ਸੂਬਾ ਸਰਕਾਰ ਦੀ ਡੀ.ਜੀ.ਪੀ. ਅਤੇ ਮੁਖ ਸਕਤਰ ਵਿਰੁਧ ਮਾਣਹਾਨੀ ਕਾਰਵਾਈ ਖ਼ਤਮ ਕਰਨ ਦੀ ਅਪੀਲ ਵੀ ਰਦ
ਨਵੀਂ ਦਿਲੀ, 26 ਮਾਰਚ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸ਼ਾਰਦਾ ਚਿਟਫੰਡ ਘਪਲਾ ਮਾਮਲੇ ’ਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੀ ਪੁਛ-ਗਿਛ ਨਾਲ ਸਬੰਧਤ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਨਵੀਂ ਰਿਪੋਰਟ ’ਚ ਕੀਤੇ ਗਏ ਖੁਲਾਸੇ ਨੂੰ ਬੇਹਦ ਗੰਭੀਰ ਦਸਿਆ। ਚੀਫ ਜਸਟਿਸ ਰੰਜਨ ਗੋਗੋਈ, ਦੀਪਕ ਗੁਪਤਾ ਅਤੇ ਸੰਜੀਵ ਖੰਨਾ ਦੀ ਬੈਂਚ ਨੇ ਸੀ.ਬੀ.ਆਈ. ਬਨਾਮ ਪਛਮੀ ਬੰਗਾਲ ਸਰਕਾਰ ਮਾਮਲੇ ’ਚ ਸੁਣਵਾਈ ਦੌਰਾਨ ਕਿਹਾ ਕਿ ਪੁਲਿਸ ਕਮਿਸ਼ਨਰ ਤੋਂ ਪੁਛ-ਗਿਛ ਦੇ ਆਧਾਰ ’ਤੇ ਸੀ.ਬੀ.ਆਈ. ਵਲੋਂ ਪੇਸ਼ ਸੀਲਬੰਦ ਪ੍ਰਗਤੀ ਰਿਪੋਰਟ ਬੇਹਦ ਗੰਭੀਰ ਹੈ ਅਤੇ ਉਹ ਆਪਣੀਆਂ ਅਖਾਂ ਬੰਦ ਨਹੀਂ ਰਖ ਸਕਦੀ।ਕੋਰਟ ਨੇ ਕਿਹਾ, ‘ਅਸੀਂ ਸਥਿਤੀ ਰਿਪੋਰਟ ਦੇਖੀ ਹੈ। ਸੀ.ਬੀ.ਆਈ. ਜੇਕਰ ਸਬੰਧਤ ਮੁਦੇ ’ਤੇ ਵਖ ਤੋਂ ਅਰਜ਼ੀ ਦੇਣਾ ਚਾਹੁੰਦੀ ਹੈ ਤਾਂ ਇਕ ਹਫਤੇ ਦੇ ਅੰਦਰ ਦੇ ਦੇਵੇ।’ ਅਦਾਲਤ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਅਰਜ਼ੀ ਦਿਤੇ ਜਾਣ ਦੇ 10 ਦਿਨਾਂ ਦੇ ਅੰਦਰ ਸ਼੍ਰੀ ਕੁਮਾਰ ਜਵਾਬ ਦਾਖਲ ਕਰਨਗੇ।ਮਾਮਲਾ ਗੰਭੀਰ ਤਾਂ ਹੈ ਪਰ ਸ਼੍ਰੀ ਕੁਮਾਰ ਨੂੰ ਮੌਕਾ ਦਿਤੇ ਬਿਨਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।ਇਸ ਦੌਰਾਨ ਬੈਂਚ ਨੇ ਰਾਜ ਸਰਕਾਰ ਦੀ ਉਸ ਅਪੀਲ ਨੂੰ ਵੀ ਠੁਕਰਾ ਦਿਤਾ, ਜਿਸ ਵਿਚ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਮੁਖ ਸਕਤਰ ਵਿਰੁਧ ਮਾਣਹਾਨੀ ਕਾਰਵਾਈ ਖਤਮ ਕਰਨ ਲਈ ਕਿਹਾ ਗਿਆ ਸੀ। ਅਦਾਲਤ ਨੇ ਕਿਹਾ ਕਿ ਮਾਣਹਾਨੀ ਪਟੀਸ਼ਨ ’ਤੇ ਵਿਚਾਰ ਕਰਦੇ ਸਮੇਂ ਜੇਕਰ ਕੁਝ ਗੰਭੀਰ ਗਲਾਂ ਨੋਟਿਸ ਵਿਚ ਆਉਂਦੀਆਂ ਹਨ ਅਤੇ ਉਸ ’ਤੇ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਉਹ ਅਖਾਂ ਬੰਦ ਕਰ ਕੇ ਨਹੀਂ ਰਹਿ ਸਕਦਾ।