ਸ੍ਰੀਨਗਰ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਕੇਂਦਰੀ ਮੰਤਰੀ ਫਾਰੂਖ ਅਬਦੁੱਲਾ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਮੁਸਲਮਾਨਾਂ ਦਾ ਸਫਾਇਆ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਕਾਂਗਰਸ ਉਨ੍ਹਾਂ ਦੇ ਇਹ ਮਨਸੂਬੇ ਸਫਲ ਨਹੀਂ ਹੋਣ ਦੇਵੇਗੀ।ਜੰਮੂ-ਕਸ਼ਮੀਰ ਵਿੱਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਖ ਅਬਦੁੱਲਾ ਨੇ ਇੱਥੇ ਕਿਹਾ ਕਿ ਮੈਨੂੰ ਮੋਦੀ ਤੋਂ ਨਹੀਂ ਬਲਕਿ ਭਾਰਤ ਦੇ ਪ੍ਰਤੀ ਉਨ੍ਹਾਂ ਦੀ ਮਨਸ਼ਾ ਤੋਂ ਡਰ ਹੈ। ਜੇਕਰ ਸੱਚਾਈ ਸੁਣਨਾ ਚਾਹੁੰਦੇ ਹੋ ਤਾਂ ਸੱਚਾਈ ਇਹ ਹੈ ਕਿ ਉਹ ਮੁਸਲਮਾਨਾਂ ਦਾ ਸਫਾਇਆ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਫਿਰਕੂ ਸਿਆਸਤ ਚਾਹੁੰਦੇ ਹਨ ਅਤੇ ਦੇਸ਼ ਨੂੰ ਫਿਰਕੂਵਾਦ ਵਾਲੇ ਪਾਸੇ ਲੈ ਕੇ ਜਾ ਰਹੇ ਹਨ।ਸ੍ਰੀਨਗਰ ਲੋਕ ਸਭਾ
ਸੀਟ ਤੋਂ ਮੁੜ ਤੋਂ ਚੁਣੇ ਜਾਣ ਲਈ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵਚਨਵੱਧ ਹੈ ਕਿ ਅਫਸਪਾ ਉਨ੍ਹਾਂ ਖੇਤਰਾਂ ਤੋਂ ਹਟਾਇਆ ਜਾਵੇ ਜਿੱਥੇ ਉਸ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪ੍ਰੇਸ਼ਾਨੀ ਵਾਲੀ ਗੱਲ ਵੀ ਕੋਈ ਵੀ ਨਹੀਂ ਹੈ। ਇਸ ਵਿਚਾਲੇ ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਸੈਫੂਦੀਨ ਸੋਜ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸੋਚਣਾ ਅਤੇ ਦੇਖਣਾ ਚਾਹੀਦਾ ਹੈ ਕਿ ਨਰਿੰਦਰ ਮੋਦੀ ਦੇ ਕੋਲ ਕਿੰਨਾ ਧਨ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਮੋਦੀ ਨੇ ਮੀਡੀਆ ਉੱਪਰ 5000 ਕਰੋੜ ਰੁਪਏ ਖਰਚ ਕੀਤੇ ਹਨ।



