ਸੰਗਰੂਰ, 16 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)- ਬੀਤੇ ਦਿਨੀਂ ਭਾਜਪਾ ਆਗੂ ਸੁਬਰਾਮੱਨੀਅਮ ਸੁਆਮੀ ਵਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਬੇਟੀ ਪ੍ਰਿਯੰਕਾ ਗਾਂਧੀ ਨੂੰ ਸ਼ਰਾਬੀ ਕਹਿਣ ’ਤੇ ਭੜਕੇ ਕਾਂਗਰਸੀਆਂ ਨੇ ਨੇੜੇ ਪਿੰਡ ਲਿੱਦੜਾਂ ਵਿਖੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਉਕਤ ਭਾਜਪਾ ਆਗੂ ਦਾ ਪੁਤਲਾ ਸਾੜ ਕੇ ਉਸ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀਬੀ ਕਾਂਗੜਾ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਨਾਰੀ ਜਾਤੀ ਦਾ ਅਪਮਾਨ ਕੀਤਾ ਹੈ। ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ਸਾਰੀ ਤਾਕਤ ਔਰਤਾਂ ਦੀ ਜਾਸੂਸੀ ਕਰਨ ਵਿਚ ਲਗਾ ਦਿੱਤੀ। ਅਤੇ ਹੋਰ ਵੀ ਭਾਜਪਾ ਦੇ ਆਗੂਆਂ ਵਲੋਂ ਔਰਤਾਂ ਪ੍ਰਤੀ ਅਪਮਾਨਿਕ
ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਕਤ ਭਾਜਪਾ ਆਗੂ ਨੇ ਇਕ ਬਿਨਾ ਪਿਤਾ ਦੇ ਬੇਟੀ ਜਿਸ ਦੇ ਪਿਤਾ ਸਵ. ਰਾਜੀਵ ਗਾਂਧੀ ਅਤੇ ਉਨ੍ਹਾਂ ਦੇ ਦਾਦੀ ਜੀ ਸਵ. ਇੰਦਰਾ ਗਾਂਧੀ ਨੇ ਦੇਸ਼ ਲਈ ਆਪਣੀ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਉਸ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਕੇ ਭਾਜਪਾ ਨੂੰ ਦੇਸ਼ ਭਰ ਦੀਆਂ ਔਰਤਾਂ ਦਾ ਅਪਮਾਨ ਕੀਤਾ ਹੈ। ਜਿਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕੋਈ ਵੀ ਵਿਅਕਤੀ ਨਾਰੀ ਸ਼ਕਤੀ ਨੂੰ ਕਮਜ਼ੋਰ ਸਮਝ ਕੇ ਅਜਿਹੇ ਸ਼ਬਦ ਵਰਤਣ ਤੋਂ ਸੰਕੋਚ ਕਰੇ। ਇਸ ਮੌਕੇ ਲਖਮੀਰ ਸਿੰਘ ਸੇਖੋਂ, ਬੀਬੀ ਸਰਬਜੀਤ ਕੌਰ ਸਿੱਧੂ, ਬੀਬੀ ਬਲਜੀਤ ਕੌਰ, ਗੁਰਦੇਵ ਸਿੰਘ, ਜੋਗਿੰਦਰ ਸਿੰਘ, ਦਲਵਾਰਾ ਸਿੰਘ ਲਿੱਦੜਾਂ, ਸ਼ੇਰ ਸਿੰਘ, ਜਗਦੇਵ ਸਿੰਘ ਹੈਪੀ, ਮਨਜੀਤ ਕੌਰ, ਜਸਵੀਰ ਕੌਰ, ਸਵਰਨ ਕੌਰ, ਸਰਬਜੀਤ ਕੌਰ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ।



