ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ’ਚ ਵੱਖਰੇ ਕਿਸਾਨ ਬਜਟ ਦਾ ਵਾਅਦਾ

ਕਾਂਗਰਸ ਦੀ ਸਰਕਾਰ ਬਣੀ ਤਾਂ ਅਫਸਪਾ ਅਤੇ ਦੇਸ਼ ਧ੍ਰੋਹ ਦੇ ਕਾਨੂੰਨ ਹੋਣਗੇ ਖਤਮ

ਨਵੀਂ ਦਿਲੀ, 2 ਅਪ੍ਰੈਲ- ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਅਜ ਆਪਣਾ ਮਨੋਰਥ ਪਤਰ ਜਾਰੀ ਕਰ ਦਿਤਾ ਹੈ। ਮਨੋਰਥ ਪਤਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਯੂ. ਪੀ.ਏ. ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ’ਚ ਜਾਰੀ ਕੀਤਾ। ਕਾਂਗਰਸ ਪਾਰਟੀ ਦੇ ‘ਜਨ ਆਵਾਜ਼’ ਨਾਮੀ ਇਸ ਮਨੋਰਥ ਪਤਰ ਨੂੰ ਜਾਰੀ ਕਰਨ ਮੌਕੇ ਸਾਬਕਾ ਵਿਤ ਮੰਤਰੀ ਪੀ. ਚਿਦੰਬਰਮ, ਏ. ਕੇ. ਐਂਟੋਨੀ ਸਮੇਤ ਕਈ ਸੀਨੀਅਰ ਨੇਤਾ ਵੀ ਮੌਜੂਦ ਸਨ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਇਹ ਮਨੋਰਥ ਪਤਰ ਬਣਾਉਣ ਬਾਰੇ ਸੋਚਿਆ ਤਾਂ ਅਸੀਂ ਇਸ ਗੱਲ ਦਾ ਖ਼ਾਸ ਖ਼ਿਆਲ ਰਖਿਆ ਕਿ ਲੋਕਾਂ ਦੀਆਂ ਮੰਗਾਂ ਨੂੰ ਵਧੇਰੇ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਇਹ ਮਨੋਰਥ ਪਤਰ ਬੰਦ ਕਮਰਿਆਂ ’ਚ ਬੈਠ ਕੇ ਵੀ ਬਣਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਦੇ ਲਈ ਉਹ ਜਨਤਾ ਵਿਚਾਲੇ ਗਏ, ਉਨ੍ਹਾਂ ਦੀਆਂ ਮੰਗਾਂ ਨੂੰ ਸੁਣਿਆ। ਰਾਹੁਲ ਨੇ ਅਗੇ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਥੀਮ ਨਿਆਂ ਹੈ। ਉਹ ਪ੍ਰਧਾਨ ਮੰਤਰੀ ਮੋਦੀ ਦੇ ਝੂਠ ਨੂੰ ਫੜਨਾ ਅਤੇ ਲੋਕਾਂ ਦੀ ਰਾਇ ਨੂੰ ਜਾਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਗ਼ਰੀਬੀ ’ਤੇ ਵਾਰ, 72 ਹਜ਼ਾਰ’ ਇਹ ਕਾਂਗਰਸ ਦਾ ਵਾਅਦਾ ਵੀ ਹੈ ਅਤੇ ਨਾਅਰਾ ਵੀ। ਇਕ ਸਾਲ ਵਿਚ 72 ਹਜ਼ਾਰ ਅਤੇ 5 ਸਾਲਾਂ ’ਚ 3 ਲੱਖ, 60 ਹਜ਼ਾਰ ਗ਼ਰੀਬਾਂ ਨੂੰ ਮਿਲਣਗੇ। ਇਸ ਨਾਲ ਕਿਸਾਨਾਂ ਅਤੇ ਗ਼ਰੀਬਾਂ ਦੀਆਂ ਜੇਬਾਂ ’ਚ ਸਿਧਾ ਪੈਸਾ ਜਾਵੇਗਾ। ਰਾਹੁਲ ਨੇ ਅਗੇ ਕਿਹਾ ਕਿ ਦੇਸ਼ ’ਚ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। 22 ਲਖ ਅਹੁਦਿਆਂ ਨੂੰ 2020 ਤੱਕ ਕਾਂਗਰਸ ਪਾਰਟੀ ਭਰ ਦੇਵੇਗੀ। ਤਿੰਨ ਸਾਲਾਂ ਲਈ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਕੋਈ ਵਪਾਰ ਖੋਲ੍ਹਣ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮਨਰੇਗਾ ’ਚ 150 ਦਿਨ ਕੰਮ ਮਿਲੇਗਾ ਅਤੇ 10 ਲਖ ਨੌਜਵਾਨਾਂ ਨੂੰ ਗ੍ਰਾਮ ਪੰਚਾਇਤਾਂ ’ਚ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਰਾਹੁਲ ਨੇ ਇਹ ਵੀ ਕਿਹਾ ਕਿ ਜੀ. ਡੀ.ਪੀ. ਦਾ 6 ਫ਼ੀਸਦੀ ਪੈਸਾ ਹਿੰਦੁਸਤਾਨ ਦੀ ਸਿਖਿਆ ’ਤੇ ਖ਼ਰਚ ਕੀਤਾ ਜਾਵੇਗਾ। ਚੋਣ ਮਨੋਰਥ ਪਤਰ ਬਣਾਉਣ ਦੀ ਪ੍ਰਕਿਰਿਆ ਬਾਰੇ ਦਸਦਿਆਂ ਕਮੇਟੀ ਦੇ ਪ੍ਰਧਾਨ ਰਾਜੀਵ ਗੌੜਾ ਨੇ ਦਸਿਆ ਕਿ ਲੋਕਾਂ ਦੀ ਆਵਾਜ਼ ਸੁਣੀ ਗਈ ਹੈ। ਪੂਰੇ ਦੇਸ਼ ਤੋਂ ਵਿਚਾਰ ਜਮ੍ਹਾ ਕੀਤੇ ਗਏ ਅਤੇ ਉਸ ਤੋਂ ਬਾਅਦ ਵਿਚਾਰਾਂ ਨੂੰ ਚੋਣ ਮਨੋਰਥ ਪਤਰ ਦਾ ਹਿਸਾ ਬਣਾਇਆ ਗਿਆ ਹੈ। ਕੁੱਲ 1,60,000 ਵਿਚਾਰ ਪਾਰਟੀ ਨੂੰ ਪ੍ਰਾਪਤ ਹੋਏ ਹਨ। ਚੋਣ ਮਨੋਰਥ ਪਤਰ ਕਮੇਟੀ ਦੇ ਪ੍ਰਧਾਨ ਪੀ. ਚਿਦੰਬਰਮ ਨੇ ਦਸਿਆ ਕਿ ਇਸ ਵਿਚ ਔਰਤਾਂ, ਛੋਟੇ ਵਪਾਰੀਆਂ, ਸਿਖਿਆ, ਸਿਹਤ, ਕੌਮੀ ਸੁਰਖਿਆ ਦਾ ਵੀ ਧਿਆਨ ਰਖਿਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਭਵਿਖ ਦਾ ਰਾਹ ਦਿਖਾਉਣ ਵਾਲਾ ਚੋਣ ਮਨੋਰਥ ਪਤਰ ਹੋਵੇਗਾ। ਕਾਂਗਰਸ ਲਈ ਅਜ ਦਾ ਦਿਨ ਇਤਿਹਾਸਕ ਹੋਵੇਗਾ। ਗ਼ਰੀਬੀ, ਬੀਮਾਰੀ ਨਾਲ ਜਦੋਜਹਿਦ ਕਰ ਰਹੇ ਦੇਸ਼ ਲਈ ਲੋੜੀਂਦੀਆਂ ਯੋਜਨਾਵਾਂ ਦਾ ਜ਼ਿਕਰ ਹੋਵੇਗਾ।

Send this to a friend