Skip to content
Independent perspectives. Global stories.
BREAKING

ਸਕੂਲਾਂ ’ਚ ਟੀਚਰ ਨਹੀਂ, ਵਿਦਿਆਰਥੀਆਂ ਕੋਲ ਫਰਨੀਚਰ ਨਹੀਂ ਤੇ ਪੜ੍ਹਨ ਲਈ ਇਮਾਰਤਾਂ ਨਹੀਂ

Share this story

ਸਰਕਾਰ ਦਾ ਇਹ ਕਿਹੋ ਜਿਹਾ ਵਿਕਾਸ?

image ਮਾਛੀਵਾੜਾ ਸਾਹਿਬ, 11 ਅਪ੍ਰੈਲ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਗਰੀਬਾਂ ਲਈ ਪੇਂਡੂ ਖੇਤਰ ਵਿਚ  ਖੋਲ੍ਹੇ ਗਏ ਪ੍ਰਾਇਮਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਵੱਡੇ ਵੱਡੇ ਦਮਗਜੇ ਮਾਰੇ ਜਾ ਰਹੇ ਹਨ ਪਰ ਮਾਛੀਵਾੜਾ ਬਲਾਕ ਵਿਚ ਪ੍ਰਾਇਮਰੀ ਸਿੱਖਿਆ ਦੇ ਹਾਲਾਤ ਇਹ ਹਨ ਕਿ ਸਕੂਲਾਂ ਵਿਚ ਟੀਚਰ ਨਹੀਂ, ਵਿਦਿਆਰਥੀਆਂ ਕੋਲ ਬੈਠਣ ਲਈ ਫਰਨੀਚਰ ਨਹੀਂ ਤੇ ਸਿੱਖਿਆ ਦੇ ਮੰਦਰ ਵਜੋਂ ਜਾਣੇ ਜਾਂਦੇ ਸਕੂਲਾਂ ਦੀਆਂ ਕਈ ਇਮਾਰਤਾਂ ਵੀ ਖਸਤਾ ਹਾਲਤ ਵਿਚ ਹਨ।

ਪੰਜਾਬ ਸਰਕਾਰ ਵੱਲੋਂ ਸ਼ਾਇਦ ਵਿਕਾਸ ਸੜਕਾਂ ਬਣਾਉਣਾ,ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕਾ ਕਰਨਾ ਤੇ ਧਰਮਸ਼ਾਲਾ ਲਈ ਗਰਾਟਾਂ ਦੇਣ ਤੱਕ ਹੀ ਸੀਮਿਤ ਰਹਿ ਗਿਆ ਹੈ ਤੇ ਉਹ ਗਰੀਬ ਮਾਪੇ ਜੋ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਤੋਂ ਅਸਮਰੱਥ ਹਨ, ਮਜਬੂਰਨ ਉਹ ਸਰਕਾਰੀ ਸਕੂਲਾਂ ਵਿਚ ਪੜ੍ਹਨ ਲਈ ਭੇਜ ਰਹੇ ਹਨ  ਉਨਾਂ ਦੇ ਸਿੱਖਿਆ ਦੇ ਵਿਕਾਸ ਵੱਲ੍ਹ ਧਿਆਨ ਦੇਣਾ ਸਰਕਾਰ ਭੁੱਲ ਹੀ ਗਈ ਹੈ। ਮਾਛੀਵਾੜਾ ਬਲਾਕ ਜਿੱਥੇ ਕਿ 88 ਪ੍ਰਾਇਮਰੀ ਸਕੂਲ ਹਨ ਤੇ ਪੇਂਡੂ ਖੇਤਰ ਦੇ ਕਰੀਬ 5800 ਗਰੀਬ ਬੱਚੇ ਇਨਾਂ ਸਕੂਲਾਂ ਵਿਚ ਪੜ੍ਹਦੇ ਹਨ ਤੇ ਹਾਲਾਤ ਇਹ ਹਨ ਕਿ ਇਨਾਂ 88 ਸਕੂਲਾਂ ਵਿਚੋਂ 66  ਸਕੂਲ ਜੋ ਜ਼ਿਲ੍ਹਾ ਪ੍ਰੀਸ਼ਦ ਅਧੀਨ ਆਉਂਦੇ ਹਨ ਉਨਾਂ ਵਿਚ ਪਹਿਲੀ ਕਲਾਸ ਤੋਂ ਪੰਜਵੀਂ ਤੱਕ ਪੜ੍ਹਾਉਣ ਲਈ ਕੇਵਲ ਇੱਕ ਹੀ ਅਧਿਆਪਕ ਦਿੱਤਾ ਗਿਆ ਹੈ ਜਦਕਿ ਬਾਕੀ ਸਾਰੀਆਂ ਪੋਸਟਾਂ ਖਾਲੀ ਪਈਆਂ ਹਨ। ਹੋਰ ਤਾਂ ਹੋਰ ਕੁਝ ਸਕੂਲਾਂ ਵਿਚ ਇਹ ਹਾਲਾਤ ਹਨ ਕਿ ਉਥੇ ਅਧਿਆਪਕ ਨਹੀਂ, ਡੈਪੂਟੇਸ਼ਨ ਤੇ ਅਧਿਆਪਕ ਲਿਆ ਕੇ ਬੱਚਿਆਂ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਇੱਕ ਅਧਿਆਪਕ ਪੰਜ ਕਲਾਸਾਂ ਤੇ ਸੈਂਕੜੇ ਬੱਚਿਆਂ ਨੂੰ ਕਿਸ ਤਰ੍ਹਾਂ ਵਧੀਆ ਸਿੱਖਿਆ ਦੇ ਸਕੇਗਾ, ਸ਼ਾਇਦ ਪੰਜਾਬ ਸਰਕਾਰ ਦਾ ਇਸ ਵਿਕਾਸ ਵੱਲ੍ਹ ਧਿਆਨ ਨਹੀਂ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਬੱਚਿਆਂ ਨੂੰ ਮਾਈ ਭਾਗੋ ਯੋਜਨਾ ਤਹਿਤ ਸਾਈਕਲ ਦਿੱਤੇ ਜਾ ਰਹੇ ਹਨ ਉਥੇ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਬੱਚੇ ਜਿੱਥੋਂ ਉਨਾਂ ਦੀ ਸਿੱਖਿਆ ਦਾ ਆਧਾਰ ਬਣਦਾ ਹੈ ਇਨਾਂ ਵਿਚੋਂ 3800 ਬੱਚਿਆਂ ਕੋਲ ਬੈਠਣ ਲਈ ਫਰਨੀਚਰ ਹੀ ਨਹੀਂ ਤੇ ਗਰੀਬ ਪਰਿਵਾਰਾਂ ਦੇ ਬੱਚੇ ਸਰਦੀਆਂ ਦੇ ਵਿਚ ਠੰਡੇ ਫਰਸ਼ ਤੇ ਟਾਟ ਵਿਛਾ ਕੇ ਜਾਂ ਘਰੋਂ ਬੋਰੀਆਂ ਲਿਆ ਕੇ ਬੈਠਦੇ ਹਨ ਤੇ ਗਰਮੀਆਂ ਵਿਚ ਵੀ ਇਨਾਂ ਨੂੰ ਫਰਸ਼ ਤੇ ਬੈਠਣਾ ਪੈ ਰਿਹਾ ਹੈ। ਮਾਛੀਵਾੜਾ ਦੇ ਸਰਕਾਰੀ ਸਕੂਲਾਂ ਵਿਚੋਂ 6 ਸਕੂਲਾਂ ਦੀ ਇਮਾਰਤ ਦੀ ਹਾਲਤ ਇਹ ਹੈ ਕਿ ਇਨਾਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ ਪਰ ਇਨਾਂ ਇਮਾਰਤਾਂ ਵਿਚ ਜਿੱਥੇ ਕਿ ਛੋਟੇ ਛੋਟੇ ਬੱਚੇ ਪੜ੍ਹਦੇ ਹਨ ਉਨਾਂ ਨੂੰ ਸੰਵਾਰਨ ਵੱਲ੍ਹ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਈ ਸਕੂਲਾਂ ਵਿਚ ਤਾਂ ਦਾਨੀ ਸੱਜਣਾਂ, ਐਨ.ਆਰ.ਆਈ. ਪਰਿਵਾਰਾਂ ਵੱਲੋਂ ਇਮਾਰਤ ਲਈ ਦਾਨ ਦੇ ਕੇ ਤੇ ਫਰਨੀਚਰ ਵੀ ਦਾਨ ਵਜੋਂ ਦਿੱਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਜੋ ਕਿ ਰਾਜ ਨਹੀਂ ਸੇਵਾ ਅਤੇ ਵਿਕਾਸ ਵਿਚ ਸਭ ਤੋਂ ਮੋਹਰੀ ਹੋਣ ਦੇ ਦਾਅਵੇ ਕਰ ਰਹੀ ਹੈ ਉਸਨੇ ਬੱਚਿਆਂ ਦੀ ਸਰਕਾਰੀ ਸਕੂਲਾਂ ਦੇ ਹਾਲਾਤ ਨੂੰ ਸੁਧਾਰਨ ਵਿਚ ਕੋਈ ਉਪਰਾਲਾ ਨਹੀਂ ਕੀਤਾ। ਬੇਟ ਖੇਤਰ ਦੇ ਸਾਰੇ ਹੀ ਸਕੂਲਾਂ ਵਿਚ ਨਲਕਿਆਂ ਦਾ ਪਾਣੀ ਦੂਸ਼ਿਤ ਹੋ ਚੁੱਕਿਆ ਹੈ ਪਰ ਸਰਕਾਰੀ ਏਸੀ ਦਫ਼ਤਰਾਂ ਵਿਚ ਬੈਠੇ ਸਰਕਾਰ ਦੇ ਅਧਿਕਾਰੀ ਤੇ ਸੱਤਾ ਚਲਾਉਣ ਵਾਲੇ ਜੋ ਹਮੇਸ਼ਾਂ ਫਿਲਟਰ ਪਾਣੀ ਪੀਣ ਦੇ ਆਦਿ ਹੋ ਗਏ ਹਨ ਉਨਾਂ ਨੂੰ ਇਸਦ ਕੋਈ ਪ੍ਰਵਾਹ ਨਹੀਂ ਕਿ ਗਰੀਬ ਪਰਿਵਾਰਾਂ ਦੇ ਇਹ ਬੱਚੇ ਦੂਸ਼ਿਤ ਪਾਣੀ ਪੀ ਕੇ ਚਾਹੇ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਣ। ਜਦੋਂ ਮਾਛੀਵਾੜਾ ਬਲਾਕ ਦੇ ਸਿੱਖਿਆ ਅਧਿਕਾਰੀ ਨਾਲ ਪ੍ਰਾਇਮਰੀ ਸਕੂਲਾਂ ਦੇ ਬਦ ਤੋਂ ਬਦਤਰ ਹਾਲਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਉਚ ਅ੍ਯਧਿਕਾਰੀਆਂ ਨੂੰ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ, ਫਰਨੀਚਰ ਦੀ ਘਾਟ ਤੇ ਖਸਤਾ ਹਾਲਤ ਇਮਾਰਤਾਂ ਅਤੇ ਪੀਣ ਵਾਲੇ ਪ੍ਰਦੂਸ਼ਿਤ ਪਾਣੀ ਬਾਰੇ ਲਿਖਤੀ ਰੂਪ ਵਿਚ ਕਈ ਵਾਰ ਜਾਣਕਾਰੀ ਦੇ ਚੁੱਕੇ ਹਨ ਪਰ ਇਹ ਉਨਾਂ ਦੇ ਚਿੱਠੀ ਪੱਤਰ ਸਰਕਾਰੀ ਦਫ਼ਤਰਾਂ ਅਤੇ ਸੱਤਾ ਧਿਰ ਦੇ ਵਜੀਰਾਂ ਦੀਆਂ ਫਾਈਲਾਂ ਵਿਚ ਦਬ ਕੇ ਰਹਿ ਗਏ ਹਨ ਤੇ ਉਨਾਂ ਨੂੰ ਸਕੂਲਾਂ ਦੇ ਹਾਲਾਤ ਸੁਧਾਰਨ ਲਈ ਕੋਈ ਫੰਡ ਨਹੀਂ ਮੁਹੱਈਆ ਕਰਵਾਏ ਜਾ ਰਹੇ।

WRITTEN BY