ਮਿੰਟੂ ਗੁਰੂਸਰੀਆ
ਕਰਜ਼ੇ ਦੀ ਸੂਲ ਨਾਲ ਲਹੂ-ਲੂਹਾਣ ਹੋਏ ਕਿਸਾਨ ਨੂੰ ਜੇ ਹਕੂਮਤੀ ਨੀਤੀਆਂ ਨੇ ਦਰੜਿਆ ਹੈ ਤਾਂ ਘੱਟ ਕੁਦਰਤੀ ਆਫ਼ਤਾਂ ਨੇ ਵੀ ਨਹੀਂ ਕੀਤੀ। ਛੱਲੀ-ਪੂਣੀ ਦਾਅ ’ਤੇ ਲਾ ਕੇ ‘ਲਹਿਰਾਂ’ ’ਤੇ ਲਿਆਂਦੀ ਫ਼ਸਲ ਨੂੰ ਕੁਦਰਤੀ ਆਫ਼ਤ ਕੁਝ ਪਲਾਂ ’ਚ ਫਨਾਂ ਕਰਕੇ, ਕਰਜ਼ੇ ਦੀ ਪੰਡ ਨੂੰ ਭਿਉਂ ਕੇ ਹੋਰ ਭਾਰੀ ਕਰ ਜਾਂਦੀ ਹੈ। ਇਸ ਵਾਰ ਵੀ ਕਿਸਾਨ ਨੂੰ ਕੁਦਰਤੀ ਆਫ਼ਤ ਦੇ ਝਾਫ਼ਿਆਂ ਨੇ ਰੱਜ ਕੇ ਝੰਬਿਆਂ ਹੈ। ਕੱਲ੍ਹ ਫੇਰ ਆਏ ਮੀਂਹ ਨੇ ਪੰਜਾਬ ਦੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੱਲ੍ਹਿਆਂ ਕਰ ਦਿੱਤਾ। ਮੰਡੀਆਂ ’ਚ ਪਈਆਂ ਢੇਰੀਆਂ ਜਿੱਥੇ ਨੁੱਚੜ ਗਈਆਂ, ਉੱਥੇ ਕੱਲ੍ਹ ਤੱਕ ਹਾਥੀ ਵਾਂਗ ਝੂਲਦੀ ਸੋਨੇ ਰੰਗੀ ਕਣਕ ਖੇਤਾਂ ’ਚ ਇਓਂ ਵਿਛ ਗਈ, ਜਿਵੇਂ ਬੇਜ਼ਾਰ ਪਰਿੰਦਾ ਧਰਤੀ ’ਤੇ ਪਿਆ ਹੋਵੇ।
ਪੰਜਾਬ ਦੀ ਬਦਹਾਲ ਕਿਰਸਾਨੀ ’ਚ 65 ਫੀਸਦੀ ਕਿਸਾਨ ਗਰੀਬ ਕਿਸਾਨ ਹਨ। ਜਿੰਨ੍ਹਾਂ ਫ਼ਸਲ ਤੋਂ ਅਦਾਇਗੀਆਂ ਕਰਕੇ ਛੇ ਮਹੀਨੇ ਚੁੱਲ੍ਹਾ ਤਪਾਉਣਾਂ ਹੁੰਦੈ। ਇਸ ਚੁੱਲ੍ਹੇ ਵਿਚ ਕਈ ਵਾਰ ਸੋਕਾ ਫ਼ੂਕ ਮਾਰ ਜਾਂਦੈ ਤੇ ਕਈ ਵਾਰ ਬਾਰ ਡੋਬਾ ਕਹਿਰ ਵਰਤਾ ਜਾਂਦਾ ਹੈ। ਕੁਦਰਤ ਇਸ ਵਾਰ ਵੀ ਕਰੋਪ ਹੈ। ਪਹਿਲਾਂ ਸਰਦੀ ਨੇ ਵਾਢੀ ਲੇਟ ਕਰ ਦਿੱਤੀ ਤੇ ਹੁਣ ਮੀਂਹ ਨਹੀਂ ਹੱਟ ਰਿਹਾ। ਕੱਲ੍ਹ ਇਕ ਵਾਰ ਫੇਰ ਮੀਂਹ ਤਾਂਡਵ ਕਰ ਗਿਐ। ਵੱਢੀ ਕਣਕ ਭਿੱਜ ਗਈ ਤੇ ਖੜ੍ਹੀ ਵਿਛ ਗਈ। ਯਾਨੀ, ਡੁੱਬੇ ਕਿਸਾਨ ਦੇ ਸਿਰ ’ਚ ਹੋਰ ਪਾਣੀ। ਸਿਆਸੀ ਸ਼ੇਰ ਹੁਣ ਫੇਰ ਏ ਸੀ ਗੁਫ਼ਾਵਾਂ ’ਚੋਂ ਬਾਹਰ ਨਿਕਲਣਗੇ, ਖੇਤਾਂ ’ਚ ਜਾਣਗੇ, ਮੁਆਇਨੇ ਕਰਨਗੇ, ਐਲਾਨ ਹੋਂਣਗੇ ਤੇ ਫੇਰ ਸਾਲ ਦੋ ਸਾਲ ਬਾਅਦ ਮੁਆਵਜ਼ਾ ਆਵੇਗਾ….ਵੀਹ ਰੂਪੈ, ਤੀਹ ਰੂਪੈ, ਹੱਦ ਢਾਈ ਸੋ ਰੁਪਿਆ ਪ੍ਰਤੀ ਏਕੜ। ਇਹ ਦਹਾਕਿਆਂ ਤੋਂ ਹੁੰਦਾ ਆਇਆ ਹੈ। ਮੁੱਖ ਮੰਤਰੀ ਸ੍ਰ: ਪ੍ਰ੍ਰਕਾਸ਼ ਸਿੰਘ ਬਾਦਲ, ਜੋ ਖੁਦ ਕਿਸਾਨ ਹਨ, ਹਾਲੇ ਤੱਕ ਕਿਸਾਨ ਦੇ ਨੂੰ ਸਮਝਣ ’ਚ ਅਸੱਮਰਥ ਰਹੇ ਹਨ। ਜਾਂ ਇਂੰਝ ਕਹਿ ਲਈਏ ਕਿ ਸਮਝਦਿਆਂ ਹੋਇਆਂ ਵੀ ਨਾ-ਸਮਝੀ ਦਾ ਡਰਾਮਾ ਹੈ।
ਕੁਦਰਤੀ ਕਰੋਪੀ ਨੁਕਸਾਨ ਕਰਦੀ ਹੈ ਪ੍ਰਤੀ ਏਕੜ ਦਸ ਹਜ਼ਾਰ ਦਾ ਤੇ ਮੁਆਵਜ਼ਾ ਆਉਂਦਾ ਹੈ ਦੋ ਸੌ ਰੁਪਿਆ ਹੈ, ਜਦਕਿ ਬੈਂਕ ਖਾਤਾ ਖੁੱਲ੍ਹਵਾਉਂਣ ’ਤੇ ਹੀ ਹਜ਼ਾਰ ਰੁਪਿਆ ਲੱਗ ਜਾਂਦਾ ਹੈ। ਇਹ ਕੇਹਾ ਮਜ਼ਾਕ ਹੈ ‘ਕਿਸਾਨ ਹਿਤੈਸ਼ੀਆਂ’ ਦਾ? ਕਿੰਨ੍ਹੇ ਦੁੱਖ ਦੀ ਗੱਲ ਹੈ ਕਿ ਪੰਜ ਵਾਰ ਮੁੱਖ ਮੰਤਰੀ ਬਣੇ ਸ੍ਰ: ਬਾਦਲ ਕਿਸਾਨਾਂ ਨੂੰ ਬੁਨਿਆਦੀ ਹੱਕ ਨਹੀਂ ਦੁਆ ਸਕੇ। ਇਹ ਗੱਲ ਵੱਖਰੀ ਹੈ ਕਿ ਆਪਣੇ ਭਾਸ਼ਣਾਂ ’ਚ ਉਹ ਕਿਸਾਨ ਦੀ ਕੰਗਾਲੀ ’ਤੇ ਖੂਬ ਹੰਝੂ ਵਹਾਉਂਦੇ ਹਨ। ਤਾਂ ਹੀ ਉਹ ਕਈ ਵਾਰ ਓਸ ਕਿਸਾਨਾਂ ਨੂੰ ਸੂਰ/ਬੱਕਰੀਆਂ ਪਾਲਣ ਦੀ ਸਲਾਹ ਦਿੰਦੇ ਹਨ, ਜਿਸ ਨੇ ਦੇਸ਼ ਨੂੰ ਹਰੀ ਕ੍ਰਾਂਤੀ ਦਾ ਸੁਫ਼ਨਾ ਸਾਕਾਰ ਕਰਕੇ ਦਿੱਤਾ। ਕੌਂਣ ਸਮਝਾਵੇ ਇਨ੍ਹਾਂ ‘ਸਿਆਣਿਆਂ’ ਨੂੰ ਕਿ ਕਿਸਾਨਾਂ ਨੂੰ ‘ਸੂਰਪਤੀ’ ਜਾਂ ‘ਆਜੜੀ’ ਬਨਾਉਂਣ ਦੀ ਲੋੜ ਹੀ ਨਹੀਂ, ਉਸ ਨੂੰ ਉਸ ਦੇ ਹੱਕ ਲੈ ਦਿਉ, ਉਹ ਦੂਜੇ ਬੇਰੁਜ਼ਗਾਰਾਂ ਨੂੰ ਰਿਜ਼ਕ ਦੇ ਦੇਵੇਗਾ, ਕਿਉਂਕਿ ਪੰਜਾਬ ਦਾ ਕਿਸਾਨ ਸਿਰੜੀ ਹੀ ਨਹੀਂ ਅਣਖੀ ਵੀ ਹੈ। ਕਿਸਾਨ ਚਿਰੋਕਣਾ ਕੁਰਲਾ ਰਿਹੈ ਕਿ ਫ਼ਸਲਾਂ ਦੇ ਭਾਅ ਸੂਚਕ ਅੰਕ ਨਾਲ ਜੋੜੇ ਜਾਣ, ਫ਼ਸਲ ਦਾ ਮੁਫ਼ਤ ਬੀਮਾ ਹੋਵੇ ਅਤੇ ਖੁਦਕੁਸ਼ੀਆਂ ਕਾਰਨ ਉੱਜੜੇ ਪਰਵਾਰਾਂ ਦਾ ਪੁਨਰਵਾਸ ਕੀਤਾ ਜਾਵੇ। ਪਰ ਬੜੇ ਦੁੱਖ ਦੀ ਗੱਲ ਹੈ ਕਿ ਖੁਦ ਕਿਸਾਨ ਸ੍ਰ: ਬਾਦਲ ਨੇ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਕੇਂਦਰ ਨੂੰ ਕਦੇ ਦਬਾਅ ’ਚ ਨਹੀਂ ਲਿਆਂਦਾ। ਇੱਥੋਂ ਤੱਕ ਕਿ ਜਦੋਂ ਅਕਾਲੀ ਦਲ ਦਾ ਸਹਿਯੋਗੀ ਐੱਨ ਡੀ ਏ ਸੱਤਾ ਭੋਗ ਰਿਹਾ ਸੀ ਸ੍ਰ: ਬਾਦਲ ਨੇ ਉਦੋਂ ਵੀ ਇਹ ਚੇਸ਼ਟਾ ਨਹੀਂ ਕੀਤੀ ਕਿ ਜਿਸ ਪੰਜਾਬੀ ਕਿਸਾਨ ਨੇ ਦੇਸ਼ ਲਈ ਹੱਡ ਭੰਨੇ ਹਨ, ਓਹਨੂੰ ਡੁੱਬਦੇ ਨੂੰ ਕੋਈ ਰਾਹਤ ਦਾ ਸਹਾਰਾ ਦਿੱਤਾ ਜਾਵੇ। ਆਪਣੀਆਂ ਨਾਕਾਮੀਆਂ ਨੂੰ ਸ੍ਰ: ਬਾਦਲ ਹਮੇਸ਼ਾਂ ਕਾਂਗਰਸੀ ਵਿਤਕਰੇ ਦੀ ਚਾਦਰ ਹੇਠ ਢੱਕ ਦਿੰਦੇ ਹਨ। ਸੱਚ ਤਾਂ ਇਹ ਕਿ ਜਿੰਨ੍ਹਾਂ ਕਾਂਗਰਸ ਨੇ ਕਿਸਾਨ ਨੂੰ ਲਤਾੜਿਆ ਹੈ, ਓਨਾਂ ਹੀ ਅਕਾਲੀਆਂ ਦੀ ਲਾਪਰਵਾਹੀਆਂ ਨੇ ਵੀ ਮਾਰਿਆ ਹੈ।
ਅੱਜ ਕਿਸਾਨ ਦਾ ਹਾਲ ਇਹ ਹੈ ਕਿ ਭੜ੍ਹੋਲੇ ’ਚ ਦਾਣੇ ਨਹੀਂ, ਧੀ ਲਈ ‘ਮਹਿੰਦੀ’ ਦਾ ਜੁਗਾੜ ਨਹੀਂ ਹੋ ਰਿਹਾ, ਪੁੱਤ ਨਸ਼ੇੜੀ ਹੈ, ਮਾਂ ਕਾਲੇ ਪੀਲੀਏ ਤੇ ਪਿਓ ਕੈਂਸਰ ਦਾ ਮਰੀਜ਼ ਹੈ। ਪਰ ਬਾਵਜ਼ੂਦ ਇਸ ਦੇ ਕਿਸਾਨ ਦਾ ਦਰਦ ਨੀਲੀਆਂ ਦਸਤਾਰ ਹੇਠਲੀਆਂ ਅੱਖਾਂ ਨੂੰ ਨਹੀਂ ਦਿਖ ਰਿਹਾ ਹੈ। ਇਹ ਸੱਚ ਹੈ ਕਿ ਕਿਸਾਨ ਲਈ ਪ੍ਰਯੋਜ਼ਨਾਵਾਂ ਬਨਾਉਣੀਆਂ ਕੇਂਦਰ ਸਰਕਾਰ ਦੇ ਹੱਥ ਹੈ। ਪਰ ਜੇ ਰਾਜ ਸਰਕਾਰ ਕੋਈ ਕਰੜਾ ਰੁੱਖ ਨਹੀਂ ਅਖਤਿਆਰ ਕਰਦੀ ਤਾਂ ਕੇਂਦਰ ਨੂੰ ਕੀ ਲੋੜ ਪਈ ਹੈ ਖਜ਼ਾਨਾ ਖੋਲਣ ਦੀ ? ਸਵਾਲ ਇਹ ਵੀ ਹੈ ਕਿ ਜੇਕਰ ਦਿੱਲੀ ਦਾ ਮੁੱਖ ਮੰਤਰੀ ਹੱਕ ਲੈਂਣ ਲਈ ਸੜਕ ’ਤੇ ਦਰੀ ਵਿਛਾ ਸਕਦਾ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਆਪਣੇ ਕਿਸਾਨ ਨੂੰ ਬਚਾਉਂਣ ਲਈ ਦਿੱਲੀ ਨੂੰ ਕਿਉਂ ਨਹੀਂ ਘੇਰ ਸਕਦਾ? ਨਾਲੇ, ਕਿਹਾ ਜਾਂਦਾ ਹੈ ਕਿ ਹੱਕ ਮੰਗੇ ਤੋਂ ਨਹੀਂ ਖੋਹੇ ਤੋਂ ਮਿਲਦੇ ਆ ਪਰ ਜੇ ਹੱਕਾਂ ਦੀ ਗੱਲ ਹੀ ਨਹੀਂ ਕਰਨੀ ਤਾਂ ਹੱਕ ਮਿਲਣਗੇ ਖ਼ਾਕ? Êਪੰਜਾਬ ਦੀ ਕਿਸਾਨੀ ਨੂੰ ਬਚਾਉਂਣ ਲਈ ਜ਼ਰੂਰੀ ਹੈ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਈਆਂ ਜਾਣ, ਫ਼ਸਲਾਂ ਦੇ ਭਾਅ ਸੂਚਕ ਅੰਕ ਨਾਲੇ ਜੋੜ ਅਤੇ ਮੁਫ਼ਤ ਫ਼ਸਲੀ ਬੀਮੇ ਕੀਤੇ ਜਾਣ।
ਸੋਚੋ ! ਜੇ ਫਸਲ ਦਾ ਬੀਮਾ ਹੋਇਆ ਹੁੰਦਾ ਤਾਂ ਇਸ ਮੀਂਹ ਦਾ ਝੰਬਿਆਂ ਕਿਸਾਨ ਕੁਰਲਾ ਨਹੀਂ ਅਰਾਮ ਨਾਲ ਸੌਂ ਰਿਹਾ ਹੁੰਦਾ। ਜੇ ਹਰ ਉਦਯੋਗ ਦਾ ਬੀਮਾ ਹੋ ਸਕਦੈ ਤਾਂ ਖੇਤੀ ਉਦਯੋਗ ਦਾ ਕਿਉਂ ਨਹੀਂ? ਹੋ ਸਕਦੈ, ਜੇਕਰ ਸਰਕਾਰ ਕਰੇ ਕਿਉਂਕਿ ਕਿਸਾਨ ਤਾਂ ਏਨੇ ਜੋਗਾ ਹੈ ਹੀ ਨਹੀਂ ਕਿ ਉਹ ਪੱਲਿਓਂ ਬੀਮਾ ਕਰਵਾ ਲਵੇ। ਪੰਜਾਬ ਦੀ ਸਿਆਸਤ ਤੋਂ ਖੇਤੀ ਦਾ ਭਲਾ ਲੋਚਣਾ ਹੁਣ ਵਿਅਰਥ ਹੈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੁਦਰਤ ਅੱਗੇ ਹੱਥ ਜੋੜਨ ਅਤੇ ਹਾਕਮਾਂ ਅੱਗੇ ਗਿੜਗਿੜਾਉਂਣ ਦੀ ਥਾਵੇਂ ਹੱਕ ਲੈਂਣ ਲਈ ਹੱਥ ਉਠਾਉਂਣ। ਹੱਕਮਾਰੀਆਂ ਨੂੰ ਤਕਦੀਰ ਮੰਨ ਲੈਂਣ ਵਾਲੇ ਹਸਤੀ ਮਿਟਾ ਬਹਿੰਦੇ ਨੇ।



