ਰਾਜਪੁਰਾ ਪੁਲਿਸ ਵੱਲੋਂ 1 ਕੁਇੰਟਲ 65 ਕਿਲੋ ਚਾਂਦੀ ਦੇ ਗਹਿਣਿਆਂ ਦੀ ਵੱਡੀ ਖੇਪ ਬਰਾਮਦ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਅਚਾਨਕ ਨਾਕਾਬੰਦੀ ਦੌਰਾਨ ਰਾਜਪੁਰਾ ਤੋਂ ਬਰਾਮਦ ਹੋਈ ਚਾਂਦੀ : ਐਸ.ਐਸ.ਪੀ.

ਪਟਿਆਲਾ, 26 ਮਾਰਚ (ਦਇਆ ਸਿੰਘ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਲਾਈ ਗਈ ਤਲਾਸ਼ੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਰਾਜਪੁਰਾ ਵਿਖੇ ਪੁਲਿਸ ਵੱਲੋਂ ਅਚਨਚੇਤ ਕੀਤੀ ਨਾਕਾਬੰਦੀ ਦੌਰਾਨ ਚਾਂਦੀ ਦੀ ਗਹਿਣਿਆਂ ਦੇ ਰੂਪ ’ਚ ਵੱਡੀ ਖੇਪ ਦੀ ਬਰਾਮਦ ਹੋਈ। ਚਾਂਦੀ ਦੀ ਇਹ ਖੇਪ 1 ਕੁਇੰਟਲ 65 ਕਿਲੋ ਵੱਖ-ਵੱਖ ਗਹਿਣਿਆਂ ਦੇ ਰੂਪ ’ਚ ਹੈ, ਜੋਕਿ ਮਥੁਰਾ ਤੋਂ ਜਲੰਧਰ ਲਿਜਾਈ ਜਾ ਰਹੀ ਸੀ। ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਪੁਲਿਸ ਲਾਇਨਜ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਇਨ੍ਹਾਂ ਚਾਂਦੀ ਦੇ ਗਹਿਣਿਆਂ ਬਾਬਤ ਕੋਈ ਵੀ ਜਾਇਜ਼ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਸ. ਸਿੱਧੂ ਨੇ ਦੱਸਿਆ ਕਿ ਹਲਕਾ ਰਾਜਪੁਰਾ ਤੇ ਘਨੌਰ ਦੇ ਨੋਡਲ ਅਫ਼ਸਰ ਐਸ.ਪੀ. ਸੁਰੱਖਿਆ ਸ੍ਰੀ ਸਤਵੀਰ ਸਿੰਘ ਅਠਵਾਲ ਦੀ ਅਗਵਾਈ ਤੇ ਡੀ.ਐਸ.ਪੀ. ਰਾਜਪੁਰਾ ਸ. ਮਨਪ੍ਰੀਤ ਸਿੰਘ ਦੀ ਦੇਖ-ਰੇਠ ਹੇਠ ਥਾਣਾ ਸਦਰ ਰਾਜਪੁਰਾ ਦੇ ਐਸ.ਆਈ. ਸਰਦਾਰਾ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਨੈਸ਼ਨਲ ਹਾਈਵੇ ਨੰਬਰ 1 ਨੇੜੇ ਜਸ਼ਨ ਹੋਟਲ ਰਾਜਪੁਰਾ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਅਚਾਨਕ ਨਾਕਾਬੰਦੀ ਦੌਰਾਨ ਇਹ ਚਾਂਦੀ ਇੱਕ ਸਕੌਡਾ ਕਾਰ ਨੰਬਰ ਸੀ.ਐਚ. 01 ਏ. ਆਰ. 4482 ਵਿਚੋਂ ਬਰਾਮਦ ਹੋਈ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਕਾਰ ਵਿੱਚ ਸਵਾਰ ਜਤਿੰਦਰ ਕੁਮਾਰ ਬਾਂਸਲ ਪੁੱਤਰ ਸੁੰਦਰ ਬਾਂਸਲ ਵਾਸੀ ਮਥੁਰਾ ਉਤਰ ਪ੍ਰਦੇਸ ਅਤੇ ਉਸਦੇ ਨਾਲ ਇੱਕ ਔਰਤ ਵੀ ਸੀ ਵੱਲੋਂ ਇਸ ਚਾਂਦੀ ਨੂੰ ਕਾਰ ਦੀਆਂ ਸੀਟਾਂ ਕੱਟਕੇ ਵਿਸ਼ੇਸ਼ ਤੌਰ ’ਤੇ ਬਣਾਂਏ ਗਏ ਖੁਫ਼ੀਆ ਖਾਨਿਆਂ ਵਿੱਚ ਲੁਕੋਇਆ ਗਿਆ ਸੀ, ਜਿਸ ਤੋਂ ਪਹਿਲੀ ਨਜ਼ਰ ’ਤੇ ਵੇਖਿਆਂ ਇਹ ਮਾਮਲਾ ਤਸਕਰੀ ਦਾ ਵੀ ਲਗਦਾ ਹੈ ਪਰੂੰਤੂ ਇਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।ਇਸ ਮੌਕੇ ਐਸ.ਪੀ. ਸਥਾਨਕ ਹਰਜੋਤ ਗਰੇਵਾਲ, ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸਤਵੀਰ ਸਿੰਘ ਅਠਵਾਲ, ਡੀ.ਐਸ.ਪੀ. ਰਾਜਪੁਰਾ ਸ. ਮਨਪ੍ਰੀਤ ਸਿੰਘ, ਐਸ.ਆਈ. ਸਰਦਾਰਾ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

Send this to a friend