ਆਰ.ਜੇ.ਡੀ. 20, ਕਾਂਗਰਸ 9 ਅਤੇ ਆਰ.ਐਲ.ਐਸ.ਪੀ. 5 ਸੀਟਾਂ ਤੋਂ ਲੜੇਗੀ ਚੋਣ
ਪਟਨਾ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪਟਨਾ ’ਚ ਮਹਾਂਗਠਜੋੜ ਵਿਚਾਲੇ ਸੀਟਾਂ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਚਲ ਰਹੀ ਖਿਚੋਤਾਣ ਅਤੇ ਵਿਵਾਦਾਂ ’ਤੇ ਅਜ ਵਿਰਾਮ ਲਗ ਗਿਆ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਅਜ ਸ਼ਾਮ ਚਾਰ ਵਜੇ ਤੋਂ ਬਾਅਦ ਹੋਈ ਸੰਯੁਕਤ ਪ੍ਰੈਸ ਕਾਨਫਰੰਸ ’ਚ ਇਸ ਦਾ ਰਸਮੀ ਐਲਾਨ ਕੀਤਾ ਗਿਆ। ਆਰ.ਜੇ.ਡੀ. ਦੇ ਸੂਬਾ ਪ੍ਰਧਾਨ ਰਾਮਚੰਦਰ ਨੇ ਐਲਾਨ ਕਰਦਿਆਂ ਕਿਹਾ ਕਿ ਆਰ.ਜੇ.ਡੀ. ਨੂੰ 20, ਕਾਂਗਰਸ ਨੂੰ 9, ਆਰ.ਐਲ.ਐਸ.ਪੀ. ਨੂੰ ਪੰਜ ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਸਿਆ ਕਿ ਜੀਤਨ ਰਾਮ ਮਾਂਝੀ ਦੀ ‘ਹਮ’ ਪਾਰਟੀ 3 ਸੀਟਾਂ ’ਤੇ ਚੋਣ ਲੜੇਗੀ। ਮਹਾਂਗਠਜੋੜ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਰਾਬੜੀ ਦੇਵੀ ਦੇ ਨਿਵਾਸ ’ਤੇ ਪਾਰਟੀਆਂ ਦੇ ਆਗੂਆਂ ਦੀ ਮਹਤਵਪੂਰਨ ਬੈਠਕ ਹੋਈ, ਜਿਸ ’ਚ ਸੀਟਾਂ ਦੇ ਮਾਮਲੇ ’ਤੇ ਮੰਥਨ ਕੀਤਾ ਗਿਆ। ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜੱਸਵੀ ਯਾਦਵ ਨੇ ਬੀਤੇ ਦਿਨ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਦਾ ਮਹਾਗਠਬੰਧਨ ਬਰਕਰਾਰ ਹੈ।