Skip to content
Independent perspectives. Global stories.
BREAKING

ਰਾਹੁਲ ਅਜੇ ਵੀ ‘ਕੈਂਡੀ ਕਿਡ’ : ਸੁਖਬੀਰ

Share this story

 ਕਾਂਗਰਸ ਨੂੰ ਝਟਕਾ, ਅਮਰਿੰਦਰ ਸਿੰਘ ਲਿਬੜਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

imageਰਾਏਕੋਟ/ਅਮਰਗੜ੍ਹ, 15 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਜੇ ਵੀ ਇੱਕ ‘ਕੈਂਡੀ ਕਿਡ’ ਹੀ ਹਨ ਜਿਸ ਦਾ ਸਾਰਾ ਧਿਆਨ ਸਿਰਫ ਟੌਫੀਆਂ, ਕੈਂਡੀਜ਼ ਜਾਂ ਚਾਕਲੇਟਾਂ ਵਿੱਚ ਰਹਿੰਦਾ ਹੈ। ਸ. ਬਾਦਲ ਗੁਜਰਾਤ ਮਾਡਲ ਨੂੰ ਸ੍ਰੀ ਰਾਹੁਲ ਗਾਂਧੀ ਵੱਲੋਂ ਟੌਫੀ ਮਾਡਲ ਕਹੇ ਜਾਣ ’ਤੇ ਟਿੱਪਣੀ ਕਰ ਰਹੇ ਸਨ।ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਸ. ਕੁਲਵੰਤ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਅਜੇ ਵੀ ਉਸ ਬੱਚੇ ਵਾਂਗ ਵਿਚਰਦੇ ਹਨ ਜਿਸ ਨੂੰ ਸਾਰਾ ਦਿਨ ਸਿਰਫ

ਮਿਠਾਈਆਂ ਤੇ ਟੌਫੀਆਂ ਦੇ ਸੁਪਨੇ ਆਉਂਦੇ ਹਨ ਜਦੋਂ ਕਿ ਕਾਂਗਰਸ ਦਾ ਪੂਰਾ ਜ਼ੋਰ ਲੱਗ ਹੋਇਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ 10 ਕਰੋੜ ਨੌਜਵਾਨਾਂ ਲਈ ਯੂਥ ਆਗੂ ਵਜੋਂ ਪੇਸ਼ ਕੀਤਾ ਜਾਵੇ ਜੋ 18 ਸਾਲ ਦੇ ਹੋਣ ਉਪਰੰਤ ਇਸ ਵਾਰ ਪਹਿਲੀ ਵਾਰ ਵੋਟ ਪਾ ਰਹੇ ਹਨ। ਗੁਜਰਾਤ ਮਾਡਲ ਨੂੰ ਵਿਸ਼ਵ ਦੇ ਹਰੇਕ ਵਿਕਾਸਸ਼ੀਲ ਦੇਸ਼ ਲਈ ਆਦਰਸ਼ ਮਾਡਲ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੀ ਜਨਮਦਾਤਾ ਪਾਰਟੀ ਦਾ ਨੌਸਿਖੀਆ ਆਗੂ ਹੀ ਗੁਜਰਾਤ ਦੇ ਵਿਕਾਸ ਮਾਡਲ ਦੇ ਸਬੰਧ ਵਿੱਚ ਅਜਿਹਾ ਬਚਕਾਨਾ ਬਿਆਨ ਦੇ ਸਕਦਾ ਹੈ। ਇਸ ਦੌਰਾਨ ਰਾਏਕੋਟ, ਅਮਰਗੜ੍ਹ, ਅਮਲੋਹ ਅਤੇ ਪਾਇਲ ਵਿਖੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਕੋਲ ਵਿਕਾਸ ਦੇ ਖੇਤਰ ’ਚ ਦਾਅਵਾ ਕਰਨ ਲਈ ਕੁਝ ਵੀ ਨਹੀਂ ਹੈ ਇਸ ਲਈ ਇਸ ਦੇ ਆਗੂ ਵਿਕਾਸ ਏਜੰਡਾ ਦਾ ਸਾਹਮਣਾ ਕਰਨ ਦੀ ਜਗ੍ਹਾ ਗੁਮਰਾਹਕੁੰਨ ਬਿਆਨਬਾਜੀ ਦਾ ਸਹਾਰਾ ਲੈ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਮਹਿੰਗਾਈ, ਰਿਕਾਰਡ ਭ੍ਰਿਸ਼ਟਾਚਾਰ ਅਤੇ ਨਿਕੰਮੀ ਕਾਰਗੁਜ਼ਾਰੀ ਲਈ ਜਾਣੀ ਜਾਂਦੀ ਕਾਂਗਰਸ ਪਾਰਟੀ ਨੇ ਦੇਸ਼ ਨੂੰ ਗਰੀਬੀ ਦੀ ਦਲਦਲ ’ਚ ਫਸਾਇਆ ਹੋਇਆ ਹੈ ਅਤੇ ਇਸ ਲਈ ਲੋੜ ਹੈ ਕਿ ਇੰਨ੍ਹਾਂ ਲੋਕ ਸਭਾ ਚੋਣਾਂ ’ਚ ਇਸ ਪਾਰਟੀ ਦਾ ਮੁਕੰਮਲ ਸਫਾਇਆ ਕਰ ਦਿੱਤਾ ਜਾਵੇ। ਕੇਂਦਰ ਵਿੱਚ ਐਨ.ਡੀ.ਏ ਸਰਕਾਰ ਦੇ ਗਠਨ ਨੂੰ ਪੰਜਾਬ ਅਤੇ ਦੇਸ਼ ਦੇ ਹਿਤ ’ਚ ਜ਼ਰੂਰੀ ਐਲਾਨਦਿਆਂ ਸ. ਬਾਦਲ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਹੱਕ ’ਚ ਵੋਟ ਪਾਉਣ ਤਾਂ ਕਿ ਕਾਂਗਰਸ ਨੂੰ ਸਦਾ ਲਈ ਅਲਵਿਦਾ ਆਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੂੰ ਸਤਾ ਸੌਂਪ ਕੇ ਦੇਸ਼ ਦਾ ਆਮ ਆਦਮੀ ਪਹਿਲਾਂ ਹੀ ਵੱਡੇ ਕਸ਼ਟ ਸਹਿ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਅੰਦਰ ਕਾਂਗਰਸ ਦੇ ਦਹਾਕੇ ਲੰਬੇ ਰਾਜਕਾਲ ਨੇ ਡੀਜਲ, ਪੈਟਰੋਲ, ਰਸੋਈ ਗੈਸ, ਖੇਤਬਾੜੀ ਲਈ ਰਸਾਇਨਕ ਖਾਦਾਂ ਦੀਆਂ ਕੀਮਤਾਂ ’ਚ ਇੰਨਾ ਜਿਆਦਾ ਵਾਧਾ ਕੀਤਾ ਕਿ ਆਮ ਵਿਅਕਤੀ ਲਈ ਗੁਜਾਰਾ ਕਰਨਾ ਮੁਸ਼ਕਲ ਹੋ ਗਿਆ ਹੈ।
ਇਸੇ ਦੌਰਾਨ ਅਮਰਗੜ੍ਹ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਐਨ.ਡੀ.ਏ ਸਰਕਾਰ ਨੇ ਆਪਣੇ ਰਾਜਕਾਲ ਦੌਰਾਨ ਨਾ ਸਿਰਫ ਵਿਕਾਸ ਦਰ ’ਚ ਤੇਜੀ ਲਿਆਂਦੀ ਸਗੋਂ ਮਹਿੰਗਾਈ ਨੂੰ ਵੀ ਕਾਬੂ ’ਚ ਰੱਖਿਆ। ਉਨ੍ਹਾਂ ਕਿਹਾ ਕਿ ਇਹ ਵੀ ਗੱਲ ਤੱਥਾਂ ’ਤੇ ਆਧਾਰਤ ਹੈ ਕਿ ਸਿਰਫ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਲੋਕ ਹਿਤਾਂ ’ਚ ਯੋਜਨਾਵਾਂ ਆਰੰਭੀਆਂ ਗਈਆਂ ਜਦੋਂਕਿ ਕਾਂਗਰਸ ਨੇ ਹਮੇਸ਼ਾਂ ਤਾਕਤ ਦੀ ਵਰਤੋਂ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਲੁੱਟਣ ਲਈ ਕੀਤੀ। ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਏ ਫਤਿਹਗੜ੍ਹ ਤੋਂ ਸਾਬਕਾ ਕਾਂਗਰਸੀ ਸਾਂਸਦ ਸ. ਸੁਖਦੇਵ ਸਿੰਘ ਲਿਬੜਾ ਵੱਲੋਂ ਵੀ ਸਾਰੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕਾਂਗਰਸ ਦਾ ਸਾਥ ਸਿਰਫ ਸਿੱਖ ਪ੍ਰਧਾਨ ਮੰਤਰੀ ਦੀ ਸਰਕਾਰ ਬਚਾਉਣ ਲਈ ਕੀਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਮਹਿਸੂਸ ਕੀਤਾ ਕਿ ਕਾਂਗਰਸੀ ਲੀਡਰਸ਼ਿਪ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵਰਤੋਂ ਸਿਰਫ ਰਬੜ ਦੀ ਮੋਹਰ ਵਾਂਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਪੰਜਾਬ ਅਤੇ ਸਿੱਖ ਵਿਰੋਧੀ ਬਹੁਤ ਮਜ਼ਬੂਤ ਲਾਬੀ ਹੈ ਅਤੇ ਇਸ ਲਾਬੀ ਵੱਲੋਂ ਡਾ. ਮਨਮੋਹਨ ਸਿੰਘ ਨੂੰ ਕਦੇ ਵੀ ਪੰਜਾਬ ਜਾਂ ਸਿੱਖਾਂ ਦੇ ਹਿਤ ’ਚ ਫੈਸਲਾ ਨਹੀਂ ਲੈਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਾਰਨਾਂ ਕਰਕੇ ਹੀ ਉਨ੍ਹਾਂ ਸ਼੍ਰੋਮਣਈ ਅਕਾਲੀ ਦਲ ’ਚ ਘਰ ਵਾਪਸੀ ਕੀਤੀ ਸੀ ਅਤੇ ਹਾਲ ਹੀ ਵਿੱਚ ਹੋਏ ਖੁਲਾਸਿਆਂ ਨੇ ਉਨ੍ਹਾਂ ਦੀ ਸਚਾਈ ’ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਸ ਚਾਲਬਾਜ਼ ਕਾਂਗਰਸ ਨੂੰ ਇਤਿਹਾਸਕ ਸਬਕ ਸਿਖਾਈਏ।
ਇਸੇ ਦੌਰਾਨ ਅਮਲੋਹ ਮੰਡੀ ਵਿਖੇ ਹੋਈ ਰੈਲੀ ਦੌਰਾਨ ਅਮਰਿੰਦਰ ਸਿੰਘ ਲਿਬੜਾ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਆਪਣੇ ਸਾਥੀਆਂ ਸਮੇਥ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋ ਗਏ। ਇਸ ਮੌਕੇ ਉਨ੍ਹਾਂ ਅੱਜ ਦੀਆਂ ਸਾਰੀਆਂ ਰੈਲੀਆਂ ਨੂੰ ਕਾਮਯਾਬ ਬਨਾਉਣ ਲਈ ਹਲਕੇ ਦੇ ਲੋਕਾਂ ਅਤੇ ਸਥਾਨਕ ਅਕਾਲੀ-ਭਾਜਪਾ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ। ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਫਤਿਹਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਕੁਲਵੰਤ ਸਿੰਘ ਦੇ ਹੱਕ ਵਿਚ ਚਾਰ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਰਾਏਕੋਟ, ਅਮਰਗੜ੍ਹ, ਪਾਇਲ ਤੇ ਅਮਲੋਹ ਦੀਆਂ ਰੈਲੀਆਂ ਤੋਂ ਇਲਾਵਾ ਖੰਨਾ ਵਿਖੇ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਨਾਲ ਮੀਟਿੰਗ ਵੀ ਕੀਤੀ। ਚਾਰ ਰੈਲੀਆਂ ਲਈ ਪ੍ਰਬੰਧ ਰਾਏਕੋਟ ਵਿਖੇ ਬਿਕਰਮ ਸਿੰਘ ਖਾਲਸਾ ਸਾਬਕਾ ਵਿਧਾਇਕ, ਜਗਜੀਤ ਸਿੰਘ ਤਲਵੰਡੀ, ਅਮਰਗੜ੍ਹ ਵਿਖੇ ਇਕਬਾਲ ਸਿੰਘ ਝੂੰਦਾਂ ਵਿਧਾਇਕ, ਅਜੀਤ ਸਿੰਘ ਚੰਦੂਅਰਾਈਂਆਂ, ਪਾਇਲ ਵਿਖੇ ਸਾਬਕਾ ਵਿਧਾਇਕ ਇੰਦਰਇਕਬਾਲ ਸਿੰਘ ਅਟਵਾਲ ਤੇ ਹੋਰ ਲੀਡਰਸ਼ਿਪ ਅਤੇ ਅਮਲੋਹ ਵਿਖੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ ਵੱਲੋਂ ਕੀਤਾ ਗਿਆ। ਖੰਨਾ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਤੇ ਮੰਡੀਕਰਨ ਬੋਰਡ ਦੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਤੇ ਹਲਕਾ ਇੰਚਾਰਜ ਸ੍ਰ ਰਣਜੀਤ ਸਿੰਘ ਤਲਵੰਡੀ ਵੱਲੋਂ ਕਰਵਾਈ ਗਈ ਸੀ।

WRITTEN BY