤ ਤੌਰ ਤੇ ਸ਼ਾਮਲ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਬੇਰੁਜ਼ਗਾਰੀ, ਨਸ਼ੇ ਖੋਰੀ, ਬਿਜਲੀ ਕਰ ਅਤੇ ਪ੍ਰਾਪਰਟੀ ਟੈਕਸ ਵਰਗੇ ਲੋਕ ਵਿਰੋਧੀ ਫੈਸਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲਏ ਹਨ ਜਿਸ ਕਰਕੇ ਇਸ ਗਠਜੋੜ ਦੇ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ ’ਚ ਚੱਲਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਕਿ ਸਮਾਂ ਆਉਣ ਤੇ ਸਮੁੱਚੇ ਥੋਪੇ ਟੈਕਸ ਜਿਥੇ ਮੁਆਫ਼ ਕੀਤੇ ਜਾਣਗੇ ਉਥੇ ਸਨਅਤਕਾਰਾਂ ਨੂੰ ਵੱਡੀਆਂ ਰਿਆਇਤਾਂ ਦੇ ਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਗੰਦਗੀ ਦੀ ਥਾਂ ਤੇ ਹਰਿਆਲੀ ਪੈਦਾ ਕਰਨਾ, ਪ੍ਰਦੂਸ਼ਣ ਘਟਾਉਣਾ ਅਤੇ ਬੁੱਢੇ ਨਾਲੇ ਦੀ ਗੰਦਗੀ ਨੂੰ ਪਲਾਸਟਿਕ ਅਤੇ ਹੋਰ ਥਾਵਾਂ ਲਈ ਵਰਤੋਂ ਕਰਕੇ ਆਮਦਨ ਵਧਾਉਣਾ ਵੀ ਉਨ੍ਹਾਂ ਦੇ ਮੁੱਖ ਕਾਰਜ ਹੋਣਗੇ। ਇਸ ਮੌਕੇ ਜਸਵੀਰ ਕੌਰ ਕਿੰਨਦਾ, ਸੁਰਿੰਦਰ ਸਿੰਘ ਸਿੰਦਾ, ਦਾਰਾ ਟਾਂਕ, ਗੁਰਮੇਲ ਸਿੰਘ ਪਹਿਲਵਾਨ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸ਼ਹਿਰ ਵਾਸੀ ਹਾਜਰ ਸਨ।



