May 15, 2026 1:21 pm

ਹਵਾ ਪ੍ਰਦੂਸ਼ਣ ਨੂੰ ਰੋਕਿਆ ਜਾਵੇ

ਪੰਜਾਬ ਸਮੇਤ ਉਤਰੀ ਭਾਰਤ ਦੇ ਕਈ ਸੂਬਿਆਂ ’ਚ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਸਾੜਨਾ ਆਮ ਵਰਤਾਰਾ ਹੈ। ਬੀਤੇ ਕਈ ਸਾਲਾਂ ਤੋਂ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ। ਫਸਲਾਂ ਦੀ ਰਹਿੰਦ-ਖੂਹੰਦ ਸਾੜਨ ਨਾਲ ਜਿਥੇ ਖੇਤਾਂ ਦਾ ਨੁਕਸਾਨ ਹੁੰਦਾ ਹੈ ਉਥੇ ਵਾਤਾਵਰਣ ਨੂੰ ਭਾਰੀ ਖਤਰੇ ਪੈਦਾ ਹੋ ਰਹੇ ਹਨ। ਇਸ ਕਾਰਨ ਪੈਦਾ ਹੋਏ ਹਵਾ ਪ੍ਰਦੂਸ਼ਣ ਕਰਕੇ ਦੇਸ਼ ਨੂੰ ਸਾਲਾਨਾ 30 ਅਰਬ ਡਾਲਰ ਦਾ ਅਨੁਮਾਨਿਤ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਹਵਾ ਪ੍ਰਦੂਸ਼ਣ ਨਾਲ ਬਚਿਆਂ ਦੀ ਸਾਹ ਕਿਰਿਆ ਪ੍ਰਣਾਲੀ ‘ਚ ਇਨਫ਼ੈਕਸ਼ਨ (ਐਕਿਊਟ ਰੈਸਪੀਰੇਟਰੀ ਇਨਫ਼ੈਕਸ਼ਨ) ਦੇ ਖਤਰੇ ਵਧ ਰਹੇ ਹਨ। ਅਮਰੀਕਾ ਆਧਾਰਿਤ ‘ਇੰਟਰਨੈਸ਼ਨਲ ਫ਼ੂਡ ਪਾਲਿਸੀ ਰਿਸਰਚ ਇੰਸਟੀਚਿਊਟ’ (ਆਈ.ਐਫ਼. ਪੀ.ਆਈ.ਆਰ.) ਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੀ ਇਕ ਰਿਪੋਰਟ ਮੁਤਾਬਿਕ ਫ਼ਸਲਾਂ ਦੇ ਰਹਿੰਦ-ਖੂਹੰਦ ਨੂੰ ਸਾੜਨ ਨਾਲ ਪੈਦਾ ਹੁੰਦੇ ਹਵਾ ਪ੍ਰਦੂਸ਼ਣ ਕਾਰਨ ਸ਼ਹਿਰਾਂ ’ਚ ਰਹਿਣ ਵਾਲੇ ਲੋਕਾਂ ਵਿਸ਼ੇਸ਼ ਕਰਕੇ 5 ਸਾਲ ਤੋਂ ਘਟ ਉਮਰ ਦੇ ਬਚਿਆਂ ਦੀ ਸਾਹ-ਕਿਰਿਆ ਪ੍ਰਣਾਲੀ ‘ਤੇ ਮਾੜੇ ਪ੍ਰਭਾਵ ਪੈਂਦੇ ਹਨ ਤੇ ਇਨਫ਼ੈਕਸ਼ਨ ਵਧਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਖੋਜ ਸੰਸਥਾ ਵੱਲੋਂ ਪਹਿਲੀ ਵਾਰ ਉਤਰ ਭਾਰਤ ’ਚ ਪਰਾਲੀ ਅਤੇ ਹੋਰ ਫਸਲੀ ਰਹਿੰਦ-ਖੂਹੰਦ ਸਾੜਨ ਨਾਲ ਸਿਹਤ ਅਤੇ ਅਰਥ ਵਿਵਸਥਾ ’ਤੇ ਪੈਣ ਵਾਲੇ ਨੁਕਸਾਨਾਂ ਦਾ ਅਧਿਐਨ ਕੀਤਾ ਗਿਆ ਹੈ। ਉਂਝ ਹਵਾ ਦੀ ਖਰਾਬ ਗੁਣਵਤਾ ਸੰਸਾਰ ਭਰ ’ਚ ਸਿਹਤ ਨਾਲ ਜੁੜੀ ਸਭ ਤੋਂ ਵਡੀ ਸਮਸਿਆ ਬਣ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਹਵਾ ਪ੍ਰਦੂਸ਼ਣ ਸੰਸਾਰ ਸਿਹਤ ਸੰਗਠਨ ਦੀ ਸੁਰਖਿਆ ਸੀਮਾ ਤੋਂ 20 ਗੁਣਾ ਜ਼ਿਆਦਾ ਹੈ। ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਲਗਾਈ ਜਾਦੀਂ ਅਗ ਨਾਲ ਪੈਦਾ ਹੁੰਦਾ ਧੂੰਆ ਇਸ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਅਜਿਹੇ ਖੇਤਰਾਂ ’ਚ ਐਕਿਊਟ ਰੈਸਪੀਰੇਟਰੀ ਇਨਫ਼ੈਕਸ਼ਨ (ਏ.ਆਰ.ਆਈ.) ਦਾ ਖਤਰਾ ਤਿੰਨ ਗੁਣਾ ਤਕ ਵਧ ਜਾਂਦਾ ਹੈ, ਜਿਥੇ ਵਡੇ ਪੈਮਾਨੇ ’ਤੇ ਫਸਲਾਂ ਦੀ ਰਹਿੰਦ-ਖੂਹੰਦਖਾਸ ਕਰਕੇ ਪਰਾਲੀ ਸਾੜੀ ਜਾਂਦੀ ਹੈ। ਅਧਿਐਨ ਰਿਪੋਰਟ ਮੁਤਾਬਿਕ ਉਤਰੀ ਭਾਰਤ ਦੇ ਤਿੰਨ ਰਾਜਾਂ ਪੰਜਾਬ, ਹਰਿਆਣਾ ਤੇ ਦਿਲੀ ’ਚ ਰਹਿੰਦ-ਖੂਹੰਦ ਸਾੜਨ ਨਾਲ ਹਵਾ ਪ੍ਰਦੂਸ਼ਣ ਕਾਰਨ ਸਾਲਾਨਾ ਲਗਪਗ 2 ਲਖ ਕਰੋੜ ਰੁਪਏ ਜਾਂ 30 ਅਰਬ ਡਾਲਰ ਦੇ ਆਰਥਿਕ ਨੁਕਸਾਨ ਦਾ ਅਨੁਮਾਨ ਹੈ। ਇਹ ਰਿਪੋਰਟ ਭਾਰਤ ’ਚ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਰਹਿਣ ਵਾਲੇ ਹਰ ਉਮਰ ਦੇ 250,000 ਤੋਂ ਜ਼ਿਆਦਾ ਲੋਕਾਂ ਦੀ ਸਿਹਤ ਦੇ ਵਿਸ਼ਲੇਸ਼ਣ ਉਪਰ ਅਧਾਰਤ ਹੈ। ਲੋਕਾਂ ਦੀ ਸਿਹਤ ਦਾ ਅਨੁਮਾਨ ਲਗਾਉਣ ਲਈ ਖੋਜੀਆਂ ਨੇ ਨਾਸਾ ਦੇ ਉਪਗ੍ਰਹਿ ਵਲੋਂ ਅਗ ਲਗਣ ਦੇ ਮਾਮਲਿਆਂ ਸਬੰਧੀ ਲਏ ਅੰਕੜੇ ਵਰਤੇ ਹਨ। ਇਸ ਹਵਾ ਪ੍ਰਦੂਸ਼ਣ ਵਿੱਚ ਤਿਉਹਾਰਾਂ ਮੌਕੇ ਚਲਾਏ ਜਾਂਦੇ ਪਟਾਕਿਆਂ ਅਤੇ ਮੋਟਰ ਗੱਡੀਆਂ ਤੋਂ ਨਿਕਲਦੇ ਧੂੰਏ ਦਾ ਵੀ ਵੱਡਾ ਯੋਗਦਾਨ ਹੈ। ਇਕੱਲੇ ਪਟਾਕੇ ਚਲਾਉਣ ਨਾਲ ਪੈਦਾ ਹੁੰਦੇ ਹਵਾ ਪ੍ਰਦੂਸ਼ਣ ਕਾਰਨ ਕਰੀਬ ਇਕ ਸਾਲ ’ਚ 50 ਹਜ਼ਾਰ ਕਰੋੜ ਰੁਪਏ ਜਾਂ 7 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੁੰਦਾ ਹੈ। ਇਹ ਬਹੁਤ ਹੀ ਗੰਭੀਰ ਸਥਿਤੀ ਹੈ। ਇਸ ਨਾਲ ਨਜਿੱਠਣ ਲਈ ਸਰਕਾਰ ਨੂੰ ਬਹੁਤ ਪ੍ਰਭਾਵੀ ਅਤੇ ਵਿਸ਼ਾਲ ਯੋਜਨਾ ਤਿਆਰ ਕਰਨੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Send this to a friend