ਗੁਰਦਾਸਪੁਰ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਅਤੇ ਭਾਰਤ ਦੇ ਤਕਨੀਕੀ ਵਿਭਾਗ ਦੇ ਮਾਹਿਰਾਂ ਵਿਚਾਲੇ ਮੰਗਲਵਾਰ ਨੂੰ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਸਬੰਧੀ ਤਕਨੀਕੀ ਬੈਠਕ ਹੋਈ। ਇਸ ਬੈਠਕ ਵਿਚ ਪ੍ਰਾਜੈਕਟ ਨਾਲ ਸਬੰਧਤ ਰਸਮੀ ਕਾਰਵਾਈਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਦੇ ਬਾਅਦ ਇਕ ਪਤਰਕਾਰ ਸੰਮੇਲਨ ’ਚ ਡਾਕਟਰ ਫੈਜ਼ਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਪ੍ਰਸਤਾਵਿਤ ਸਮਝੌਤੇ ਦੇ ਵਖ-ਵਖ ਪਹਿਲੂਆਂ ਅਤੇ ਪ੍ਰਬੰਧਾਂ ’ਤੇ ਵਿਸਤ੍ਰਿਤ ਅਤੇ ਰਚਨਾਤਮਕ ਚਰਚਾ ਕੀਤੀ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ ਅਗੇ ਵਧਾਉਣ ’ਤੇ ਸਹਿਮਤੀ ਜ਼ਾਹਰ ਕੀਤੀ। ਦੋਹਾਂ ਦੇਸ਼ਾਂ ਵਿਚਾਲੇ ਅਗਲੀ ਬੈਠਕ 2 ਅਪ੍ਰੈਲ ਨੂੰ ਵਾਹਗਾ ਵਿਖੇ ਹੋਵੇਗੀ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ 14 ਮਾਰਚ ਨੂੰ ਅਟਾਰੀ ਵਿਖੇ ਪਾਕਿਸਤਾਨ ਅਤੇ ਭਾਰਤੀ ਵਫਦ ਦੀ ਬੈਠਕ ਦੇ ਬਾਅਦ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਵਿਚਾਲੇ ਬੈਠਕ ਦਾ ਐਲਾਨ ਕੀਤਾ ਸੀ। ਉਧਰ ਚੀਨ ਨੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਈ ਬੈਠਕ ਦਾ ਸਵਾਗਤ ਕੀਤਾ ਹੈ। ਬੀਜਿੰਗ ਵਿਚ ਪਤਰਕਾਰ ਸੰਮੇਲਨ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਆਸ ਜ਼ਾਹਰ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਤ ਤਰਕੀ ਨਾਲ ਖੇਤਰ ਵਿਚ ਤਨਾਅ ਘਟ ਕਰਨ ਵਿਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਬੀਤੇ ਸਾਲ ਨਵਬੰਰ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪਥਰ ਰਖਿਆ ਸੀ। ਇਸ ਸਮਾਗਮ ਵਿਚ ਭਾਰਤ ਵਲੋਂ ਸਾਬਕਾ ਕ੍ਰਿਕਟਰ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿਧੂ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਸੂਰੀ ਸ਼ਾਮਲ ਹੋਏ ਸਨ