ਭਵਾਨੀਗੜ੍ਹ, 25 ਫਰਵਰੀ (ਇਕਬਾਲ ਬਾਲੀ)- ਕਾਰ ਸਵਾਰ ਨਕਾਬਪੋਸ਼ ਵਿਅਕਤੀ ਸਕੂਟੀ ‘ਤੇ ਪਿਆ ਇਕ ਇਲੈਕਟ੍ਰੀਸ਼ਨ ਦਾ ਬੈਗ ਚੋਰੀ ਕਰਕੇ ਫਰਾਰ ਹੋ ਗਿਆ। ਘਟਨਾ ਐਤਵਾਰ ਦੇਰ ਸ਼ਾਮ ਸ਼ਹਿਰ ਦੇ ਪੁਰਾਣੇ ਬਸ ਸਟੈਂਡ ਨੇੜੇ ਇਕ ਦੁਕਾਨ ਦੇ ਬਾਹਰ ਵਾਪਰੀ ਜਿਥੇ ਇਕ ਬਿਜਲੀ ਦਾ ਮਕੈਨਿਕ ਕੰਮ ਕਰਨ ਲਈ ਗਿਆ ਸੀ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੀ ਪਾਣੀ ਵਾਲੀ ਟੈਂਕੀ ਨੇੜੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਕਰਦੇ ਗਬਿੰਦਰ ਗਿੰਦੀ ਸਗੂ ਨੇ ਪਤਰਕਾਰਾਂ ਨੂੰ ਦਸਿਆ ਕਿ ਕਲ੍ਹ ਦੇਰ ਸ਼ਾਮ 9 ਕੁ ਵਜੇ ਉਹ ਪੁਰਾਣੇ ਬਸ ਸਟੈਂਡ ਕੋਲ ਇਕ ਦੁਕਾਨ ‘ਤੇ ਬਿਜਲੀ ਦਾ ਕੰਮ ਕਰਨ ਗਿਆ ਸੀ।ਇਸ ਦੌਰਾਨ ਉਹ ਅਪਣੀ ਟੂਲ ਕਿਟ ਵਾਲਾ ਬੈਗ ਸਕੂਟੀ ‘ਤੇ ਹੀ ਟੰਗ ਕੇ ਦੁਕਾਨ ਅੰਦਰ ਚਲਾ ਗਿਆ ਤਾਂ ਕੁਝ ਸਮੇਂ ਬਾਅਦ ਜਦੋ ਉਹ ਦੁਕਾਨ ‘ਚੋਂ ਬਾਹਰ ਆਇਆ ਤਾਂ ਸਕੂਟੀ ਤੋਂ ਗਾਇਬ ਟੂਲ ਕਿਟ ਵਾਲਾ ਬੈਗ ਦੇਖ ਕੇ ਉਸ ਦੇ ਹੋਸ਼ ਉਡ ਗਏ। ਬਾਅਦ ਵਿਚ ਦੁਕਾਨ ਦੇ ਬਾਹਰ ਲਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈਕ ਕੀਤੀ ਤਾਂ ਉਸ ਵਿਚ ਸਾਫ ਤੌਰ ਤੇ ਦਿਖਾਈ ਦਿਤਾ ਕਿ ਇਕ ਮਾਰੂਤੀ ਕਾਰ ਵਿਚ ਆਏ 3-4 ਅਣਪਛਾਤੇ ਵਿਅਕਤੀਆਂ ਵਿਚੋਂ ਇਕ ਨਕਾਬਪੋਸ਼ ਵਿਅਕਤੀ ਨੇ ਉਤਰ ਕੇ ਉਸ ਦੀ ਸਕੂਟੀ ਤੋਂ ਟੂਲ ਕਿਟ ਚੁਕ ਕੇ ਫਰਾਰ ਹੋ ਗਿਆ।ਇਲੈਕਟ੍ਰੀਸ਼ੀਅਨ ਨੇ ਦਸਿਆ ਕਿ ਟੂਲ ਕਿਟ ਵਿਚ ਉਸ ਦੀ ਡਰਿਲ ਮਸ਼ੀਨ ਸਮੇਤ ਹੋਰ ਸਾਮਾਨ ਰਖਿਆ ਸੀ। ਘਟਨਾ ਸਬੰਧੀ ਉਸ ਵਲੋਂ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ।