May 14, 2026 7:33 pm

ਕਾਦਰ ਦੀ ਕੋਮਲ ਕਲਾ : ਤਿਤਲੀ

ਪਿਆਰੇ ਬਚਿਓ ! ਤਿਤਲੀ ਕਾਦਰ (ਪਰਮਾਤਮਾ) ਦੀ ਕੋਮਲ , ਨਾਜ਼ੁਕ ਤੇ ਹਰਮਨ ਪਿਆਰੀ ਰਚਨਾ ਹੈ , ਜਿਸ ਨੂੰ ਕਿ ਬਚੇ , ਬਜ਼ੁਰਗ ਤੇ ਨੌਜਵਾਨ ਹਰ ਕੋਈ ਦੇਖ ਕੇ ਖ਼ੁਸ਼ੀ ਤੇ ਆਨੰਦ ਮਹਿਸੂਸ ਕਰਦਾ ਹੈ । ਜਦੋਂ ਕੁਦਰਤ ਵਿਚ ਫੁਲਾਂ ਅਤੇ ਸਰ੍ਹੋਂ ਦੇ ਫੁਲਾਂ ‘ਤੇ ਬਹਾਰ ਆ ਜਾਂਦੀ ਹੈ ਅਤੇ ਕਣਕਾਂ ਨਿਸਰਨ ਲਗਦੀਆਂ ਹਨ ਤਾਂ ਆਲੇ – ਦੁਆਲੇ ਰੰਗ – ਬਿਰੰਗੀਆਂ , ਮਨਮੋਹਕ , ਪਿਆਰੀਆਂ ਤੇ ਨਾਜ਼ੁਕ ਤਿਤਲੀਆਂ ਫੁਲਾਂ, ਫਸਲਾਂ , ਦਰਖਤਾਂ , ਜੜ੍ਹੀਆਂ -ਬੂਟੀਆਂ , ਖੇਤਾਂ , ਪਹਾੜਾਂ ਆਦਿ ਨਜ਼ਦੀਕ ਮੰਡਰਾਉਣ ਲਗ ਪੈਂਦੀਆਂ ਹਨ । ਜੋ ਕਿ ਹਰ ਕਿਸੇ ਨੂੰ ਅਨੰਦਿਤ ਕਰਕੇ ਸਕੂਨ ਪ੍ਰਦਾਨ ਕਰਦੀਆਂ ਹਨ । ਤਿਤਲੀਆਂ ਦਿਨ ਦੇ ਸਮੇਂ ਉਡਦੀਆਂ ਹਨ ਅਤੇ ਫੁਲਾਂ ਤੋਂ ਰਸ ਚੂਸਦੀਆਂ ਹਨ ।ਤਿਤਲੀਆਂ ਉਤੇ ਕੁਦਰਤ ਨੇ ਕਈ ਰੰਗਾਂ ਦੀ ਕਲਾਕਾਰੀ ਹੋਈ ਹੁੰਦੀ ਹੈ । ਜਿਨ੍ਹਾਂ ਨੂੰ ਅਕਸਰ ਆਮ ਤੌਰ ‘ਤੇ ਦੇਖ ਕੇ ਅਸੀਂ ਕਿਸੇ ਹੋਰ ਚੀਜ਼ ਦੇ ਭੁਲੇਖੇ ਵਿਚ ਵੀਂ ਆ ਜਾਂਦੇ ਹਨ । ਇਹ ਇਕ ਮਿਤਰ ਕੀਟ ਹੈ , ਜਿਸ ਨੂੰ ਕਿ ਅਕਸਰ ਬਚੇ ਦੇਖ ਕੇ ਖੁਸ਼ ਹੋ ਜਾਂਦੇ ਹਨ । ਬਚਿਓ ! ਵਿਗਿਆਨੀਆਂ ਦਾ ਮਤ ਹੈ ਕਿ 39 ਕਰੋੜ ਸਾਲ ਪਹਿਲਾਂ ਧਰਤੀ ‘ਤੇ ਕੀਟ ਪੈਦਾ ਹੋਏ ਸਨ । ਰਿਤੂ ਰਾਜ ਠ ਬਸੰਤ ਠ ਦੇ ਆਗਮਨ ਨਾਲ ਹੀ ਰੰਗ – ਬਰੰਗੀਆਂ ਅਤੇ ਚਮਕਦਾਰ ਤਿਤਲੀਆਂ ਵਾਤਾਵਰਨ ਵਿਚ ਆਪਣੀ ਛਟਾ ਬਿਖੇਰਨ ਲਗ ਪੈਂਦੀਆਂ ਹਨ ਅਤੇ ਇਕ ਫੁਲ ਤੋਂ ਦੂਸਰੇ ਫੁਲ ‘ਤੇ ਮੰਡਰਾਉਣ ਲਗ ਪੈਂਦੀਆਂ ਹਨ । ਤਿਤਲੀਆਂ ਆਪਣੇ ਆਸ – ਪਾਸ ਦੇ ਵਾਤਾਵਰਣ ਵਿਚ ਕਈ ਮਹਤਵਪੂਰਨ ਫ਼ਸਲਾਂ , ਬਨਸਪਤੀ , ਫੁਲਾਂ ਆਦਿ ਦੇ ਬੀਜ ਇਧਰ ਤੋਂ ਉਧਰ ਪਹੁੰਚਾਉਣ ਵਿਚ ਬਹੁਤ ਮਹਤਵਪੂਰਨ ਤੇ ਜ਼ਿੰਮੇਵਾਰ ਭੂਮਿਕਾ ਨਿਭਾਉਂਦੀਆਂ ਹਨ । ਭੋਜਨ ਦੀ ਵਿਵਸਥਾ ਦੇ ਲਈ ਇਕ ਫੁਲ ਤੋਂ ਦੂਸਰੇ ਫੁਲ ਤਕ ਜਾਣ ਸਮੇਂ ਤਿਤਲੀ ਪ੍ਰਾਗਣ ਦੀ ਕਿਰਿਆ ਨੂੰ ਵੀ ਅੰਜਾਮ ਦਿੰਦੀ ਹੈ। ਪ੍ਰਾਗਣ ਤੋਂ ਬਾਅਦ ਧਰਤੀ ‘ਤੇ ਨਵੇਂ ਬੀਜ ਬਣਦੇ ਹਨ ਅਤੇ ਨਵੇਂ ਫੁਲ ਖਿੜਦੇ ਹਨ । ਇਸ ਤਰ੍ਹਾਂ ਕੁਦਰਤੀ ਤੰਤਰ ਨੂੰ ਦਰੁਸਤ ਰਖਣ ਲਈ ਸਹਾਇਤਾ ਮਿਲਦੀ ਹੈ। ਤਿਤਲੀ ਦੇ ਅੰਡੇ ਗੋਲਾਕਾਰ ਜਾਂ ਅੰਡਾਕਾਰ ਹੁੰਦੇ ਹਨ ਅਤੇ ਲਗਭਗ ਪੰਦਰਾਂ ਦਿਨ ਬਾਅਦ ਇਨ੍ਹਾਂ ਅ¤ੰਡਿਆਂ ਤੋਂ ਲਾਰਵਾ , ਬਾਅਦ ਵਿਚ ਪਿਉਪਾ ਅਤੇ ਫਿਰ ਤਿਤਲੀ ਬਣਦੀ ਹੈ । ਬਚਿਓ ! ਤਿਤਲੀ ਬਣਨ ਦੀ ਇਹ ਘਟਨਾ ਸਾਨੂੰ ਜੀਵਨ ਵਿਚ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਹੈ । ਤਿਤਲੀ ਅਤੇ ਪਤੰਗੇ ਵਿਚ ਅੰਤਰ ਹੁੰਦਾ ਹੈ। ਪਤੰਗਾ ਰੇਸ਼ਮ ਦਾ ਕੀੜਾ ਹੁੰਦਾ ਹੈ , ਜੋ ਤਿਤਲੀ ਵਾਂਗ ਲਾਰਵਾ ਪਿਊਪਾ ਤੋਂ ਰੂਪਾਂਤਰਿਤ ਹੋਇਆ ਹੁੰਦਾ ਹੈ । ਪਤੰਗੇ ਅਕਸਰ ਮੋਮਬਤੀਆਂ , ਬਲਬਾ , ਟਿਊਬ ਲਾਈਟਾਂ ਆਦਿ ਰੌਸ਼ਨੀਆਂ ਵਲ ਆਕਰਸ਼ਿਤ ਹੁੰਦੇ ਹਨ , ਪਰ ਇਹ ਵੀ ਖਾਸ ਹੈ ਕਿ ਕੇਵਲ ਨਰ ਪਤੰਗੇ ਹੀ ਰੋਸ਼ਨੀਆਂ ਵਲ ਆਕਰਸ਼ਿਤ ਹੁੰਦੇ ਹਨ । ਵਖ – ਵਖ ਖੇਤਰਾਂ ਵਿਚ ਅਲਗ – ਅਲਗ ਨਸਲਾਂ , ਰੰਗ ਰੂਪ , ਆਕਾਰ – ਪ੍ਰਕਾਰ ਤੇ ਆਕ੍ਰਿਤੀ ਦੀਆਂ ਦੀਆਂ ਤਿਤਲੀਆਂ ਦੇਖਣ ਨੂੰ ਮਿਲ ਜਾਂਦੀਆਂ ਹਨ । ਇਨ੍ਹਾਂ ਵਿਚੋਂ ਕੁਝ ਮੁਖ ਕਿਸਮਾਂ ਇਸ ਪ੍ਰਕਾਰ ਹਨ : ਕੇਸਰ – ਏ – ਹਿੰਦ , ਭੂਟਾਨ ਗਲੋਰੀ , ਅਪੋਲੋ , ਲਦਾਖ ਬੈਂਡੇਡ ਆਦਿ ਆਦਿ । ਤਿਤਲੀਆਂ ਪਰਵਾਸ ਵੀ ਕਰਦੀਆਂ ਹਨ। ਇਹ ਮਹਾਂਦੀਪਾਂ ਦੇ ਇਕ ਹਿਸੇ ਤੋਂ ਮਹਾਂਦੀਪਾਂ ਦੇ ਦੂਸਰੇ ਹਿਸੇ ਤਕ ਪਤਝੜ ਦੌਰਾਨ ਪ੍ਰਵਾਸ ਕਰਦੀਆਂ ਹਨ । ਤਿਤਲੀਆਂ ਝੀਲਾਂ ਸਮੁੰਦਰਾਂ ਆਦਿ ਨੂੰ ਪਾਰ ਕਰਨ ਤੋਂ ਪਹਿਲਾਂ ਦਰਖਤਾਂ ‘ਤੇ ਰਾਤ ਨੂੰ ਆਰਾਮ ਕਰਦੀਆਂ ਹਨ। ਕਈ ਕਰੋੜ ਮੋਨਾਰਕ ਤਿਤਲੀਆਂ ਦਾ ਮੈਕਸੀਕੋ ਦੀਆਂ ਪਹਾੜੀ ਢਲਾਨਾਂ ਨੂੰ ਢਕ ਲੈਣਾ ਬੇਨਜ਼ੀਰ ਕੁਦਰਤੀ ਖੂਬਸੂਰਤੀ ਦਾ ਇਕ ਸ਼ਾਨਦਾਰ ਨਜ਼ਾਰਾ ਹੈ ਅਤੇ ਦੁਨੀਆ ਦੀ ਅਜਿਹੀ ਅਦਭੁਤ ਘਟਨਾ ਹੈ ਜੋ ਹੋਰ ਕਿਧਰੇ ਮੌਜੂਦ ਨਹੀਂ ਹੈ । ਪੂਰਬ – ਉਤਰ ਰਾਜਾਂ ਵਿਚ ਤਿਤਲੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਮੌਜੂਦ ਹਨ । ਤਿਤਲੀਆਂ ਦੀ ਇਸ ਖੂਬਸੂਰਤ ਦੁਨੀਆ ਦਾ ਘਟਣਾ ਕੁਦਰਤੀ ਸੁੰਦਰਤਾ ਦੇ ਨਾਲ – ਨਾਲ ਮਨੁਖਤਾ ਦੇ ਲਈ ਵੀ ਸਹੀ ਨਹੀਂ । ਅਜ ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ , ਕੀਟ ਨਾਸ਼ਕਾਂ – ਨਦੀਨ ਨਾਸ਼ਕਾਂ ਦੀ ਹੋ ਰਹੀ ਵਰਤੋਂ , ਘਟ ਰਹੀਆਂ ਬੰਜਰ ਜ਼ਮੀਨਾਂ , ਸਫੈਦੇ ਦੇ ਪੌਦਿਆਂ ਦਾ ਘਟ ਜਾਣਾ , ਆਵਾਜਾਈ ਦੇ ਸਾਧਨਾਂ ਦਾ ਵਧਣਾ , ਆਵਾਜਾਈ ਦੇ ਸਾਧਨਾਂ ਦੀ ਵਧੇਰੇ ਵਰਤੋਂ , ਵਧ ਰਿਹਾ ਪ੍ਰਦੂਸ਼ਣ ਆਦਿ ਕਈ ਕਾਰਨਾਂ ਕਰਕੇ ਤਿਤਲੀਆਂ ਦੀ ਜਨਣ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਤੇ ਇਨ੍ਹਾਂ ਦੀ ਸੰਖਿਆ ਘਟ ਸਕਦੀ ਹੈ । ਪਿਆਰੇ ਬਚਿਓ ! ਸਾਨੂੰ ਤਿਤਲੀਆਂ ਦੀ ਹਿਫਾਜ਼ਤ ਲਈ ਵਰਤੋਂ ਵਧ ਤੋਂ ਵਧ ਫੁਲ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਆਲੇ – ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਤਿਤਲੀਆਂ ਨੂੰ ਛੂਹਣ ਜਾਂ ਪਕੜਨ ਤੋਂ ਬਚਣਾ ਚਾਹੀਦਾ ਹੈ ।

Send this to a friend