ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਲਈ ਹਰ ਸੰਘਰਸ਼ ਲਈ ਤਿਆਰ : ਮਲੂਕਾ

ਭਗਤਾ ਭਾਈ ਕਾ, 17 ਅਪ੍ਰੈਲ (ਸਵਰਨ ਸਿੰਘ ਭਗਤਾ)- ਸੂਬੇ ਵਿੱਚ ਬੇ-ਮੌਸਮੀ ਬਾਰਿਸ਼ ਅਤੇ ਹਨੇਰੀ ਕਾਰਨ ਕਣਕ ਦੀ ਫਸਲ ਦੀ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਪਈ ਆਰਥਿਕ ਮਾਰ ਦੀ ਪੂਰਤੀ ਲਈ ਸਰਕਾਰ ਤੋਂ ਸਾਬਕਾ ਪੰਚਾਇਤ ਮੰਤਰੀ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨਾਂ ਲਈ ਮੁਆਵਜੇ ਦੀ ਮੰਗ ਕੀਤੀ ਗਈ। ਮਲੂਕਾ ਨੇ ਕਿਹਾ ਕਿ ਕਣਕ ਦੀ ਫਸਲ ਪੂਰੇ ਸੂਬੇ ਵਿੱਚ ਲਗਭਗ ਤਿਆਰ ਸੀ ਤੇ ਪਹਿਲਾ ਤੋਂ ਆਰਥਿਕ ਮੰਦੀ ਦੇ ਸ਼ਿਕਾਰ ਕਿਸਾਨਾਂ ਨੂੰ ਕਣਕ ਦੀ ਫਸਲ ਤੋਂ ਵੱਡੀਆ ਉਮੀਦਾ ਸਨ ਉਹਨਾਂ ਕਿਹਾ ਕਿ ਮੌਸਮ ਦੀ ਮਾਰ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਮਲੂਕਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਲਈ ਸਰਕਾਰ ਤੁਰੰਤ ਨੁਕਸਾਨ ਮੁਤਾਬਿਕ ਮੁਆਵਜੇ ਦਾ ਐਲਾਨ ਕਰੇ । ਉਹਨਾਂ ਕਿਹਾ ਕਿ ਸੂਬੇ ਦਾ ਕਿਸਾਨ ਪਹਿਲਾ ਹੀ ਸਰਕਾਰ ਦੀਆਂ ਗਲਤ ਨੀਤੀਆ ਕਾਰਨ ਖੁਦਕੁਸ਼ੀਆ ਦੇ ਰਾਹ ਪਿਆ ਹੋਇਆ ਹੈ ਤੇ ਫਸਲ ਦੇ ਹੋਏ ਨੁਕਸਾਨ ਕਾਰਨ ਕਿਸਾਨਾਂ ਨੂੰ ਭਾਰੀ ਮਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਹਨਾਂ ਕਿਹਾ ਕਿ ਕਣਕ ਦੀ ਫਸਲ ਜਾਂ ਤਾਂ ਵਿੱਸ਼ ਗਈ ਹੈ ਤੇ ਜਾਂ ਫਿਰ ਕਣਕ ਦਾ ਦਾਣਾ ਮੀਂਹ ਕਾਰਨ ਕਾਲਾ ਪੈਣ ਦਾ ਖਦਸ਼ਾ ਪੈਦਾ ਹੋ ਗਿਆ ਹੈ । ਮਲੂਕਾ ਨੇ ਕਿਹਾ ਕਿ ਸਰਕਾਰ ਤੁਰੰਤ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈ ਕੇ ਵੱਧ ਤੋਂ ਵੱਧ ਮੁਆਵਜੇ ਦਾ ਐਲਾਨ ਕਰੇ ਤੇ ਨਾਲ ਹੀ ਮੰਡੀਆ ਵਿਚ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦੇਵੇ ਕਿ ਉਹ ਖਰਾਬ ਹੋਏ ਦਾਣੇ ਸਮੇਤ ਕਿਸਾਨਾਂ ਦੀ ਪੂਰੀ ਫਸਲ ਦੀ ਖਰੀਦ ਯਕੀਨੀ ਬਣਾਵੇ । ਮਲੂਕਾ ਨੇ ਕਿਹਾ ਕਿ ਸਰਕਾਰ ਮੰਡੀਆਂ ਵਿੱਚ ਬਾਰਦਾਨਾ ਅਤੇ ਢੋਆ-ਢੋਆਈ ਦੇ ਢੁਕਵੇਂ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾਂ ਹੋਵੇ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕਾ ਲਈ ਸੰਘਰਸ਼ ਕਰਦਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਬੰਧਨ ਦੀਆਂ ਸਰਕਾਰਾ ਮੌਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾ ਅਤੇ ਫਸਲਾ ਦੇ ਹੋਏ ਨੁਕਸਾਨ ਦਾ ਮੁਆਵਜਾ ਪਹਿਲ ਦੇ ਅਧਾਰ ਤੇ ਦਿੱਤਾ ਗਿਆ ਹੈ । ਮਲੂਕਾ ਨੇ ਕਿਹਾ ਕਿ ਇਸ ਸਮੇਂ ਕਿਸਾਨਾਂ ਨੂੰ ਆਰਥਿਕ ਮਾਰ ਤੋਂ ਬਚਾਉਣ ਲਈ ਸਰਕਾਰ ਨੇ ਤੁਰੰਤ ਮੁਆਵਜੇ ਦਾ ਐਲਾਨ ਨਾ ਕੀਤਾ ਜਾਂ ਕਿਸਾਨਾਂ ਨੂੰ ਮੰਡੀਆਂ ਵਿਚ ਫਸਲ ਵੇਚਣ ਵਿਚ ਪ੍ਰੇਸ਼ਾਨੀ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਵਿੰਗ ਤੇ ਸਮੁੱਚੀ ਜੱਥੇਬੰਦੀ ਕਿਸਾਨਾਂ ਦੇ ਹੱਕਾ ਲਈ ਹਰ ਸੰਘਰਸ਼ ਲਈ ਤਿਆਰ ਹੈ। ਇਸ ਮੌਕੇ ਉਹਨਾਂ ਦੇ ਨਾਲ ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਮਨਜੀਤ ਸਿੰਘ ਧੁੰਨਾ, ਹਰਿੰਦਰ ਹਿੰਦਾ, ਗਗਨਦੀਪ ਗਰੇਵਾਲ, ਸੂਖਜਿੰਦਰ ਖਾਨਦਾਨ, ਹੈਪੀ ਬਾਂਸਲ, ਜਸਵੰਤ ਭਾਈਰੂਪਾ, ਰਕੇਸ਼ ਗੋਇਲ, ਜਗਮੋਹਨ ਲਾਲ ਭਗਤਾ, ਸੁਰਿੰਦਰ ਜੌੜਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

Send this to a friend