ਬਟਾਲਾ, 3 ਅਪ੍ਰੈਲ (ਲੱਕੀ ਰਾਜਪੂਤ, ਪ੍ਰਦੀਪ ਸਿੰਘ)- ਬਟਾਲਾ ਪੁਲਿਸ ਨੇ ਉਸ ਸਮੇਂ ਵਡੀ ਸਫਲਤਾ ਹਾਸਲ ਕੀਤੀ ਹੈ ਜਦੋਂ ਸਿਟੀ ਪੁਲਿਸ ਨੇ ਬਟਾਲਾ ਸ਼ਹਿਰ ਵਿਚ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਨੂੰ ਬੇਪਰਦਾ ਕੀਤਾ ਹੈ। ਅਜ ਸਥਾਨਕ ਪੁਲਿਸ ਲਾਈਨ ਵਿਖੇ ਪਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਦਸਿਆ ਕਿ ਮੁਖ ਅਫਸਰ, ਥਾਣਾ ਸਿਟੀ ਬਟਾਲਾ ਅਤੇ ਸਪੈਸ਼ਲ ਬ੍ਰਾਂਚ ਬਟਾਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਨ ਸ਼ਰਮਾ ਪੁਤਰ ਰਮੇਸ਼ ਸਰਮਾ ਵਾਸੀ ਕਪੂਰੀ ਗੇਟ, ਸੇਖੜੀ ਮੁਹਲਾ, ਜੋ ਲੈਪਟਾਪ ਰਿਪੇਅਰ ਕਰਨ ਦੀ ਦੁਕਾਨ ਸ਼ੀਤਲਾ ਮੰਦਰ ਵਿਖੇ ਕਰਦਾ ਹੈ ਅਤੇ ਪ੍ਰਿਤਪਾਲ ਸਿੰਘ ਪੁਤਰ ਸੁਖਵਿੰਦਰ ਸਿੰਘ ਵਾਸੀ ਬੀਕੋ ਕੰਪਲੈਕਸ ਬਟਾਲਾ, ਜਿਸ ਦੀ ਹਾਰਡਵੇਅਰ ਪਾਰਟਸ ਬਣਾਉਣ ਦੀ ਫੈਕਟਰੀ ਹੈ ਮਿਲ ਕੇ ਦੋਨੋ ਵਿਅਕਤੀ ਆਪਣੀ ਦੁਕਾਨ ਅਤੇ ਫੈਕਟਰੀ ਦੀ ਆੜ ਵਿਚ ਨਜਾਇਜ ਹਥਿਆਰ (ਫਾਇਰ ਆਰਮਜ਼) ਤਿਆਰ ਕਰਦੇ ਹਨ। ਇਹ ਸੂਚਨਾ ਮਿਲਣ ‘ਤੇ ਥਾਣਾ ਸਿਟੀ ਬਟਾਲਾ ਵਿਖੇ ਮੁਕਦਮਾ ਨੰਬਰ 48 ਮਿਤੀ 02.04.19 ਜੁਰਮ 25-54-59 ਅਸਲਾ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ। ਐਸ.ਐਸ.ਪੀ. ਬਟਾਲਾ ਸ. ਘੁੰਮਣ ਨੇ ਦਸਿਆ ਕਿ ਤਫਤੀਸ਼ ਦੌਰਾਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਨਾਂ ਦੇ ਕਬਜ਼ੇ ਵਿਚੋਂ 3 ਪਿਸਟਲ 32 ਬੋਰ ਸਮੇਤ 7 ਰੌਦ ਜਿੰਦਾ, ਅਤੇ 46 ਖੋਲ, 2 ਪਿਸਟਲ 12 ਬੋਰ (ਲਾਗ ਬੈਰਲ) ਸਮੇਤ 30 ਰੌਦ ਜਿੰਦਾ ਅਤੇ 25 ਖੋਲ, 1 ਏਅਰ ਗੰਨ ਸਮੇਤ ਟੈਲੀਸਕਾਪ, 1 ਤੇਜਧਾਰ ਛੁਰਾ, 4 ਰੌਦ ਜਿੰਦਾ 315 ਬੋਰ ਸਮੇਤ 5 ਖੋਲ, 1 ਡ੍ਰਿਲ ਮਸ਼ੀਨ ਅਤੇ 1 ਗਰੂਜ ਵਰਮਾ, 1 ਗਰੈਂਡਰ ਮਸ਼ੀਨ ਅਤੇ 1 ਟੂਲਕਿਟ ਬਰਾਮਦ ਕੀਤੇ ਹਨ।ਐਸ.ਐਸ.ਪੀ. ਬਟਾਲਾ ਨੇ ਦਸਿਆ ਕਿ ਮੁਢਲੀ ਪੁਛ-ਗਿਛ ਦੌਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਰਾਜਨ ਜੋ ਕਿ ਕੰਪਿਊਟਰ ਇੰਨਜੀਨੀਅਰ ਹੈ ਅਤੇ ਪ੍ਰਿਤਪਾਲ ਸਿੰਘ ਹਾਰਡਵੇਅਰ ਦਾ ਕਾਰੀਗਰ ਹੈ, ਜਿੰਨਾਂ ਨੇ ਯੂ-ਟਿਊਬ ਤੋਂ ਫਾਇਰ ਆਰਮਜ਼ ਬਣਾਉਣ ਦੀ ਤਕਨੀਕ ਹਾਸਲ ਕਰਕੇ, ਕ੍ਰੀਬ 1 ਸਾਲ ਤੋਂ ਆਪਣੀ ਦੁਕਾਨ ਅਤੇ ਫੈਕਟਰੀ ਵਿਚ ਨਜਾਇਜ ਅਸਲਾ ਤਿਆਰ ਕਰਦੇ ਸਨ।