ਕਾਨੂੰਗੋ ਦੇ ਸਹਾਇਕ, ਕਵੀ, ਕਵੀਸ਼ਰੀ ਅਤੇ ਫਿਰ ਰਾਜਨੀਤੀ ਨੂੰ ਆਪਣਾ ਕਾਰਜਖੇਤਰ ਬਣਾਉਣ ਵਾਲੇ ਧੰਨਾ ਸਿੰਘ ਗੁਲਸ਼ਨ ਦਾ ਸਮੁੱਚਾ ਜੀਵਨ ਜਦੋਜਹਿਦ ਅਤੇ ਮੁਸੀਬਤਾਂ ਭਰਿਆ ਰਿਹਾ ਹੈ। ਉਨ੍ਹਾਂ ਨੂੰ ਜ਼ਿੰਦਗੀ ਵਿਚ ਸਥਾਪਤ ਹੋਣ ਲਈ ਵੱਖ-ਵੱਖ ਥਾਵਾਂ ਤੇ ਜਾਣਾ ਪਿਆ। 1935 ਤੱਕ ਆਪ ਦਰ ਦਰ ਦੀਆਂ ਠੋਕਰਾਂ ਖਾਂਦੇ ਰਹੇ। ਧੰਨਾ ਸਿੰਘ ਗੁਲਸ਼ਨ ਦਾ ਜਨਮ ਮਜ਼ਹਬੀ ਗੁਰਸਿਖ ਪਰਿਵਾਰ ਵਿਚ ਨਾਭਾ ਰਿਆਸ਼ਤ ਦੇ ਬਠਿੰਡਾ ਜਿਲ੍ਹੇ ਦੇ ਪਿੰਡ ਅਕਲੀਆਂ ਜਲਾਲ ਵਿਖੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਬਿਸ਼ਨ ਕੌਰ ਦੇ ਘਰ 28 ਦਸੰਬਰ 1913 ਨੂੰ ਹੋਇਆ। ਆਪਦਾ ਦਾਦਾ ਗੁਰਮੁੱਖ ਸਿੰਘ ਸਿੱਖੀ ਵਿਚਾਰਧਾਰਾ ਤੇ ਪਹਿਰਾ ਦੇਣਾ ਵਾਲਾ ਗੁਰਸਿੱਖ ਸੀ ਪ੍ਰੰਤੂ ਰੋਜ਼ੀ ਰੋਟੀ ਲਈ ਉਹ ਬਰ੍ਹਮਾ ਚਲਾ ਗਿਆ ਅਤੇ ਉਥੇ ਜਾ ਕੇ ਉਥੋਂ ਦੀ ਪੁਲਿਸ ਵਿਚ ਭਰਤੀ ਹੋ ਗਿਆ। ਆਪਦੇ ਪਿਤਾ ਆਪਣੇ ਪਿੰਡ ਵਿਚ ਹੀ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਆਪਦਾ ਇੱਕ ਭਰਾ ਫ਼ੌਜ ਵਿਚ ਭਰਤੀ ਹੋ ਗਿਆ। ਪਿਤਾ ਕਿਸ਼ਨ ਸਿੰਘ ਜਿਵੇਂ ਆਮ ਤੌਰ ਤੇ ਪਿੰਡਾਂ ਦੇ ਲੋਕ ਵਹਿਮਾਂ ਭਰਮਾਂ ਵਿਚ ਪੈ ਜਾਂਦੇ ਹਨ, ਉਹ ਵੀ ਮੜ੍ਹੀਆਂ ਮਸਾਣਾ ਅਤੇ ਪੀਰਾਂ ਫ਼ਕੀਰਾਂ ਨੂੰ ਪੂਜਦਾ ਸੀ। ਜਦੋਂ ਆਪਦੇ ਭਰਾ ਨਿੱਕਾ ਸਿੰਘ ਦਾ ਵਿਆਹ ਹੋਇਆ ਤਾਂ ਆਪਦਾ ਪਰਿਵਾਰ ਮਾਲੇਰਕੋਟਲੇ ਬੱਕਰੇ ਦੀ ਬਲੀ ਚੜ੍ਹਾਉਣ ਲਈ ਚਲਾ ਗਿਆ। ਉਨ੍ਹਾਂ ਦੇ ਨਾਲ ਛੋਟਾ ਬੱਚਾ ਧੰਨਾ ਸਿੰਘ ਵੀ ਗਿਆ। ਬਕਰੇ ਦੀ ਬਲੀ ਪੀਰ ਕਰਦਾ ਉਸਨੇ ਆਪ ਅੱਖੀਂ ਵੇਖਿਆ। ਉਸ ਦਰਦਨਾਕ ਬੱਕਰੇ ਦੇ ਕਤਲ ਤੋਂ ਆਪ ਦੇ ਦਿਲ ਵਿਚ ਅਜਿਹੀਆਂ ਮੰਨਤਾਂ ਬਾਰੇ ਘਿਰਣਾ ਪੈਦਾ ਹੋ ਗਈ। ਮਾਸੂਮ ਧੰਨਾ ਸਿੰਘ ਨੇ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਅੱਗੇ ਅਜਿਹੇ ਕੰਮਾਂ ਤੋਂ ਪ੍ਰਹੇਜ਼ ਕਰਨ ਅਤੇ ਸਿੱਖੀ ਨਾਲ ਜੁੜਨ ਦੀ ਤਾਕੀਦ ਕੀਤੀ। ਉਸ ਘਟਨਾ ਤੋਂ ਬਾਅਦ ਆਪ ਸਿੱਖੀ ਵਿਚ ਪਰੁਚ ਗਿਆ। ਉਸ ਦਿਨ ਤੋਂ ਬਾਅਦ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਗ਼ਰੀਬ ਪਰਿਵਾਰ ਵਿਚ ਪੈਦਾ ਹੋਣ ਕਰਕੇ ਸਕੂਲੀ ਪੜ੍ਹਾਈ ਪੂਰੀ ਨਹੀਂ ਕਰ ਸਕੇ ਪ੍ਰੰਤੂ ਗੁਰਦੁਆਰਾ ਸਾਹਿਬ ਵਿਚ ਆਪ ਨੇ ਸਿਖਿਆ ਪ੍ਰਾਪਤ ਕੀਤੀ। ਆਪਦਾ ਦਾਦਾ ਕਿਉਂਕਿ ਸਿੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ, ਉਹ ਕੀਰਤਨ ਕਰਦਾ ਸੀ, ਧੰਨਾ ਸਿੰਘ ਆਪਣੇ ਦਾਦੇ ਨਾਲ ਕੀਰਤਨ ਸੁਣਨ ਚਲਾ ਜਾਂਦਾ ਸੀ। ਜੇਕਰ ਉਹ ਘਰ ਰਹਿੰਦਾ ਤਾਂ ਉਸਦਾ ਪਿਤਾ ਮਜ਼ਦੂਰੀ ਕਰਨ ਲਈ ਭੇਜ ਦਿੰਦਾ ਸੀ। ਕੀਰਤਨੀ ਜੱਥੇ ਨਾਲ ਜਾਣ ਕਰਕੇ ਸਿੱਖੀ ਵਿਚਾਰਧਾਰਾ ਵਿਚ ਉਸਦਾ ਵਿਸ਼ਵਾਸ ਹੋਰ ਪਕੇਰਾ ਹੋ ਗਿਆ। ਇਕ ਕਿਸਮ ਨਾਲ ਧਾਰਮਿਕ ਵਿਚਾਰਾਂ ਵਿਚ ਪਰੁਚਿਆ ਗਿਆ। ਉਨ੍ਹਾਂ ਦਿਨਾਂ ਵਿਚ ਸਿੰਘ ਸਭਾ ਲਹਿਰ ਵੀ ਜ਼ੋਰਾਂ ਤੇ ਚਲ ਰਹੀ ਸੀ। ਅਲ੍ਹੜ ਉਮਰ ਵਿਚ ਹੀ ਉਹ ਜੈਤੋ ਦੇ ਮੋਰਚੇ ਵਿਚ ਚਲਾ ਗਿਆ, ਜਿਸ ਕਰਕੇ ਉਸਨੂੰ ਗ੍ਰਿਫ਼ਤਾਰ ਕਰਕੇ ਚਰਖੀ ਦਾਦਰੀ ਦੀ ਜੰਗਲ ਕੈਂਪ ਜੇਲ੍ਹ ਵਿਚ ਭੇਜ ਦਿੱਤਾ ਗਿਆ, ਜਿਥੇ ਉਹ ਚਾਰ ਮਹੀਨੇ ਜੇਲ੍ਹ ਵਿਚ ਬੰਦ ਰਿਹਾ। ਆਪਦੇ ਪਿਤਾ ਨੇ ਆਪਨੂੰ ਭੋਡੀਪੁਰੇ ਪਿੰਡ ਵਿਚ ਗਿਆਨੀ ਹਜ਼ਾਰਾ ਸਿੰਘ ਕੋਲ ਪੜ੍ਹਨ ਲਈ ਭੇਜ ਦਿੱਤਾ। ਉਥੇ ਆਪਨੇ ਪੰਜਾਬੀ ਦੀ ਮੁਹਾਰਤ ਹਾਸਲ ਕਰ ਲਈ ਅਤੇ ਪਿੰਗਲ ਤੇ ਵੇਦਾਂਤ ਵੀ ਪੜ੍ਹਿਆ। ਕਿਸ਼ਨ ਸਿੰਘ ਦਾ ਇਕ ਜਾਗੀਰਦਾਰ ਦੋਸਤ ਇਸ ਪਰਿਵਾਰ ਨੂੰ ਆਪਣੇ ਕੋਲ ਲਾਇਲਪੁਰ ਬਾਰ ਦੇ ਇਲਾਕੇ ਵਿਚ ਲੈ ਗਿਆ। ਉਸ ਦੋਸਤ ਨੇ ਕਿਸ਼ਨ ਸਿੰਘ ਨੂੰ ਦੋ ਏਕੜ ਜ਼ਮੀਨ ਪਰਿਵਾਰ ਦੇ ਗੁਜ਼ਾਰੇ ਲਈ ਦੇ ਦਿੱਤੀ। ਕਿਸ਼ਨ ਸਿੰਘ ਚੱਕ ਨੰਬਰ 201, ਤਹਿਸੀਲ ਸਮੁੰਦਰੀ, ਜਿਲ੍ਹਾ ਲਾਇਲਪੁਰ ਵਿਚ ਰਹਿਣ ਲੱਗ ਪਿਆ। ਪ੍ਰੰਤੂ ਧੰਨਾ ਸਿੰਘ ਨੂੰ ਜਾਗੀਰਦਾਰ ਨੇ ਆਪਣੇ ਕੋਲ ਰੱਖ ਲਿਆ। ਉਸ ਜਾਗੀਰਦਾਰ ਨੇ ਧੰਨਾ ਸਿੰਘ ਨੂੰ ਚੱਕ ਨੰਬਰ 109 ਵਿਚ ਮਹਿਤਾ ਨਾਮ ਦੇ ਇੱਕ ਮਾਲ ਕਾਨੂੰਗੋ ਕੋਲ ਕੰਮ ਸਿੱਖਣ ਲਈ ਸਹਾਇਕ ਲਗਵਾ ਦਿੱਤਾ। ਕਨੂੰਗੋ ਸਮਝਦਾਰ ਸੀ, ਉਸਨੇ ਧੰਨਾ ਸਿੰਘ ਨੂੰ ਗੁਜ਼ਾਰੇ ਲਈ 35 ਰੁਪਏ ਦੇ ਦੇਣੇ ਅਤੇ ਸਕੂਲ ਵਿਚ ਰਾਤ ਦੀਆਂ ਕਲਾਸਾਂ ਵਿਚ ਪੜ੍ਹਨ ਲਈ ਦਾਖ਼ਲ ਕਰਵਾ ਦਿੱਤਾ। ਉਥੇ ਧੰਨਾ ਸਿੰਘ ਨੇ 8ਵੀਂ ਤੱਕ ਦੀ ਪੜ੍ਹਾਈ ਕੀਤੀ। ਫਿਰ ਕਿਸ਼ਨ ਸਿੰਘ ਪਰਿਵਾਰ ਨੂੰ ਵਾਪਸ ਅਕਲੀਆਂ ਜਲਾਲ ਪਿੰਡ ਵਾਪਸ ਲੈ ਕੇ ਆ ਗਿਆ। ਇਥੇ ਆ ਕੇ ਆਪਦੇ ਪਿਤਾ ਨੇ ਪਿੰਡ ਵਿਚ ਹੱਟੀ ਪਾ ਲਈ। ਧੰਨਾ ਸਿੰਘ ਦਾ ਵਿਆਹ 14 ਸਾਲ ਦੀ ਉਮਰ ਵਿਚ ਹੀ ਪਿੰਡ ਬਹਿਣੀਵਾਲ ਦੇ ਕਾਲਾ ਸਿੰਘ ਭਲਵਾਨ ਦੀ ਲੜਕੀ ਬਸੰਤ ਕੌਰ ਨਾਲ ਕਰ ਦਿੱਤਾ। ਬਸੰਤ ਕੌਰ ਲੇਖਕ ਸਾਧੂ ਦਯਾ ਸਿੰਘ ਆਰਿਫ਼ ਦੀ ਦੂਰੋਂ ਨੇੜਿਓਂ ਰਿਸ਼ਤੇਦਾਰੀ ਵਿਚੋਂ ਸੀ। ਧੰਨਾ ਸਿੰਘ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਸੀ। ਇਸ ਲਈ ਆਪ ਆਰਿਫ਼ ਕੋਲ ਕਵਿਤਾ ਲਿਖਣੀ ਸਿੱਖਣ ਲਈ ਚਲੇ ਗਏ। ਥੋੜ੍ਹੇ ਸਮੇਂ ਬਾਅਦ ਆਰਿਫ ਨੇ ਆਪਣੇ ਭਰਾ ਦਲੀਪ ਸਿੰਘ ਢਾਡੀ ਨਾਲ ਕਵੀਸ਼ਰੀ ਸਿੱਖਣ ਲਈ ਅੰਮ੍ਰਿਤਸਰ ਭੇਜ ਦਿੱਤਾ। ਢਾਡੀ ਦਲੀਪ ਸਿੰਘ ਦੇ ਪ੍ਰਭਾਵ ਹੇਠ ਆਪ 1930 ਵਿਚ ਅਕਾਲ ਤਖ਼ਤ ਤੋਂ ਅੰਮ੍ਰਿਤਪਾਨ ਕਰਕੇ ਗੁਰੂ ਦੇ ਲੜ ਲੱਗ ਗਏ। ਜਦੋਂ ਆਪ ਅੰਮ੍ਰਿਤਸਰ ਸਨ ਤਾਂ ਬਾਬਾ ਖੜਕ ਸਿੰਘ ਦੇ ਜਥੇ ਨਾਲ ਦਲੀਪ ਸਿੰਘ ਢਾਡੀ ਅਤੇ ਆਪ ਡਸਕੇ ਦੇ ਮੋਰਚੇ ਵਿਚ ਸ਼ਾਮਲ ਹੋਏ। ਉਥੇ ਆਪਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਾਢੇ ਪੰਜ ਮਹੀਨੇ ਸਿਆਲਕੋਟ ਜੇਲ੍ਹ ਵਿਚ ਰਹੇ। ਇਸੇ ਤਰ੍ਹਾਂ ਉਹ ਅਤੇ ਦਲੀਪ ਸਿੰਘ ਮਾਸਟਰ ਤਾਰਾ ਸਿੰਘ ਦੇ ਜਥੇ ਨਾਲ ਪਿਸ਼ਾਵਰ ਦੇ ਮੋਰਚੇ ਵਿਚ ਸ਼ਾਮਲ ਹੋਏ, ਜਿਥੇ ਆਪ ਨੂੰ 6 ਮਹੀਨੇ ਲਾਹੌਰ ਦੀ ਜੇਲ੍ਹ ਵਿਚ ਗੁਜ਼ਾਰਨੇ ਪਏ। ਅੰਮ੍ਰਿਤਸਰ ਤੋਂ ਵਾਪਸ ਆ ਕੇ ਆਪਨੇ ਆਪਣਾ ਕਵੀਸ਼ਰੀ ਜਥਾ ਬਣਾ ਲਿਆ। ਥੋੜ੍ਹਾ ਸਮਾਂ ਆਪ ਗ੍ਰੰਥੀ ਦਾ ਕੰਮ ਵੀ ਕਰਦੇ ਰਹੇ। ਆਪ ਨੂੰ ਕਵਿਤਾ ਲਿਖਣ ਦਾ ਵੀ ਸ਼ੌਕ ਸੀ, ਇਸ ਕਰਕੇ ਸਿਖ ਧਰਮ ਦੀ ਉਸਤਤ ਵਿਚ ਕਵਿਤਾਵਾਂ ਲਿਖਦੇ ਅਤੇ ਉਨ੍ਹਾਂ ਨੂੰ ਧਾਰਮਿਕ ਸਮਾਗਮਾਂ, ਅਕਾਲੀ ਕਾਨਫ਼ਰੰਸਾਂ ਅਤੇ ਮੇਲਿਆਂ ਵਿਚ ਸੁਣਾਉਂਦੇ ਰਹਿੰਦੇ। ਇਸ ਕਰਕੇ ਹੀ ਆਪਦੀ ਕਵੀਸ਼ਰੀ ਵਿਚ ਨਿਖ਼ਾਰ ਆ ਗਿਆ ਅਤੇ ਆਪ ਚੋਟੀ ਦੇ ਕਵੀਸ਼ਰ ਦੇ ਤੌਰ ਤੇ ਪ੍ਰਸਿਧ ਹੋਏ। ਸਭ ਤੋਂ ਪਹਿਲਾਂ ਆਪ ਨੇ ਪੁਲਿਸ ਅਤ ਅੰਗਰੇਜ਼ ਸਰਕਾਰ ਦੇ ਵਿਰੁਧ ਕਵਿਤਾਵਾਂ ਲਿਖਕੇ ਮੇਲਿਆਂ ਵਿਚ ਪੜ੍ਹੀਆਂ, ਜਿਸ ਕਰਕੇ ਆਮ ਲੋਕਾਂ ਵਿਚ ਆਪ ਦੀ ਭਲ ਬਣ ਗਈ। 1930 ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ 1940 ਤੱਕ ਆਪ ਮਾਲਵੇ ਦੇ ਪਿੰਡਾਂ ਵਿਚ ਚੰਗੇ ਕਵੀ ਅਤੇ ਕਵੀਸ਼ਰ ਦੇ ਤੌਰ ਤੇ ਸਥਾਪਤ ਹੋ ਗਏ ਸਨ। 1950 ਵਿਚ ਆਪ ਅਕਾਲੀ ਦਲ ਦੀ ਸਰਗਰਮ ਸਿਆਸਤ ਵਿਚ ਆ ਗਏ। ਪਹਿਲਾਂ ਆਪਦੀ ਪਛਾਣ ਇਕ ਦਮਦਾਰ ਜੋਸ਼ੀਲੇ ਕਵੀ ਅਤੇ ਕਵੀਸ਼ਰ ਹੋਣ ਕਰਕੇ ਸੀ ਕਿਉਂਕਿ ਆਪਦੀ ਕਵੀਸ਼ਰੀ ਲੂੰ ਕੰਡੇ ਖੜ੍ਹੇ ਕਰ ਦਿੰਦੀ ਸੀ। 1951 ਵਿਚ ਅਕਾਲੀ ਦਲ ਨੇ ਪੈਪਸੂ ਸਰਕਾਰ ਵਿਰੁੱਧ ਮੋਰਚਾ ਲਾਇਆ ਆਪ ਵੀ ਉਸ ਮੋਰਚੇ ਵਿਚ ਸ਼ਾਮਲ ਹੋਏ। ਆਪਨੂੰ ਇਕ ਸਾਲ ਮਹਿੰਦਰਗੜ੍ਹ ਜੇਲ੍ਹ ਵਿਚ ਬਿਤਾਉਣਾ ਪਿਆ। 1960 ਵਿਚ ਵਿਧਾਇਕ ਹੁੰਦਿਆਂ ਪੰਜਾਬੀ ਸੂਬਾ ਮੋਰਚੇ ਵਿਚ ਸ਼ਾਮਲ ਹੋਣ ਕਰਕੇ ਇੱਕ ਸਾਲ ਹਿਸਾਰ ਜੇਲ੍ਹ ਵਿਚ ਬੰਦ ਰਹੇ। 1968 ਵਿਚ ਦਿੱਲੀ ਮੋਰਚੇ ਵਿਚ ਹਿੱਸਾ ਲੈਣ ਕਰਕੇ ਗਵਾਲੀਅਰ ਜੇਲ੍ਹ ਵਿਚ 6 ਮਹੀਨੇ ਰਹੇ। ਇਸ ਲਈ ਆਪ ਨੂੰ 1952 ਵਿਚ ਪਹਿਲੀ ਵਾਰ ਸੰਗਰੂਰ ਜਿਲ੍ਹੇ ਦੇ ਮਹਿਲ ਕਲਾਂ ਹਲਕੇ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਅਤੇ ਆਪ ਚੋਣ ਜਿੱਤ ਗਏ। 1956 ਵਿਚ ਪੈਪਸੂ ਪੰਜਾਬ ਵਿਚ ਮਰਜ ਹੋ ਗਿਆ ਫਿਰ ਆਪਨੂੰ 1957 ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਸਮਝੌਤੇ ਅਧੀਨ ਬਠਿੰਡਾ ਜਿਲ੍ਹੇ ਦੇ ਪੱਕਾ ਕਲਾਂ ਹਲਕੇ ਟਿਕਟ ਦਿੱਤੀ ਗਈ ਅਤੇ ਆਪ ਵਿਧਾਨਕਾਰ ਚੁਣੇ ਗਏ। ਫਿਰ 1962 ਅਤੇ 77 ਵਿਚ ਬਠਿੰਡਾ ਲੋਕ ਦੀ ਚੋਣ ਜਿੱਤੀ ਅਤੇ 72 ਵਿਚ ਵਿਧਾਨ ਸਭਾ ਦੀ ਟਿਕਟ ਨਥਾਣਾ ਹਲਕੇ ਤੋਂ ਦਿੱਤੀ ਗਈ ਅਤੇ ਆਪ ਵਿਧਾਨਕਾਰ ਚੁਣੇ ਗਏ। 1977 ਵਿਚ ਸਿਖਿਆ, ਖੇਡਾਂ, ਸਮਾਜ ਭਲਾਈ ਅਤੇ ਸਭਿਆਚਰਕ ਮਾਮਲੇ ਵਿਭਾਗਾਂ ਦੇ ਕੇਂਦਰੀ ਰਾਜ ਮੰਤਰੀ ਰਹੇ। ਆਪ ਦੀ ਲੜਕੀ ਪਰਮਜੀਤ ਕੌਰ ਗੁਲਸ਼ਨ ਬਠਿੰਡਾ ਅਤੇ ਫਰੀਦਕੋਟ ਤੋਂ ਲੋਕ ਸਭਾ ਦੀ ਮੈਂਬਰ ਰਹੀ ਹੈ ਅਤੇ ਆਪ ਦਾ ਜਵਾਈ ਜਸਟਿਸ ਨਿਰਮਲ ਸਿੰਘ ਬਸੀ ਪਠਾਣਾ ਤੋਂ ਵਿਧਾਨਕਾਰ ਰਿਹਾ ਹੈ।