ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ’ਤੇ ਭਾਰਤ-ਪਾਕਿ ਵਿਚਾਲੇ 2 ਨੂੰ ਹੋਣ ਵਾਲੀ ਬੈਠਕ ਟਲੀ

ਭਾਰਤ ਵੱਲੋਂ ਪਾਕਿ ਗੁਰਦੁਆਰਾ ਕਮੇਟੀ ’ਚ ਖ਼ਾਲਿਸਤਾਨ ਪੱਖੀਆਂ ਨੂੰ ਸ਼ਾਮਿਲ ਕਰਨ ’ਤੇ ਇਤਰਾਜ਼

ਨਵੀਂ ਦਿੱਲੀ, 29 ਮਾਰਚ- ਕਰਤਾਰਪੁਰ ਲਾਂਘੇ ’ਤੇ ਆਉਂਦੀ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ ਨੇ ਇਸ ਮਾਮਲੇ ਬਾਰੇ ਪਾਕਿਸਤਾਨ ਦੀ ਕਮੇਟੀ ’ਚ ਖ਼ਾਲਿਸਤਾਨੀ ਪਖੀ ਲੀਡਰਾਂ ਦੀ ਮੌਜੂਦਗੀ ’ਤੇ ਸਵਾਲ ਚੁਕਦਿਆਂ ਬੈਠਕ ਨੂੰ ਅਗੇ ਪਾ ਦਿਤਾ ਹੈ। ਬੈਠਕ ਮੁਲਤਵੀ ਹੋਣ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਦਿਤੀ ਹੈ। ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿਸਤਾਨ ਵਲੋਂ ਗਠਿਤ 10 ਮੈਂਬਰੀ ਕਮੇਟੀ ’ਚ ਅਧੇ ਮੈਂਬਰ ਖ਼ਾਲਿਸਤਾਨ ਸਮਰਥਕ ਅਤੇ ਭਾਰਤ ਵਿਰੁਧ ਬੋਲਣ ਵਾਲੇ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ 2 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹਦ ’ਤੇ ਹੋਣ ਵਾਲੀ ਅਗਲੀ ਬੈਠਕ ਨੂੰ ਟਾਲਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਕੋਲ ਆਪਣੀਆਂ ਸੁਰਖਿਆ ਚਿੰਤਾਵਾਂ ਨੂੰ ਸਾਂਝੇ ਕਰਦਿਆਂ ਜਵਾਬ ਵੀ ਮੰਗਿਆ ਹੈ। ਅਧਿਕਾਰਕ ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂੰ ਕਰਾਇਆ ਅਤੇ ਕਿਹਾ ਕਿ ਅਗਲੀ ਬੈਠਕ 2 ਅਪ੍ਰੈਲ ਦੀ ਬਜਾਏ ਪਾਕਿਸਤਾਨ ਦਾ ਜਵਾਬ ਮਿਲਣ ਤੋਂ ਬਾਅਦ ਆਪਸ ’ਚ ਤੈਅ ਤਰੀਕ ’ਤੇ ਹੋਵੇਗੀ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਤਕਨੀਕੀ ਵਿਸ਼ਿਆਂ ’ਤੇ ਅਗਲੀ ਬੈਠਕ ਅਪ੍ਰੈਲ ਦੇ ਮਧ ’ਚ ਬੁਲਾਉਣ ਦੀ ਗਲ ਕਹੀ ਹੈ। ਸੂਤਰਾਂ ਮੁਤਾਬਕ ਤਿੰਨ ਦਿਨ ਪਹਿਲਾਂ ਕਰਤਾਰਪੁਰ ਸਾਹਿਬ ’ਤੇ ਇਕ 10 ਮੈਂਬਰੀ ਕਮੇਟੀ ਪਾਕਿਸਤਾਨ ਕੈਬਨਿਟ ਵਲੋਂ ਗਠਿਤ ਕੀਤੀ ਗਈ ਸੀ। ਇਸ ਕਮੇਟੀ ਵਿਚ ਕੁਝ ਵਿਵਾਦਿਤ ਨਾਂਅ ਹਨ, ਜਿਨ੍ਹਾਂ ’ਚ ਗੋਪਾਲ ਸਿੰਘ ਚਾਵਲਾ ਵੀ ਸ਼ਾਮਿਲ ਹੈ। ਚਾਵਲਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ। ਸੂਤਰਾਂ ਨੇ ਕਿਹਾ ਹੈ ਕਿ ਭਾਰਤ ਇਸ ਲਾਂਘੇ ਨੂੰ ਖੋਲ੍ਹਣ ਦੀ ਆਪਣੀ ਵਚਨਬਧਤਾ ’ਤੇ ਕਾਇਮ ਹੈ ਪਰ ਕੌਮੀ ਸੁਰਖਿਆ ਅਤੇ ਦੇਸ਼ ਦੀ ਅਖੰਡਤਾ ਨਾਲ ਜੁੜੀਆਂ ਚਿੰਤਾਵਾਂ ਸਭ ਤੋਂ ਉਪਰ ਹਨ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸੂਚਿਤ ਕੀਤਾ ਹੈ ਕਿ ਕੌਰੀਡੋਰ ਸਬੰਧੀ ਅਗਲੀ ਬੈਠਕ ਪਾਕਿਸਤਾਨ ਦੇ ਜਵਾਬ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਭਾਰਤ ਨੇ ਖ਼ਾਲਿਸਤਾਨ ਪਖੀ ਗੋਪਾਲ ਸਿੰਘ ਚਾਵਲਾ ਦੀ ਪਾਕਿਸਤਾਨ ਦੇ ਪੈਨਲ ਵਿਚ ਮੌਜੂਦਗੀ ’ਤੇ ਸਵਾਲ ਚੁਕੇ ਸਨ। ਭਾਰਤ ਦਾ ਕਹਿਣਾ ਹੈ ਕਿ ਉਸ ਨੂੰ ਪੈਨਲ ਤੋਂ ਬਾਹਰ ਕੀਤੇ ਜਾਣ ਮਗਰੋਂ ਹੀ ਲਾਂਘੇ ਦੀਆਂ ਸ਼ਰਤਾਂ ਤੈਅ ਕਰਨ ਦੀ ਗਲ ਅਗੇ ਵਧ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਲੋਂ ਸ਼ਰਧਾਲੂਆਂ ਨੂੰ ਬਗ਼ੈਰ ਵੀਜ਼ਾ ਤੇ ਪੈਦਲ ਆਉਣ-ਜਾਣ ਦੀ ਖੁਲ੍ਹ ਅਤੇ ਯਾਤਰੂਆਂ ਦੀ ਗਿਣਤੀ ਬਾਰੇ ਪਾਕਿਸਤਾਨ ਨੂੰ ਦਸਿਆ ਸੀ।

Send this to a friend