ਲਹਿਰਾਗਾਗਾ, 4 ਮਾਰਚ (ਜਤਿੰਦਰ ਜਲੂਰ)- ਪਾਵਰਕਾਮ ਦੇ ਵਿਚ ਸੀ ਆਰ ਏ 281/13 ਅਧੀਨ ਭਰਤੀ ਹੋਏ ਲਾਇਨਮੈਨਾਂ ਦੀ ਲਹਿਰਾਗਾਗਾ ਡਵੀਜ਼ਨ ਦੀ ਮੀਟਿੰਗ ਹਰਭਜਨ ਸਿੰਘ ਹਰਿਆਊ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਹਰਭਜਨ ਸਿੰਘ ਨੇ ਕਿਹਾ ਕਿ ਪਾਵਰਕਾਮ ਵਿਚ ਸੀ ਆਰ ਏ 281/13 ਅਧੀਨ ਭਰਤੀ ਹੋਏ ਲਾਇਨਮੈਨਾਂ ਨੂੰ 30 ਸਤੰਬਰ 2018 ਨੂੰ ਦੋ ਸਾਲ ਦਾ ਸਮਾਂ ਪੂਰਾ ਹੋਣ ਤੇ ਵੀ ਰੈਗੂਲਰ ਨਹੀਂ ਕੀਤਾ ਗਿਆ । ਪਾਵਰਕਾਮ ਨੇ ਜੋ ਵੀ ਇਸ ਤੋਂ ਪਿਛੋਂ ਭਰਤੀਆਂ ਕੀਤੀਆਂ ਹਨ ਉਹ ਰੈਗੂਲਰ ਕਰ ਲਈਆਂ ਹਨ । ਪਾਵਰਕਾਮ ਵਿਚ ਲਾਇਨਮੈਨ ਦੀ ਨੌਕਰੀ ਬਹੁਤ ਹੀ ਰਿਸਕ ਭਰੀ ਹੈ । ਸਿਰਫ ਪਿਛਲੇ ਦੋ ਸਾਲਾਂ ਵਿਚ ਡਿਊਟੀ ਦੌਰਾਨ 12 ਦੇ ਕਰੀਬ ਲਾਇਨਮੈਨਾਂ ਦੀ ਮੌਤ ਚੁਕੀ ਹੈ , ਪਰ ਪਾਵਰਕਾਮ ਦੀ ਮੈਨੇਜਮੈਂਟ ਨੇ ਉਨ੍ਹਾਂ ਸਾਥੀਆਂ ਦੇ ਪਰਿਵਾਰ ਨੂੰ ਨਾ ਤਾਂ ਹੁਣ ਤਕ ਕੋਈ ਵੀ ਮੁਆਵਜ਼ਾ ਅਤੇ ਨਾ ਹੀ ਕਿਸੇ ਦੇ ਪਰਿਵਾਰ ਨੂੰ ਨੌਕਰੀ ਦਿਤੀ ਗਈ ਹੈ।
ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਮਿਰਤਕ ਸਾਥੀਆਂ ਦੇ ਪਰਿਵਾਰਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਨਾ ਹੀ ਬਾਕੀ ਰਹਿੰਦੇ ਸਾਥੀਆਂ ਨੂੰ ਰੈਗੂਲਰ ਕਰ ਰਹੀ ਹੈ । ਮੀਟਿੰਗ ਵਿਚ ਹਾਜ਼ਰ ਲਾਇਨਮੈਨਾਂ ਨੇ ਕਿਹਾ ਕਿ ਮੋਗਾ ਵਿਖੇ 7 ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦਾ ਪੂਰਾ ਵਿਰੋਧ ਕੀਤਾ ਜਾਵੇਗਾ । ਇਸ ਦੌਰਾਨ ਵਾਪਰਨ ਵਾਲੀ ਕਿਸੇ ਵੀ ਘਟਨਾ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਹੋਵੇਗੀ । ਮੀਟਿੰਗ ਵਿਚ ਗੁਰਛੈਬਰ ਸਿੰਘ ਪਿਸ਼ੌਰ, ਜੇਜੀ ਖਾਨ, ਅਮਨਦੀਪ ਸਿੰਘ ਪਸ਼ੌਰ, ਸੁਖਵਿੰਦਰ ਸਿੰਘ ਖਾਈ, ਅਮਰੀਕ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।