ਬੀਤੀ ਰਾਤ ਖ਼ੁਦ ਨੂੰ ਮਾਰੀ ਸੀ ਗੋਲੀ
ਮੋਰਿੰਡਾ, 28 ਮਾਰਚ (ਹਰਜਿੰਦਰ ਸਿੰਘ ਛਿੱਬਰ)- ਬੀਤੀ ਰਾਤ ਪੁਲਿਸ ਥਾਣਾ ਸਦਰ ਮੋਰਿੰਡਾ ਦੇ ਏ.ਐਸ.ਆਈ. ਗੁਰਮੀਤ ਸਿੰਘ ਵੱਲੋਂ ਖ਼ੁਦ ਨੂੰ ਗੋਲੀ ਮਾਰ ਲਈ ਗਈ ਸੀ। ਜਿਸਨੂੰ ਗੰਭੀਰ ਜਖ਼ਮੀ ਹਾਲਤ ’ਚ ਮੋਰਿੰਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਵੱਲੋਂ ਜਖ਼ਮੀ ਨੂੰ ਇਲਾਜ਼ ਲਈ ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ ਸੀ ਜਿਸਦੀ ਇਲਾਜ਼ ਦੌਰਾਨ ਮੋਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਬੀਤੀ ਰਾਤ ਮੈਨੂੰ ਪੁਲਿਸ ਥਾਣਾ ਮੋਰਿੰਡਾ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਏ.ਐਸ.ਆਈ. ਗੁਰਮੀਤ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ ਹੈ ਅਤੇ ਉਸਨੂੰ ਇਲਾਜ ਲਈ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੋਰਿੰਡਾ ਥਾਣੇ ਪੁੱਜੇ ਅਤੇ ਘਟਨਾ ਸਥੱਲ ਦਾ ਜਾਇਜ਼ਾ ਲਿਆ ਜਿਥੇ ਇੱਕ ਸੋਫੇ ਦੇ ਨਜ਼ਦੀਕ ਰਿਵਾਲਵਰ ਪਿਆ ਸੀ ਅਤੇ ਸੋਫ਼ੇ ਨਜ਼ਦੀਕ ਬਹੁਤ ਖੂਨ ਡੁੱਲਿਆ ਪਿਆ ਸੀ। ਡੀ.ਐਸ.ਪੀ. ਵਿਰਕ ਨੇ ਦੱਸਿਆ ਕਿ ਪੀ.ਜੀ.ਆਈ. ਦੇ ਡਾਕਟਰਾਂ ਨੇ ਏ.ਐਸ.ਆਈ. ਗੁਰਮੀਤ ਸਿੰਘ ਦੀ ਇਲਾਜ਼ ਦੌਰਾਨ ਮੋਤ ਹੋਣ ਦੀ ਪੁਸ਼ਟੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਏ.ਐਸ.ਆਈ. ਦੇ ਅਜਿਹਾ ਕਦਮ ਕਿਉਂ ਚੁੱਕਿਆ ਇਸਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਪਿੱਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਦਿਖਾਈ ਦੇ ਰਿਹਾ ਸੀ। ਹਸਮੁੱਖ ਸੁਭਾਅ ਦੇ ਗੁਰਮੀਤ ਸਿੰਘ ਦੀ ਮੋਤ ਦੀ ਖ਼ਬਰ ਨੇ ਜਿਥੇ ਸਾਕ ਸਬੰਧੀਆਂ ਦੇ ਦਿਲਾਂ ਨੂੰ ਦੁੱਖ ਪਹੁੰਚਾਇਆ ਹੈ ਉਥੇ ਹੀ ਪੁਲਿਸ ਵਿਭਾਗ ਅਤੇ ਮੋਰਿੰਡਾ ਇਲਾਕੇ ’ਚ ਵੀ ਸੋਗ ਦੀ ਲਹਿਰ ਹੈ।