ਅੰਮਿਤਸਰ, 3 ਅਪ੍ਰੈਲ- ਹਿੰਦੁਸਤਾਨ ਦੇ ਹਿੰਦੂ ਹਾਕਮਾਂ ਨੇ ਪਹਿਲਾਂ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ-ਤੋਪਾਂ ਨਾਲ਼ ਢਹਿ-ਢੇਰੀ ਕਰ ਦਿੱਤਾ ਤੇ ਫਿਰ ਗੁ. ਗਿਆਨ ਗੋਦੜੀ ਸਾਹਿਬ ਅਤੇ ਗੁ. ਡਾਂਗਮਾਰ ਸਾਹਿਬ ਆਦਿ ਨੂੰ ਖ਼ਤਮ ਕਰ ਦਿੱਤਾ ਤੇ ਇਸ ਦੇ ਨਾਲ਼ ਹੀ ਸਰਕਾਰੀ ਸਾਜਿਸ਼ ਤਹਿਤ ਸਿੱਖ ਵਿਰਾਸਤਾਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਕਾਰ ਸੇਵਾ ਦੀ ਆੜ ਹੇਠ ਸਿੱਖ ਧਰਮ ਦੇ ਪੁਰਾਤਨ ਅਸਥਾਨਾਂ, ਇਮਾਰਤਾਂ, ਕਿਲ੍ਹਿਆਂ, ਸਰੋਤਾਂ, ਨਿਸ਼ਾਨੀਆਂ, ਸਬੂਤਾਂ ਤੇ ਗਵਾਹੀਆਂ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਬਾਅਦ ’ਚ ਸੰਗਮਰਮਰ ਦੀ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਪਰ ਕੌਮ ਅਵੇਸਲੀ ਹੋ ਕੇ ਬੈਠੀ ਸੀ ਤੇ ਹੁਣ ਕੁਝ ਜਾਗ੍ਰਿਤੀ ਦੀ ਕਿਰਨ ਜਰੂਰ ਨਜ਼ਰ ਆਈ ਹੈ। ਭਾਈ ਰਣਜੀਤ ਸਿੰਘ ਨੇ ਸੰਗਤਾਂ ਦੇ ਸਨਮੁੱਖ ਉਨ੍ਹਾਂ ਅਸਥਾਨਾਂ ਦਾ ਵੇਰਵਾ ਪੇਸ਼ ਕੀਤਾ ਹੈ ਜਿਨ੍ਹਾਂ ਦੀ ਕਾਰ ਸੇਵਾ ਦੇ ਨਾਂ ’ਤੇ ਰੂਪ-ਰੇਖਾ ਬਦਲ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਸਮੇਸ਼ ਪਿਤਾ ਅਤੇ ਵੱਡੇ ਸਾਹਿਬਜ਼ਾਦਿਆਂ ਤੇ ਚਾਲ੍ਹੀ ਮਰਜੀਵੜੇ ਸਿੰਘਾਂ ਦੀ ਯਾਦ ਦਿਵਾਉਂਦੀ ਚਮਕੌਰ ਦੀ ਗੜ੍ਹੀ, ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ਼ ਸਬੰਧਿਤ ਫ਼ਤਹਿਗੜ੍ਹ ਸਾਹਿਬ ਦਾ ਠੰਡਾ ਬੁਰਜ ਅਤੇ ਪੁਰਾਤਨ ਨੀਂਹਾਂ ਸ਼ਹੀਦੀ ਅਸਥਾਨ, ਛੇਵੇਂ ਪਾਤਸ਼ਾਹ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਉਸਾਰਿਆ ਲੋਹਗੜ੍ਹ ਦਾ ਕਿਲ੍ਹਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ ਦਰਬਾਰ। ਕਲਗੀਧਰ ਪਾਤਸ਼ਾਹ ਵੱਲੋਂ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਪੰਜ ਮਜ਼ਬੂਤ ਕਿਲ੍ਹੇ ਜੋ ਖ਼ਾਲਸੇ ਦੀ ਸ਼ਾਨੌ-ਸ਼ੋਕਤ, ਅਣਖ, ਗ਼ੈਰਤ, ਸਵੈਮਾਣ, ਸੁਤੰਤਰਤਾ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਸਨ ਜਿਵੇਂ ਕਿ ਕਿਲ੍ਹਾ ਅਨੰਦਗੜ੍ਹ ਸਾਹਿਬ, ਕਿਲ੍ਹਾ ਤਾਰਾਗੜ੍ਹ ਸਾਹਿਬ, ਕਿਲ੍ਹਾ ਫ਼ਤਹਿਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਸਾਹਿਬ ਅਤੇ ਕਿਲ੍ਹਾ ਲੋਹਗੜ੍ਹ ਸਾਹਿਬ। ਸ਼ਹੀਦ ਬਾਬਾ ਦੀਪ ਸਿੰਘ ਦਾ ਦਮਦਮਾ ਸਾਹਿਬ ਵਿਖੇ ਇਤਿਹਾਸਕ ਬੁਰਜ ਜਿਸ ਦੇ ਭੌਰੇ ਹੇਠਾਂ ਬੈਠ ਕੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਗੁਰਮੁਖੀ ਅਤੇ ਇੱਕ ਅਰਬੀ ਭਾਸ਼ਾ ’ਚ ਲਿਖਿਆ। ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਡੀ ਭੈਣ ਬੇਬੇ ਨਾਨਕੀ ਦਾ ਘਰ, ਹਜ਼ੂਰ ਸਾਹਿਬ ਵਿਖੇ ਗੁ. ਮਾਤਾ ਸਾਹਿਬ ਕੌਰ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਗੁ. ਬਾਬਾ ਗੁਰਬਖਸ਼ ਸਿੰਘ, ਉਤਰਾਂਚਲ ਪ੍ਰਦੇਸ਼ ’ਚ ਗੁ. ਰੀਠਾ ਸਾਹਿਬ, ਤਰਨ ਤਾਰਨ ’ਚ ਗੁ. ਗੋਇੰਦਵਾਲ ਸਾਹਿਬ, ਬਾਸਰਕੇ ’ਚ ਗੁ. ਸੰਨ੍ਹ ਸਾਹਿਬ, ਸ੍ਰੀ ਨਗਰ ’ਚ ਚਿਨਾਰ ਦਾ ਦਰੱਖਤ, ਫਿਲੌਰ ਨਜ਼ਦੀਕ ਗੁ. ਮੌ ਸਾਹਿਬ ਪਾਤਸ਼ਾਹੀ ਪੰਜਵੀਂ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜ੍ਹੀ ਦੇ ਦਰਵਾਜੇ, ਹਿਮਾਚਲ ਪ੍ਰਦੇਸ਼ ਦਾ ਗੁ. ਪਾਉਂਟਾ ਸਾਹਿਬ ਅਤੇ ਬੀਤੇ ਦਿਨੀਂ ਢਾਹੀ ਗਈ ਤਰਨ ਤਾਰਨ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਅਤੇ ਇਸ ਤੋਂ ਇਲਾਵਾ ਅਨੇਕਾਂ ਹੋਰ ਇਤਿਹਾਸਕ ਗੁਰਦੁਆਰਿਆਂ ਦਾ ਪੁਰਾਤਨ ਸਰੂਪ ਵਿਗਾੜਿਆ ਜਾ ਚੁੱਕਾ ਹੈ ਜੋ ਇਤਿਹਾਸ ਨਾਲ਼ ਵੱਡਾ ਧ੍ਰੋਹ ਹੈ ਤੇ ਕਾਰ ਸੇਵਾ ਵਾਲ਼ਿਆਂ ਦਾ ਇਹ ਗੁਨਾਹ ਹਰਗਿਜ਼ ਬਖਸ਼ਣਯੋਗ ਨਹੀਂ ਹੈ।
ਕਾਰ ਸੇਵਾ ਦੀ ਆੜ ਹੇਠ ਢਹਿ-ਢੇਰੀ ਕਰ ਦਿੱਤਾ ਠੰਡਾ ਬੁਰਜ, ਚਮਕੌਰ ਦੀ ਗੜ੍ਹੀ, ਲੋਹਗੜ੍ਹ ਦਾ ਕਿਲ੍ਹਾ ਅਤੇ ਬੇਬੇ ਨਾਨਕੀ ਦਾ ਘਰ : ਭਾਈ ਰਣਜੀਤ ਸਿੰਘ



