ਇਸਲਾਮਾਬਾਦ- ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ’ਚ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੇ ਗਏ ਹਵਾਈ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ’ਚ ਰਾਸ਼ਟਰੀ ਸੁਰਖਿਆ ਕਮੇਟੀ ਦੀ ਬੈਠਕ ਹੋਈ।ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਬੈਠਕ ਦੀ ਪ੍ਰਧਾਨਗੀ ਕੀਤੀ। ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਨੇ ਇਕਪਾਸੜ ਉਕਸਾਵੇ ਦੀ ਕਾਰਵਾਈ ਕੀਤੀ ਹੈ ਅਤੇ ਅਸੀਂ ਆਪਣੇ ਚੁਣੇ ਹੋਏ ਸਮੇਂ ‘ਤੇ ਚੁਣੀ ਹੋਈ ਜਗ੍ਹਾ ‘ਤੇ ਇਸ ਦਾ ਢੁਕਵਾਂ ਜਵਾਬ ਦਿਆਂਗੇ।ਇਮਰਾਨ ਖ਼ਾਨ ਨੇ ਆਪਣੇ ਇਥੇ ਆਵਾਮ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਮੀਡੀਆ ਨੂੰ ਉਕਤ ਜਗ੍ਹਾ ‘ਤੇ ਲੈ ਕੇ ਜਾਣਗੇ ਪਰ ਫ਼ਿਲਹਾਲ ਉਥੇ ਮੌਸਮ ਠੀਕ ਨਹੀਂ ਹੈ।ਭਾਰਤੀ ਹਵਾਈ ਫ਼ੌਜ ਦੇ 12 ਮਿਰਾਜ ਜਹਾਜ਼ਾਂ ਵਲੋਂ ਪਾਕਿਸਤਾਨ ‘ਚ ਅਤਵਾਦੀ ਟਿਕਾਣਿਆਂ ‘ਤੇ ਹਵਾਈ ਸਟ੍ਰਾਈਕ ਤੋਂ ਬਾਅਦ ਸਥਿਤੀ ‘ਤੇ ਚਰਚਾ ਕਰਨ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਬੈਠਕ ਬੁਲਾਈ ਸੀ।