Skip to content
Independent perspectives. Global stories.
BREAKING

ਮਤਦਾਨ ਵਿੱਚ ਹੋ ਰਹੇ ਵਾਧੇ ਨੇ ਰਾਜਨੀਤਕਾਂ ਦੇ ਸਾਹ ਸੂਤੇ!

Share this story

ਜਸਵੰਤ ਸਿੰਘ ‘ਅਜੀਤ’

ਲੋਕਸਭਾ ਦੀਆਂ ਚੋਣਾਂ ਲਈ ਪੜਾਅ-ਵਾਰ ਮਤਦਾਨ ਦੀ ਪ੍ਰਕ੍ਰਿਆ ਅਰੰਭ ਹੋ ਚੁਕੀ ਹੈ, ਜਿਸਦੀ ਸਮਾਪਤੀ ਤੋਂ ਬਾਅਦ ਜਦੋਂ 16 ਮਈ ਨੂੰ ਵੋਟਿੰਗ ਮਸ਼ੀਨਾਂ ਤੋਂ ‘ਪਰਦਾ’ ਉਠਣ ਦੇ ਨਾਲ ਹੀ ਦੇਸ਼ ਦੇ ਭਵਿਖ ਦੇ ਵਿਧਾਤਾ ਤਹਿ ਹੋ ਜਾਣਗੇ। ਇਥੇ ਇਹ ਗਲ ਵਰਨਣਯੋਗ ਹੈ ਕਿ ਇਸ ਵਾਰ ਜਿਸਤਰ੍ਹਾਂ ਮਤਦਾਨ ਦੇ ਪ੍ਰਤੀਸ਼ਤ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ, ਜਿਵੇਂ ਦਿੱਲੀ ਵਿੱਚ ਜੋ ਮਤਦਾਨ ਪਿਛਲੀ ਵਾਰ 51 ਪ੍ਰਤੀਸ਼ਤ ਤਕ ਰਿਹਾ ਸੀ ਉਹ ਇਸ ਵਾਰ 65 ਪ੍ਰਤੀਸ਼ਤ ਹੋ ਨਿਭੜਿਆ ਹੈ, ਇਸੇਤਰ੍ਹਾਂ ਦੂਜੇ ਰਾਜਾਂ ਵਿੱਚ ਪਿਛਲੀ ਵਾਰ ਹੋਏ ਮਤਦਾਨ ਵਿੱਚ 15 ਤੋਂ 25 ਪ੍ਰਤੀਸ਼ਤ ਹੋ ਰਹੇ ਵਾਧੇ ਨੇ ਨਾ ਕੇਵਲ ਰਾਜਸੀ ਮਾਹਿਰਾਂ ਦੇ ਸਾਹ ਸੂਤ ਦਿਤੇ ਹਨ, ਸਗੋਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਦੇ ਵੀ ਮੂੰਹ ਬੰਦ ਕਰਕੇ ਰਖ ਦਿੱਤੇ ਹਨ। ਇਸਦਾ ਕਾਰਣ ਇਹ ਹੈ ਕਿ ਮਤਦਾਨ ਦੇ ਪ੍ਰਤੀਸ਼ਤ ਵਿੱਚ ਇਤਨਾ ਵਾਧਾ ਕਰਨ ਵਿੱਚ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਨੌਜਵਾਨ ਮਤਦਾਤਾਵਾਂ ਦਾ ਯੋਗਦਾਨ ਹੈ, ਜਿਨ੍ਹਾਂ ਨੂੰ ਪਹਿਲੀ ਵਾਰ ਮਤਦਾਨ ਕਰਨ ਦਾ ਅਧਿਕਾਰ ਮਿਲਿਆ ਹੈ ਅਤੇ ਇਨ੍ਹਾਂ ਵਿੱਚ ਵੀ ਬਹੁਤਾ ਉਹ ਨੌਜਵਾਨ ਮਤਦਾਤਾ ਹੈ, ਜਿਸਦੀ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ‘ਕਮਿਟਮੈਂਟ’ ਨਹੀਂ, ਜਿਸਦੀ ਆਪਣੀ ਆਜ਼ਾਦ ਸੋਚ ਹੈ ਤੇ ਕਟੜਪਨ ਤੋਂ ਕੋਹਾਂ ਦੂਰ ਹੈ। ਇਸੇ ਦਾ ਨਤੀਜਾ ਹੈ ਕਿ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੇਤਾ ਆਪਣੀ ਖਿਝ ਮਿਟਾਣ ਲਈ ਦਬੀ ਜ਼ੁਬਾਨ ਵਿੱਚ ਹੀ ਭਾਵੇਂ ਆਪੋ-ਆਪਣੀ ਜਿੱਤ ਹੋਣ ਦੇ ਦਾਅਵੇ ਕਰ ਰਹੇ ਹਨ, ਪਰ ਅੰਦਰੋਂ ਉਨ੍ਹਾਂ ਸਾਰਿਆਂ ਦੇ ਹੀ ਸਾਹ ਸੂਤੇ ਹੋਏ ਹਨ।

ਦੇਸ ਦੇ ਰਜਸੀ ਮਾਹਿਰਾਂ ਦੀ ਮਾਨਤਾ ਹੈ ਕਿ ਇਸ ਸਮੇਂ ਜੋ ਰਾਜਸੀ ਹਾਲਾਤ ਆਮ ਲੋਕਾਂ ਦੀ ਚਰਚਾ ਵਿੱਚ ਹਨ, ਜੇ ਉਹ ਭਵਿਖ ਵਿੱਚ ਵੀ ਬਣੇ ਰਹਿੰਦੇ ਹਨ ਤਾਂ ਇਸ ਵਾਰ ਕੇਂਦਰ ਵਿੱਚਲੀ ਸਰਕਾਰ ਦੇ ਗਠਨ ਵਿੱਚ ਤਿੰਨ ਦੇਵੀਆਂ, ਮਾਇਆ, ਮਮਤਾ ਅਤੇ ਜੈ ਲਲਿਤਾ ਦੀ ਮੁੱਖ ਭੂਮਿਕਾ ਹੋਵੇਗੀ। ਇਸਦਾ ਕਾਰਣ ਇਹੀ ਹੈ ਕਿ ਬੀਤੇ ਕਾਫੀ ਸਮੇਂ ਤੋਂ ਇਲਾਕਾਈ ਪਾਰਟੀਆਂ ਦੀ ਮਹਤੱਤਾ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸਦੇ ਵਿਰੁਧ ਕੌਮੀ ਪਾਰਟੀਆਂ ਦਾ ਘੇਰਾ ਦਿਨ-ਬ-ਦਿਨ ਸਿੰਗੁੜਦਾ ਚਲਿਆ ਜਾ ਰਿਹਾ ਹੈ। ਜਿਸਦਾ ਕਾਰਣ ਇਹ ਹੈ ਕਿ ਅੱਜ ਦਾ ਮਤਦਾਤਾ ਕੌਮੀ ਮੁੱਦਿਆਂ ਨਾਲੋਂ ਵਧੇਰੈ ਇਲਾਕਾਈ ਅਰਥਾਤ ਸਥਾਨਕ ਮੁੱਦਿਆਂ ਤੋਂ ਪ੍ਰੇਰਿਤ ਹੋਣ ਲਗਾ ਹੈ। ਉਸਦੀ ਦਿਲਚਸਪੀ ਕੌਮੀ ਮੁੱਦਿਆਂ ਵਿੱਚ ਲਗਾਤਾਰ ਘਟਦੀ ਜਾ ਰਹੀ ਹੈ। ਇਸੇ ਕਾਰਣ ਉਹ ਨਗਰ ਨਿਗਮਾਂ, ਵਿਧਾਨ ਸਭਾਵਾਂ ਦੀਆਂ ਚੋਣਾਂ ਤੋਂ ਲੈ ਕੇ ਲੋਕਸਭਾ ਦੀਆਂ ਚੋਣਾਂ ਤਕ ਵਿੱਚੋਂ ਸਥਾਨਕ ਮੁੱਦਿਆਂ ਨੂੰ ਤਲਾਸ਼ਣ ਲਗਦਾ ਹੈ। ਫਲਸਰੂਪ ਉਹ ਸਥਾਨਕ ਮੁੱਦਿਆਂ ਵਲ ਧਿਆਨ ਖਿਚਣ ਵਾਲੀਆਂ ਪਾਰਟੀਆਂ ਦੇ ਹੱਕ ਵਿੱਚ ਹੀ ਹੋ ਨਿਭੜਦਾ ਹੈ।
ਇਹੀ ਕਾਰਣ ਹੈ ਕਿ ਇਨ੍ਹਾਂ ਚੋਣਾਂ ਵਿੱਚ ਬਦਲ ਰਹੇ ਮੁੱਦਿਆਂ ਦੇ ਆਧਾਰ ਤੇ ਕੌਮੀ ਰਾਜਨੀਤੀ ਪੁਰ ਤਿੱਖੀ ਨਜ਼ਰ ਰਖਣ ਵਾਲੇ ਰਾਜਸੀ ਮਾਹਿਰ ਵੀ ਹੁਣ ਇਹ ਸਵੀਕਾਰ ਕਰਨ ਲਈ ਮਜਬੂਰ ਹੋਣ ਲਗੇ ਹਨ ਕਿ ਚੋਣਾਂ ਦੀ ਪ੍ਰਕ੍ਰਿਆ ਦੀ ਅਰੰਭਤਾ ਦੇ ਨਾਲ ਉਠਣ ਵਾਲੇ ਕੌਮੀ ਮੁੱਦਿਆਂ ਨੂੰ ਮੁੱਖ ਰਖ ਕੇ, ਦੇਸ਼ ਵਿੱਚ ਜੋ ਰਾਜਸੀ ਮਾਹੌਲ ਬਣਦਾ ਵਿਖਾਈ ਦੇ ਰਿਹਾ ਸੀ, ਉਹ ਚਰਮ ਸੀਮਾ ਤੇ ਪੁਜ, ਆਹਿਸਤਾ-ਆਹਿਸਤਾ ਢਲਣਾ ਸ਼ੁਰੂ ਹੋ ਗਿਆ ਹੈ। ਕੌਮੀ ਆਗੂ ਉਨ੍ਹਾਂ ਕੌਮੀ ਮੁੱਦਿਆਂ ਤੋਂ ਨਾ ਤਾਂ ਬਾਹਰ ਨਿਕਲ ਸਕੇ ਹਨ ਤੇ ਨਾ ਹੀ ਉਨ੍ਹਾਂ ਦਾ ਰੁਖ ਬਦਲਣ ਵਿੱਚ ਹੀ ਸਫਲ ਹੋ ਸਕੇ ਹਨ, ਜਿਨ੍ਹਾਂ ਨੂੰ ਲੈ ਕੇ ਉਹ ਮੈਦਾਨ ਵਿੱਚ ਨਿਤਰੇ ਸਨ। ਸ਼ਾਇਦ ਇਸਦਾ ਕਾਰਣ ਇਹ ਹੈ ਕਿ ਚੋਣਾਂ ਲਈ ਮਤਦਾਨ ਦੀ ਜੋ ਪ੍ਰਕ੍ਰਿਆ 7 ਅਪ੍ਰੈਲ ਤੋਂ ਸ਼ੁਰੂ ਹੋਈ, ਉਹ ਨਤੀਜਿਆਂ ਦੇ ਨਾਲ 16 ਮਈ ਨੂੰ ਜਾ ਖਤਮ ਹੋ ਰਹੀ ਹੈ, ਅਰਥਾਤ ਲਗਾਤਾਰ ਸਵਾ ਮਹੀਨਾ ਚਲਣ ਵਾਲੀ ਇਸ ਮੁਹਿੰਮ ਵਿੱਚ ਰਾਜਸੀ ਆਗੂ ਨਵੇਂ ਮੁੱਦੇ ਕਿਥੋਂ ਲਿਆਂਦੇ? ਉਨ੍ਹਾਂ ਨੇ ਚੋਣ ਪ੍ਰਚਾਰ ਦੇ ਅਰੰਭ ਵਿੱਚ ਜੋ ਮੁੱਦੇ ਇਸ ਵਿਸ਼ਵਾਸ ਨਾਲ ਅਪਨਾਏ ਸਨ ਕਿ ਇਹੀ ਮੁੱਦੇ ਹਨ, ਜਿਨ੍ਹਾਂ ਦੇ ਸਹਾਰੇ ਉਹ ਮਤਦਾਤਾਵਾਂ ਦਾ ਦਿਲ ਜਿਤਣ ਵਿੱਚ ਸਫਲ ਹੋ ਸਕਦੇ ਹਨ, ਉਹੀ ਮੁੱਦੇ ਅੱਜ ਤਕ ਲਗਾਤਾਰ ਚਲਦੇ ਆ ਰਹੇ ਹਨ, ਉਨ੍ਹਾਂ ਵਿੱਚ ਸਿਰਫ ਪੇਸ਼ ਕਰਨ ਦੇ ਲਹਿਜੇ ਵਿੱਚ ਹੀ ਤਬਦੀਲੀ ਆ ਰਹੀ ਹੈ, ਫਲਸਰੂਪ ਬਾਰ-ਬਾਰ ਇਕੋ ਤਰ੍ਹਾਂ ਦੀਆਂ ਹੀ ਗਲਾਂ ਸੁਣਦਿਆਂ ਲੋਕਾਂ ਦੇ ਕੰਨ ਪਕਣ ਲਗੇ ਹਨ।
ਇਤਨਾ ਹੀ ਨਹੀਂ, ਦੇਸ਼ ਦਾ ਮੀਡੀਆ, ਵਿਸ਼ੇਸ਼ ਰੂਪ ਵਿੱਚ ਇਲੈਕਟ੍ਰਾਨਿਕ ਮੀਡੀਆ, ਜਿਸਦੇ ਹਰ ਚੈਨਲ ਦਾ ਘੇਰਾ ਦੇਸ਼ ਹੀ ਨਹੀਂ ਸੰਸਾਰ ਭਰ ਵਿੱਚ ਹੋਇਆ ਹੈ, ਇਨ੍ਹਾਂ ਹੀ ਮੁੱਦਿਆਂ ਨੂੰ ਇਸਤਰ੍ਹਾਂ ਪ੍ਰਚਾਰਦਾ ਅਤੇ ਪ੍ਰਸਾਰਦਾ ਚਲਿਆ ਆ ਰਿਹਾ ਹੈ, ਜਿਵੇਂ ਉਹ ਆਪ ਵੀ ਕਿਸੇ ਇੱਕ ਧਿਰ ਨਾਲ ਬਝ ਗਿਆ ਹੋਵੇ। ਜਿਸ ਕਾਰਣ ਇਹ ਸ਼ੰਕਾ ਪੈਦਾ ਹੋਣਾ ਸੁਭਾਵਕ ਹੈ ਕਿ ਉਸਨੂੰ ਸਬੰਧਤ ਧਿਰ ਨੇ ‘? ਤਾਕਤ’ ਦੇ ਜ਼ੋਰ ਨਾਲ ਆਪਣੇ ਵੱਸ ਵਿੱਚ ਕਰ ਲਿਆ ਹੋਇਆ ਹੈ।
ਖੈਰ, ਇਸ ਵਾਰ ਇਲੈਕਟ੍ਰਿਕ ਮੀਡੀਆ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰੇਂਦਰ ਮੋਦੀ ਨੂੰ ਉਭਾਰਨ ਵਿੱਚ ਜਿਸਤਰ੍ਹਾਂ ਪੂਰਾ ਜ਼ੋਰ ਲਾ ਕੇ ਲਗਾ ਹੋਇਆ ਹੈ, ਉਸਤੋਂ ਤਾਂ ਇਉਂ ਜਾਪਦਾ ਹੈ ਕਿ ਜਿਵੇਂ ਸਾਰੇ ਦੇਸ਼ ਵਿੱਚ ਉਸਦੀ ਹਨੇਰੀ ਇਸਤਰ੍ਹਾਂ ਵਗ ਰਹੀ ਹੈ, ਕਿ ਉਸ ਵਿੱਚ ਉਸਦੇ ਸਾਰੇ ਵਿਰੋਧੀ, ਅਰਥਾਤ ਦੂਸਰੀਆਂ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਮੁਖੀ ਪਤਾ ਨਹੀਂ ਕਿਧਰ ਉ¤ਡ-ਪੁਡ ਗਏ ਹਨ। ਪ੍ਰੰਤੂ ਜਦੋਂ ਆਮ ਲੋਕਾਂ ਨਾਲ ਦੇਸ਼ ਵਿੱਚ ਮੋਦੀ ਦੀ ਹਵਾ ਹੋਣ ਦੀ ਗਲ ਕੀਤੀ ਜਾਂਦੀ ਹੈ ਤਾਂ ਜਵਾਬ ਵਿੱਚ ਕਈ ਖੁਲ੍ਹ ਕੇ ਉਸਦੀ ਹਾਮੀ ਭਰਦੇ ਹਨ, ਪ੍ਰੰਤੂ ਬਹੁਤੇ ਅਜਿਹੇ ਹੁੰਦੇ ਹਨ, ਜੋ ਇਸ ਸੁਆਲ ਦਾ ਜਵਾਬ ਟਾਲ ਨਿਕਲ ਜਾਂਦੇ ਹਨ।
ਇਸੇ ਤਰ੍ਹਾਂ ਜਦੋਂ ਭਾਜਪਾ ਨੇਤਾ ਨਰੇਂਦਰ ਮੋਦੀ ਅਤੇ ਕਾਂਗ੍ਰਸੀ ਨੇਤਾਵਾਂ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਰੈਲੀਆਂ ਵਿੱਚ ਬਹੁਤੀ ਭੀੜ ਹੋਣ ਅਤੇ ‘ਆਪ’ ਦੇ ਨੇਤਾ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਵਿੱਚ ਉਨ੍ਹਾਂ ਦੇ ਮੁਕਾਬਲੇ ਕਿਤੇ ਬਹੁਤ ਹੀ ਘਟ ਭੀੜ ਹੋਣ ਦੇ ਆਧਾਰ ਤੇ ਰਾਜਸੀ ਮਾਹਿਰਾਂ ਨਾਲ ਗਲ ਕੀਤੀ ਜਾਂਦੀ ਹੈ, ਤਾਂ ਉਹ ਬਹੁਤ ਹੀ ਗੰਭੀਰਤਾ ਨਾਲ ਸੋਚ-ਵਿਚਾਰ ਕੇ ਜਵਾਬ ਦਿੰਦੇ ਹਨ, ਕਿ ਕਿਸੇ ਦੀ ਤਾਕਤ ਅੰਦਾਜ਼ਾ ਲਾਣ ਦਾ ਇਹ ਕੋਈ ਪੈਮਾਨਾ ਨਹੀਂ। ਉਨ੍ਹਾਂ ਅਨੁਸਾਰ ਭਾਜਪਾ ਦੇ ਨਰੇਂਦਰ ਮੋਦੀ ਅਤੇ ਕਾਂਗ੍ਰਸ ਦੇ ਸੋਨੀਆ-ਰਾਹੁਲ ਦੀਆਂ ਰੈਲੀਆਂ ਦੇ ਬਹੁਤ ਹੀ ਸਫਲ ਹੋਣ ਦਾ ਪ੍ਰਭਾਵ ਦੇਣ ਲਈ ਵਾਹਨਾਂ ਦੀ ਭਰਪੂਰ ਵਰਤੋਂ ਕਰ ਭੀੜ ਜੁਟਾਈ ਜਾਂਦੀ ਹੈ, ਜਦਕਿ ‘ਆਪ’ ਦੇ ਨੇਤਾ ਕੇਜਰੀਵਾਲ ਦੀਆਂ ਰੈਲੀਆਂ ਵਿੱਚਲੀ ਭੀੜ ਵਿੱਚ ਸ਼ਾਮਲ ਲੋਕੀ ਆਪ ਹੀ ਆਪੋ-ਆਪਣੇ ਸਾਧਨਾਂ ਦੀ ਵਰਤੋਂ ਕਰ ਪੁਜਦੇ ਹਨ। ਇਸੇ ਕਾਰਣ ਭਾਜਪਾ ਅਤੇ ਕਾਂਗਰਸ ਦੀਆਂ ਰੈਲੀਆਂ ਵਿੱਚ ਜੁੜਨ ਵਾਲੀ ਭੀੜ ਇਹ ਪ੍ਰਭਾਵ ਨਹੀਂ ਦੇ ਪਾਂਦੀ ਕਿ ਉਸ ਭੀੜ ਵਿੱਚ ਸ਼ਾਮਲ ਸਾਰੇ ਜਾਂ ਬਹੁਤੇ ਲੋਕੀ ਮਤਦਾਨ ਦੇ ਦਿਨ ਉਸੇ ਪਾਰਟੀ ਦੇ ਹੱਕ ਵਿੱਚ ਹੀ ਹੋ ਨਿਭੜਨਗੇ, ਜਦਕਿ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਵਿੱਚ ਪੁਜੀ ਭੀੜ ਇਹ ਵਿਸ਼ਵਾਸ ਜ਼ਰੂਰ ਪੈਦਾ ਕਰਦੀ ਹੈ ਕਿ ਮਤਦਾਨ ਦੇ ਦਿਨ ਉਸ ਵਿੱਚ ਸ਼ਾਮਲ ਲੋਕਾਂ ਵਿਚੋਂ ਬਹੁਤੇ ਆਮ ਆਦਮੀ ਪਾਰਟੀ ਦੇ ਹਕ ਵਿੱਚ ਭੁਗਣਗੇ। ਇਨ੍ਹਾਂ ਹਾਲਾਤ ਦੇ ਮੱਦੇ-ਨਜ਼ਰ ਜੇ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਇੱਕ ਠੋਸ ਕੌਮੀ ਪਾਰਟੀ ਵਜੋਂ ਆਪਣੀ ਹੋਂਦ ਸਥਾਪਤ ਕਰਨ ਵਿੱਚ ਸਫਲ ਹੋ ਜਾਂਦੀ ਹੈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।
ਗਲ ਦਲ-ਬਦਲ ਦੀ : ਲੋਕਸਭਾ ਦੀਆਂ ਚੋਣਾਂ ਦੀ ਪ੍ਰਕ੍ਰਿਆ ਦਾ ਐਲਾਨ ਹੋਣ ਤੋਂ ਬਾਅਦ, ਜਿਉਂ-ਜਿਉਂ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦੀ ਚੋਣ ਕਰ, ਟਿਕਟਾਂ ਵੰਡਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਤਿਉਂ-ਤਿਉਂ ਮੂਲ ਪਾਰਟੀ ਵਲੋਂ ਟਿਕਟ ਨਾ ਮਿਲਣ ਤੇ ਸੀਨੀਅਰ ਨੇਤਾਵਾਂ ਵਲੋਂ ਨਾਰਾਜ਼ ਹੋ ਦਲ ਬਦਲੀ ਕਰ ਆਪਣੀ ਮੂਲ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੇ ਮੁਕਾਬਲੇ ਚੋਣ ਲੜਨ ਲਈ ਮੈਦਾਨ ਵਿੱਚ ਉਤਰ ਆਣ ਦੀਆਂ ਖਬਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਣ ਤੇ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਦਲਬਦਲੂ ਆਪਣੀ ਮੂਲ ਪਾਰਟੀ ਨੂੰ ਸ਼ਾਇਦ ਥੋੜਾ-ਬਹੁਤ ਹੀ ਨੁਕਸਾਨ ਪਹੁੰਚਾਣ ਵਿੱਚ ਸਫਲ ਹੋ ਸਕਦੇ ਹੋ ਜਾਣ, ਪ੍ਰੰਤੂ ਨਵੀਂ ਪਾਰਟੀ, ਜਿਸਦਾ ਉਹ ਲੜ ਫੜ ਰਹੇ ਹਨ, ਉਨ੍ਹਾਂ ਦੇ ਆਗੂਆਂ ਦਾ ਵਿਸ਼ਵਾਸ ਨਹੀਂ ਜਿਤ ਪਾਂਦੇ। ਉਹ ਉਨ੍ਹਾਂ ਨੂੰ ਆਪਣੇ ਵਿਰੋਧੀ ਵਿਰੁਧ ਵਰਤੇ ਜਾਣ ਦਾ ਇਕ ਕਾਰਗਰ ਹਥਿਆਰ ਹੀ ਸਮਝਦੇ ਹਨ। ਮੌਕਾ ਆਉਂਦਿਆਂ ਹੀ ਉਹ ਉਨ੍ਹਾਂ ਨੂੰ ਕਚਰੇ ਵਿੱਚ ਸੁਟਣ ਤੋਂ ਵੀ ਸੰਕੋਚ ਨਹੀਂ ਕਰਦੇ।  
ਅਤੇ ਅੰਤ ਵਿੱਚ ਕਾਤਰਾਂ : ਹਿੰਦੀ ਦੇ ਇੱਕ ਰਾਸ਼ਟਰੀ ਦੈਨਿਕ ਦਾ ਰਿਪੋਰਟਰ ਇਨ੍ਹਾਂ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਵਸਦੇ ਲੋਕਾਂ ਦਾ ਮਿਜਾਜ਼ ਜਾਨਣ ਲਈ ਦੌਰੇ ਤੇ ਹੈ। ਬੀਤੇ ਦਿਨੀਂ ਗੁਜਰਾਤ ਤੋਂ ਉਸਦੇ ਵਿਕਾਸ ਦੇ ਸਬੰਧ ਵਿੱਚ ਉਸ ਵਲੋਂ ਭੇਜੀ ਇੱਕ ਰਿਪੋਰਟ ਛਪੀ, ਜੋ ਇਸਤਰ੍ਹਾਂ ਸੀ : ਅਹਿਮਦਾਬਾਦ ਦੇ ਰੇਲਵੇ ਸਟੇਸ਼ਨ ਤੋਂ ਕੋਈ ਇੱਕ ਕਿਲੋਮੀਟਰ ਦੂਰ ਪੁਰਾਣੇ ਸ਼ਹਿਰ ਵਿੱਚ ਕਮਲ ਦਾ ਸਟੂਡਿਊ ਹੈ, ਉਸਨੇ ਦਸਿਆ ਕਿ ਉਸਨੇ ਆਪਣੇ ਸਟੂਡਿਊ ਦੀ ਪੁਰਾਣੀ ਬਿਲਡਿੰਗ ਦੀਆਂ ਜਰਜਰ ਹੋਈਆਂ ਦੀਵਾਰਾਂ ਦੀ ਮੁਰੰਮਤ ਲਈ ਨਗਰ ਨਿਗਮ ਤੋਂ ਮੰਨਜ਼ੁਰੀ ਲੈਣ ਲਈ ਦਰਖਾਸਤ ਦਿੱਤੀ ਸੀ, ਉਸਨੂੰ ਇਹ ਮੰਨਜ਼ੂਰੀ ਉਦੋਂ ਹੀ ਮਿਲੀ ਜਦੋਂ ਉਸ ਵਲੋਂ ਨਿਗਮ ਵਿੱਚ ਪੈਸੇ ‘ਖਰਚ’ ਕੀਤੇ ਗਏ। ਉਸਨੇ ਇਹ ਵੀ ਦਸਿਆ ਕਿ ਇਥੇ ਕੰਮ ‘ਅਸਾਨੀ’ ਨਾਲ ਹੋ ਜਾਂਦੇ ਹਨ, ਪਰ ਰਿਸ਼ਵਤ ਦੇ ਕੇ। ਇਸੇ ਤਰ੍ਹਾਂ ਇਸ ਰਿਪੋਰਟਰ ਨੂੰ ਸਟੇਸ਼ਨ ਤੇ ਹੀ ਆਈਆਈਐਮ ਦੇ ਵਿਦਿਆਰਥੀਆਂ ਦਾ ਇੱਕ ਗਰੁਪ ਮਿਲ ਗਿਆ, ਜਿਸਨੇ ‘ਫੋਟੋ ਨਾ ਖਿਚਣ ਤੇ ਨਾਂ ਨਾ ਪੁਛਣ’ ਦੀ ਸ਼ਰਤ ਤੇ ਗਲ ਕਰਨਾ ਸਵੀਕਾਰ ਕੀਤਾ ਤੇ ਦਸਿਆ ਕਿ ਇਸ ਰਾਜ ਵਿੱਚ ਮੋਦੀ ਨੇ ਅਜਿਹੀ ਛੱਬੀ ਬਣਾ ਰਖੀ ਹੈ ਕਿ ਜਿਥੇ ਅਗਰ ਤੁਸੀਂ ਉਨ੍ਹਾਂ ਦੇ ਵਿਰੁਧ ਬੋਲਦੇ ਹੋ ਤਾਂ ਇਹ ਗੁਜਰਾਤ ਦੇ ਸਨਮਾਨ, ਵਿਕਾਸ ਅਤੇ ਲੋਕਾਂ ਦੇ ਵਿਰੁਧ ਮੰਨ ਲਿਆ ਜਾਂਦਾ ਹੈ। ਉਨ੍ਹਾਂ (ਮੋਦੀ) ਨੇ ਇਸੇ ਧਾਰਣਾ ਨੂੰ ਸਮੁਚੇ ਦੇਸ਼ ਵਿੱਚ ਸਫਲਤਾ ਨਾਲ ਸਥਾਪਤ ਕਰ ਲਿਆ ਹੈ। ਇਕ ਚਾਹ ਵਾਲੇ ਨੇ ਦਸਿਆ ਕਿ ਅਹਿਮਾਬਾਦ ਵਿੱਚ ਇਕ ਤੋਂ ਇਕ ਵਧੀਆ ਸਕੂਲ ਹਨ ਪਰ ਉਨ੍ਹਾਂ ਵਿੱਚ ਆਪਣੇ ਬਚਿਆਂ ਨੂੰ ਦਾਖਲ ਕਰਾ ਪਾਣਾ ਆਮ ਆਦਮੀ ਦੀ ਔਕਾਤ ਵਿੱਚ ਨਹੀਂ।

WRITTEN BY