May 14, 2026 7:34 pm

1971 ਦੀ ਜੰਗ ’ਚ ਬੰਦੀ ਬਣਾਏ ਜਵਾਨਾਂ ਨੂੰ ਵੀ ਤੁਰੰਤ ਰਿਹਾਅ ਕਰੇ ਪਾਕਿ : ਕੈਪਟਨ ਅਮਰਿੰਦਰ ਸਿੰਘ

ਕਿਹਾ, ਤਣਾਅ ਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਦਾ ਕੰਮ ਜਾਰੀ ਰਹੇਗਾ

ਡੇਰਾ ਬਾਬਾ ਨਾਨਕ /ਗੁਰਦਾਸਪੁਰ, 1 ਮਾਰਚ- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਜਿਥੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਥਮਨ ਦੀ ਦੇਸ਼ ਵਾਪਸੀ ਦਾ ਸਵਾਗਤ ਕੀਤਾ ਹੈ ਓਥੇ ਉਨਾਂ ਪਾਕਿਸਤਾਨ ਨੂੰ ਕਿਹਾ ਕਿ ਉਹ 1971 ਦੀ ਜੰਗ ਦੌਰਾਨ ਬੰਦੀ ਬਣਾਏ ਭਾਰਤੀ ਜਵਾਨਾਂ ਦੀ ਮੋਜੂਦਗੀ ਨੂੰ ਮੰਨੇ ਅਤੇ ਉਨ੍ਹਾਂ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ। ਭਾਰਤ-ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਮੌਕੇ ਸਰਹੱਦੀ ਲੋਕਾਂ ਅਤੇ ਸਰੁੱਖਿਆਂ ਬਲਾਂ ਦਾ ਹੌਸਲਾ ਵਧਾਉਣ ਲਈ ਅੱਜ ਡੇਰਾ ਬਾਬਾ ਨਾਨਕ ਵਿਖੇ ਪੁਹੰਚੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਜੰਗੀ ਕੈਦੀਆਂ ਦਾ ਇਹ ਮਸਲਾ ਪਾਕਿਸਤਾਨ ਨਾਲ ਉਠਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਭਾਵੇਂ ਕਿ ਪਾਕਿਸਤਾਨ ਦੀਆਂ ਹਰਕਤਾਂ ਕਾਰਨ ਸਰਹੱਦ ਉੱਪਰ ਤਣਾਅ ਵਾਲੀ ਸਥਿਤੀ ਬਣੀ ਹੋਈ ਪਰ ਇਸਦੇ ਬਾਵਜੂਦ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਸਰਕਾਰ ਵਲੋਂ ਯਤਨ ਜਾਰੀ ਰਹਿਣਗੇ। ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਕੋਰੀਡੋਰ ਮੁਕੰਮਲ ਹੋਣ ਉਪਰੰਤ ਰੋਜਾਨਾ 5 ਹਜਾਰ ਤੋਂ 10 ਹਜਾਰ ਸ਼ਰਧਾਲੂਆਂ ਦੇ ਰੋਜਾਨਾ ਦਰਸ਼ਨ ਕਰਨ ਜਾਣ ਦੀ ਵਿਵਸਥਾ ਕੀਤੀ ਜਾਵੇ। ਉਨਾਂ ਆਪਣੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ 1928 ਦੇ ਹੜ੍ਹਾਂ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਜੋ ਨੁਕਸਾਨ ਪੁਜਾ ਸੀ, ਵਾਹਿਗੂਰ ਦੀ ਕ੍ਰਿਪਾ ਸਦਕਾ ਉਨਾਂ ਨੇ ਸੇਵਾ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਮੁੜ ਨਿਰਮਾਣ ਕਰਵਾਇਆ ਸੀ। ਕਰਤਾਰਪੁਰ ਕੋਰੀਡਰ ਸਬੰਧੀ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਵਿਵਾਦ ਸਬੰਧੀ ਉਨਾਂ ਕਿਹਾ ਕਿ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ। ਉਨਾਂ ਆਸ ਪ੍ਰਗਟ ਕੀਤੀ ਕਿ ਦੋਵਾਂ ਦੇਸ਼ਾਂ ਦਰਮਿਆਨ ਹਲਾਤ ਸੁਖਾਵੇਂ ਹੋਣਗੇ ਅਤੇ ਪੂਰੀ ਦੁਨੀਆਂ ਦੇ ਸਿੱਖ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣਗੇ। ਮੁੱਖ ਮੰਤਰੀ ਪੰਜਾਬ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਵਿਖੇ ਲੋਕਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਸਰਹੱਦੀ ਲੋਕਾਂ ਨੇ ਹਮੇਸ਼ਾ ਹੀ ਔਖੀ ਘੜੀ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਹੈ। ਉਨਾਂ ਕਿਹਾ ਕਿ ਜਦੋਂ ਕਰਤਾਰਪੁਰ ਕੋਰੀਡੇਰ ਮੁਕੰਮਲ ਹੋ ਜਾਵੇਗਾ ਤਾਂ ਉਹ ਖੁਦ ਸਭ ਤੋਂ ਪਹਿਲਾਂ ਸੰਗਤ ਦੇ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਉਨਾਂ ਸਰਹੱਦੀ ਲੋਕਾਂ ਨੂੰ ਕਿਹਾ ਕਿ ਉਹ ਬਿਲਕੁੱਲ ਵੀ ਨਾ ਘਬਰਾਉਣ ਕਿਉਕਿ ਸਰੁੱਖਿਆ ਬਲ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਸਮਰੱਥ ਹਨ । ਉਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਮੌਕੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ 1965 ਦੀ ਜੰਗ ਦੌਰਾਨ ਵੀ ਉਹ ਭਾਰਤੀ ਸੈਨਾ ਦੇ ਜਨਰਲ ਹਰਬਖਸ਼ ਸਿੰਘ ਨਾਲ ਡੇਰਾ ਬਾਬਾ ਨਾਨਕ ਵਿਖੇ ਆਏ ਸਨ ਅਤੇ ਜੇਕਰ ਹੁਣ ਦੁਬਾਰਾ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਉਹ ਮੁੜ ਡੇਰਾ ਬਾਬਾ ਨਾਨਕ ਵਿਖੇ ਆ ਕੇ ਲੋਕਾਂ ਨਾਲ ਖੜ੍ਹਨਗੇ। ਇਸ ਤੋਂ ਇਲਾਵਾ ਹਰਪ੍ਰਤਾਪ ਸਿੰਘ ਅਜਨਾਲਾ ਵਿਧਾਇਕ ਅਜਨਾਲਾ, ਐਸ.ਪੀ.ਐਸ ਪਰਮਾਰ ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ, ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ, ਓਪਿੰਦਰਜੀਤ ਸਿਘ ਘੁੰਮਣ ਐਸ.ਐਸ.ਪੀ ਬਟਾਲਾ, ਰਜੇਸ਼ ਸ਼ਰਮਾ ਡੀ.ਆਈ.ਜੀ ਬੀ.ਐਸ.ਐਫ ਗੁਰਦਾਸਪੁਰ ਸੈਕਟਰ, ਵਰਿੰਦਰ ਵਾਜਪਾਈ ਕਮਾਂਡੈਂਟ 10 ਬਟਾਲੀਅਨ ਬੀ.ਐਸ.ਐਫ ਵੀ ਮੋਜੂਦ ਸਨ।

Send this to a friend