May 10, 2026 5:31 am

ਸਰਬੱਤ ਦਾ ਭਲਾ ਫਾਊਂਡੇਸ਼ਨ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੀ : ਐਸ.ਪੀ.ਐਸ ਓਬਰਾਏ

ਸਰਬੱਤ ਦਾ ਭਲਾ ਫਾਉਡੇਸ਼ਨ ਦੇ ਚੇਅਰਮੈਨ ਐਸ.ਪੀ.ਐਸ ਓਬਰਾਏ ਨੇ ਸ਼ਹੀਦ ਕੁਲਵਿੰਦਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਨੂਰਪੁਰ ਬੇਦੀ- ਸਰਬੱਤ ਦਾ ਭਲਾ ਫਾਉਡੇਸ਼ਨ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਕਤ ਸੰਸਥਾ ਦੇ ਚੇਅਰਮੈਨ ਐਸ.ਪੀ. ਓਬਰਾਏ ਨੇ ਕੀਤਾ। ਅੱਜ ਐਸ.ਪੀ. ਓਬਰਾਏ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਰੋਲੀ ਵਿਖੇ ਸਾਥੀਆਂ ਸਮੇਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਉਹਨਾਂ ਪਰਿਵਾਰ ਨੂੰ ਪ੍ਰਤਿ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸਬੋਰ ਵਿਖੇ ਸੰਸਥਾ ਦੀ 100 ਏਕੜ ਜ਼ਮੀਨ ਹੈ ਜਿੱਥੇ ਉਹਨਾਂ ਦੁਆਰਾ ਸ਼ਹੀਦਾਂ ਦੇ ਪਰਿਵਾਰਾਂ ਤੇ ਗਰੀਬ ਲੋਕਾਂ ਵਾਸਤੇ ਕੁਦਰਤ ਨਾਲ ਮੇਲ ਖਾਂਦਾ ਵਿਸ਼ੇਸ ਕੇਂਦਰ ਖੋਲਿਆ ਜਾਵੇਗਾ। ਇਸ ਮੌਕੇ ਰਜਿੰਦਰ ਚੱਢਾ, ਅਮਨ ਚੱਢਾ, ਮੁਨੀਸ਼ ਪੁਰੀ, ਜੇ.ਕੇ.ਬੇਦੀ ਰੋਪੜ, ਰਿੰਕੂ ਚੱਢਾ, ਕਰਨੈਲ ਸਿੰਘ ਆਜ਼ਮਪੁਰ, ਬਾਬਾ ਦਿਲਬਾਗ ਸਿੰਘ ਆਦਿ ਹਾਜ਼ਰ ਸਨ। ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਪੁੱਤ ਦੀ ਮੌਤ ‘ਤੋਂ ਬਾਅਦ ਉਸ ਦੀ ਵਰਦੀ ਪਾ ਲਈ ਸੀ ਜਿਸ ਨੂੰ ਦੇਖ ਕੇ ਐਸ.ਪੀ. ਓਬਰਾਏ ਦਾ ਦਿਲ ਬਹੁਤ ਖੁਸ਼ ਹੋਇਆ। ਉਹਨਾਂ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸ਼ਹੀਦ ਕੁਲਵਿੰਦਰ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਾ ਦਿੱਤੀ। ਉਹਨਾਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਹੀ ਸੱਚੀ ਸਰਧਾਂਜਲੀ ਹੋਵੇਗੀ।