ਭਾਰਤੀ ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ਦੇ ਪਾਠ ’ਤੇ ਨਾਚ ਕਰਨਾ ਅਤਿ ਨਿੰਦਣਯੋਗ : ਸਿੰਘ ਸਾਹਿਬ ਗਿ. ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ 3 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਸ੍ਰੀ ਜਪੁਜੀ ਸਾਹਿਬ ਦੇ ਪਾਠ ਦੇ ਗਾਇਨ ਤੇ ਭਾਰਤੀ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਨਾਚ ਹੋਣਾ ਬਹੁਤ ਹੀ ਮੰਦਭਾਗਾ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਬਹੁਤ ਵੱਡਾ ਖਿਲਵਾੜ ਹੈ ਆਸਟ੍ਰੀਆ ਦੇ ਵਿਆਨਾ ਸ਼ਹਿਰ ਤੋਂ ਬਿਆਨ ਜਾਰੀ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਨਾਂ ਸਬਦਾਂ ਦਾ ਪ੍ਰਗਟਾਵਾ ਕੀਤਾ ਕਿ ਇਸ ਵਰਤਾਰੇ ਪ੍ਰਤੀ ਸਿੱਖ ਕੌਮ ਦੇ ਮਨਾਂ ਵਿਚ ਭਾਰੀ ਰੋਸ ਪੈਦਾ ਹੋਇਆ ਹੈ।ਸਿੰਘ ਸਾਹਿਬ ਜੀ ਨੇ ਕਿਹਾ ਕਿ ਗੁਰਬਾਣੀ ਦਾ ਕੀਰਤਨ ਅਤੇ ਪਾਠ ਸੰਗਤੀ ਰੂਪ ਵਿਚ ਜਾਂ ਨਿੱਜੀ ਰੂਪ ਵਿਚ ਬੈਠ ਕੇ ਬਹੁਤ ਹੀ ਸਤਿਕਾਰ ਸਹਿਤ ਕੀਤਾ ਜਾਦਾਂ ਹੈ। ਇੰਡੀਅਨ ਕਮਿਊਨਿਟੀ ਐਂਡ ਫਰੈਂਡਜ਼ ਨਾਮ ਦੀ ਸੰਸਥਾ ਵਲੋਂ ਸੈਨਟਿਆਗੋ ਅਮਰੀਕਾ ਵਿਖੇ ਕਰਵਾਏ ਇਸ ਪ੍ਰੋਗਰਾਮ ਜਿਸ ਦੇ ਵਿਚ ਭਾਰਤੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਕਰਵਾਏ ਸਵਾਗਤੀ ਸਮਾਗਮ ਦੇ ਦੌਰਾਨ ਮੂਲ ਮੰਤਰ ਦੇ ਪਾਠ ਤੇ ਕੱਥਕ ਨ੍ਰਿਤ ਦੀ ਪੇਸ਼ਕਾਰੀ ਕਰਨਾ ਉਚਿਤ ਨਹੀ ਹੈ ਜਿਸ ਨਾਲ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।ਜਦੋਂ ਕਿ ਸਿੱਖ ਕੌਮ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।ਸਿੰਘ ਸਾਹਿਬ ਜੀ ਨੇ ਕਿਹਾ ਕਿ ਅਜਿਹਾ ਵਰਤਾਰਾ ਨਾਂ ਬਰਦਾਸ਼ਤ ਕਰਨਯੋਗ ਹੈ ਅਤੇ ਅਜਿਹੇ ਵਰਤਾਰੇ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਸਬੰਧੀ ਭਾਰਤੀ ਰਾਸ਼ਟਰਪਤੀ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।

Send this to a friend