Skip to content
Independent perspectives. Global stories.
BREAKING

ਘ੍ਰਿਣਾਮਈ ਭਾਸ਼ਣ

Share this story

ਸਮਕਾਲੀ ਦ੍ਰਿਸ਼ਟੀਕੋਣ
ਡਾ. ਬਰਜਿੰਦਰ ਸਿੰਘ ਹਮਦਰਦ
ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ

image ਚੋਣਾਂ ਦੇ ਭਖੇ ਹੋਏ ਮਾਹੌਲ ਵਿੱਚ ਵੱਖ-ਵੱਖ ਪਾਰਟੀਆਂ ਦੇ ਕਈ ਆਗੂਆਂ ਵੱਲੋਂ ਇਸ ਤਰ੍ਹਾਂ ਦੇ ਭਾਸ਼ਣ ਦਿੱਤੇ ਜਾ ਰਹੇ ਹਨ ਅਤੇ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜੋ ਬੇਹੱਦ ਇਤਰਾਜ਼ਯੋਗ ਅਤੇ ਨਿੰਦਣਯੋਗ ਕਹੀ ਜਾ ਸਕਦੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਭਾਰਤ ਅਨੇਕਾਂ ਅਨੇਕ ਜਾਤ ਬਰਾਦਰੀਆਂ, ਭਾਈਚਾਰਿਆਂ ਤੇ ਧਰਮਾਂ ਆਦਿ ਵਿੱਚ ਵੰਡਿਆ ਹੋਇਆ ਹੈ। ਜਾਤਾਂ ਤਾਂ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਈਆਂ ਜਾਪਦੀਆਂ ਹਨ। ਇਨ੍ਹਾਂ ਦੇ ਆਧਾਰ ’ਤੇ ਕਈ ਤਰ੍ਹਾਂ ਦੇ ਰਾਖਵੇਂਕਰਨ ਨੇ ਸਮਾਜ ਦੀਆਂ ਵੰਡੀਆਂ ਨੂੰ ਹੋਰ ਵੀ ਵਧਾ ਦਿੱਤਾ ਹੈ। ਅਜਿਹਾ ਲੱਗਣ ਲੱਗਾ ਹੈ ਕਿ ਅੱਜ ਲੋਕ ਹਜ਼ਾਰਾਂ ਲੱਖਾਂ ਟੁਕੜਿਆਂ ਵਿੱਚ ਵੰਡੇ ਗਏ ਹਨ।ਬਹੁਤ ਸਾਰੇ ਸਿਆਸੀ ਆਗੂ ਚੋਣਾਂ ਦੌਰਾਨ ਸਮਾਜ ਵਿਚਲੀਆਂ ਇਨ੍ਹਾਂ ਵੰਡੀਆਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੁੰਦੇ ਹਨ। ਵੋਟਾਂ ਪੈਣ ਸਮੇਂ ਇਨ੍ਹਾਂ ਦਾ ਕਿੰਨਾ ਕੁ ਅਸਰ ਹੁੰਦਾ ਹੈ, ਇਸ ਗੱਲ ਦਾ ਅੰਦਾਜ਼ਾ ਤਾਂ ਨਹੀਂ ਲਾਇਆ ਜਾ ਸਕਦਾ ਪਰ ਇਨ੍ਹਾਂ ਨਾਲ ਸਮਾਜ ਵਿਚ ਨਫ਼ਰਤ ਪੈਦਾ ਹੁੰਦੀ ਹੈ, ਜੋ ਅੱਗੇ ਹਿੰਸਾ ਨੂੰ ਜਨਮ ਦਿੰਦੀ ਹੈ। ਵੰਡੀਆਂ ਵਿੱਚੋਂ ਪੈਦਾ ਹੋਈ ਅਜਿਹੀ ਹਿੰਸਾ ਨੇ ਮੁਲਕ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ। ਬਹੁਤੀ ਵਾਰ ਤਾਂ ਦੇਸ਼ ਦੀ ਇਹ ਧਰਤੀ ਅਜਿਹੇ ਮਾਹੌਲ ਵਿੱਚ ਜਿਊਣਯੋਗ ਹੀ ਨਹੀਂ ਲਗਦੀ। ਸਿਆਸਤਦਾਨ ਤਾਂ ਅਜਿਹਾ ਮਾਹੌਲ ਪੈਦਾ ਕਰਕੇ ਚਾਹੇ ਸਮੇਂ ਦੇ ਸਮੇਂ ਆਪਣਾ ਬੁੱਤਾ ਸਾਰ ਲੈਂਦੇ ਹਨ, ਪਰ ਆਪਣੀਆਂ ਅਜਿਹੀਆਂ ਯੋਜਨਾਵਾਂ ਅਤੇ ਕਾਰਵਾਈਆਂ ਨਾਲ ਉਹ ਸਮਾਜ ਦਾ ਕਿੰਨਾ ਨੁਕਸਾਨ ਕਰ

ਰਹੇ ਹੁੰਦੇ ਹਨ, ਇਸ ਦਾ ਉਹ ਅੰਦਾਜ਼ਾ ਵੀ ਨਹੀਂ ਲਾ ਸਕਦੇ। ਕਈ ਵਾਰ ਮਾਹੌਲ ਨੂੰ ਫ਼ਿਰਕੂ ਰੰਗਤ ਦਿੱਤੀ ਜਾਂਦੀ ਹੈ। ਆਪੋ-ਆਪਣੀ ਜਾਤੀ ਨੂੰ ਉਭਾਰਨ ਦਾ ਯਤਨ ਕੀਤਾ ਜਾਂਦਾ ਹੈ, ਜਿਸ ਨਾਲ ਸਮਾਜ ਦਾ ਪੂਰਾ ਢਾਂਚਾ ਹੀ ਚਰਮਰਾਉਂਦਾ ਜਾਪਣ ਲਗਦਾ ਹੈ। ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਹੁਣ ਤੱਕ ਫ਼ਿਰਕਾਪ੍ਰਸਤੀ ਤੇ ਜਾਤੀ ਆਧਾਰ ’ਤੇ ਅਨੇਕਾਂ ਹੀ ਵਿਵਾਦ ਛਿੜ ਚੁੱਕੇ ਹਨ, ਜਿਨ੍ਹਾਂ ਨੇ ਸਮੁੱਚੇ ਮਾਹੌਲ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ। ਸਿਆਸੀ ਆਗੂਆਂ ਵੱਲੋਂ ਇਕ-ਦੂਜੇ ’ਤੇ ਨਿੱਜੀ ਹਮਲੇ ਵੀ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚਾਹੇ ਚੋਣ ਕਮਿਸ਼ਨ ਹੁਣ ਤੱਕ ਅਜਿਹੇ ਵਰਤਾਰੇ ਸਬੰਧੀ ਕਾਫੀ ਪੇਸ਼ਬੰਦੀਆਂ ਵੀ ਕਰ ਚੁੱਕਾ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਅਜਿਹਾ ਸਿਲਸਿਲਾ ਲਗਾਤਾਰ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਉ¤ਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਮਿਤ ਸ਼ਾਹ ਵਿਰੁੱਧ ਸਖ਼ਤ ਕਦਮ ਚੁੱਕਣ ਨੂੰ ਇਸੇ ਪਿਛੋਕੜ ’ਚ ਦੇਖਿਆ ਜਾ ਸਕਦਾ ਹੈ। ਆਜ਼ਮ ਖਾਨ ਨੇ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਦੇਸ਼ ਨੂੰ ਕਿਸੇ ਵੀ ਸੂਰਤ ਵਿੱਚ ਕਾਤਲਾਂ ਦੇ ਹੱਥਾਂ ਵਿੱਚ ਨਹੀਂ ਦੇਣਾ ਚਾਹੀਦਾ। ਮੁਜ਼ੱਫ਼ਰਨਗਰ ਦੇ ਕਾਤਲਾਂ ਤੋਂ ਬਟਨ ਦਬਾ ਕੇ ਬਦਲਾ ਲਿਆ ਜਾਣਾ ਚਾਹੀਦਾ ਹੈ। ਅਜਿਹੀ ਹੀ ਸੁਰ ਵਿੱਚ ਅਮਿਤ ਸ਼ਾਹ ਨੇ ਇੱਕ ਸਭਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਸੀ ਕਿ ਇਹ ਚੋਣਾਂ ਉਸ ਸਰਕਾਰ ਨੂੰ ਬਾਹਰ ਕਰਨ ਲਈ ਹਨ, ਜੋ ਜਾਟਾਂ ਨੂੰ ਮਾਰਨ ਵਾਲਿਆਂ ਨੂੰ ਸੁਰੱਖਿਆ ਅਤੇ ਮੁਆਵਜ਼ਾ ਦਿੰਦੀ ਹੈ। ਇਹ ਚੋਣਾਂ ਬਦਲੇ ਲਈ ਹਨ ਅਤੇ ਸ਼ਾਨ ਦੀ ਬਹਾਲੀ ਲਈ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਦੋਵਾਂ ਆਗੂਆਂ ’ਤੇ ਲੋਕਾਂ ਦੀਆਂ ਸਭਾਵਾਂ ਕਰਨ, ਰੈਲੀਆਂ ਕਰਨ ਅਤੇ ਰੋਡ-ਸ਼ੋਅ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਉ¤ਤਰ ਪ੍ਰਦੇਸ਼ ਪਹਿਲਾਂ ਹੀ ਬੇਹੱਦ ਨਾਜ਼ੁਕ ਮਾਹੌਲ ਵਿੱਚੋਂ ਗੁਜ਼ਰ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੋਵਾਂ ਵਿਰੁੱਧ ਘ੍ਰਿਣਾਮਈ ਭਾਸ਼ਣ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ ਹਨ। ਨਾ ਬਾਜ਼ ਆਉਣ ਦੀ ਸੂਰਤ ਵਿੱਚ ਦੋਵਾਂ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।
ਦੇਸ਼ ਵਿੱਚ ਚੋਣਾਂ ਲੋਕਤੰਤਰ ਦੀ ਮਜ਼ਬੂਤੀ ਲਈ ਅਤੇ ਮਿੱਥੇ ਸਮੇਂ ਤੋਂ ਬਾਅਦ ਨਵੀਂ ਸਰਕਾਰ ਚੁਣਨ ਲਈ ਹੁੰਦੀਆਂ ਹਨ। ਇਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਹਿਰੀਲਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ। ਇਸ ਲਈ ਚੋਣ ਕਮਿਸ਼ਨ ਵੱਲੋਂ ਉਠਾਏ ਗਏ ਕਦਮਾਂ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੀਆਂ ਕਾਰਵਾਈਆਂ ਅਮਨ ਪੂਰਵਕ ਚੋਣਾਂ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਣਗੀਆਂ।    (ਸੰਪਾਦਕੀ ਰੋਜ਼ਾਨਾ ‘ਅਜੀਤ’ 13 ਅਪ੍ਰੈਲ 2014)

WRITTEN BY