ਜਗਰਾਉਂ, 19 ਫਰਵਰੀ (ਪਰਮਜੀਤ ਸਿੰਘ ਗਰੇਵਾਲ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਦੀਆਂ ਹਦਾਇਤਾਂ ’ਤੇ ਚਲਾਈ ਗਈ ਭੈੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਪਾਰਟੀ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ. ਐਸ. ਪੀ. ਪ੍ਰਭਜੋਤ ਕੌਰ ਨੇ ਦੱਸਿਆ ਕਿ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਰਸ਼ਮਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਪੁਲਿਸ ਮੁਲਾਜ਼ਮਾਂ ਸਮੇਤ ਨਿਰਮਲ ਸਿੰਘ ਵੱਲੋਂ ਪਿੰਡ ਭੈਣੀ ਅਰਾਈਆਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ’ਤੇ ਸੋਹਣ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਸ਼ੇਖਕੁਤਬ ਨੇ ਇਤਲਾਹ ਦਿੱਤੀ ਕਿ ਮੇਰਾ ਪਰਸ ਲੁਟੇਰੇ ਖੋਹ ਕੇ ਫਰਾਰ ਹੋ ਗਏ ਹਨ ਤਾਂ ਪੁਲਿਸ ਨੇ ਮਨਪ੍ਰੀਤ ਸਿਘ ਉਰਫ਼ ਮੰਨਾ, ਸਤਨਾਮ ਸਿੰਘ ਸੱਤਾ ਤੇ ਜਸਪ੍ਰੀਤ ਸਿੰਘ ਉਰਫ਼ ਜੱਸੂ ਨੂੰ ਸੀਮੇਂਟ ਫੈਕਟਰੀ ਪਿੰਡ ਭੁਮਾਲ ਤੋਂ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮੁਕੱਦਮਾ ਨੰਬਰ 31 ਅ/ਧ 379 ਬੀ, 34 ਤਹਿਤ ਥਾਣਾ ਸਿੱਧਵਾਂ ਬੇਟ ਵਿਖੇ ਦਰਜ ਕੀਤਾ ਗਿਆ ਤੇ ਉਨ੍ਹਾਂ ਕੋਲੋ ਇਕ ਮੋਟਰਸਾਈਕਲ, ਲੋਹੇ ਦਾ ਦਾਹ ਅਤੇ ਮੋਬਾਇਲ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਚ ਲੋੜੀਦੇ ਜਸਪ੍ਰੀਤ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਬੁਜ਼ਗਰ ਅਤੇ ਜਸਪ੍ਰੀਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਰਾਊਵਾਲ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਖਿਲਾਫ਼ ਮੁਕੱਦਮਾ ਨੰਰ 32 ਅ/ਧ 25, 54, 59 ਆਰਮਜ਼ ਐਕਟ ਮੁਕੱਦਮਾ ਦਰਜ ਕੀਤਾ ਗਿਆ, ਇਨ੍ਹਾਂ ਲੁਟੇਰਿਆਂ ਕੋਲੋ ਨਜਾਇਜ਼ ਰਿਵਾਲਵਰ 315 ਬੋਰਡ ਸਮੇਤ 2 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਡੀ. ਐਸ. ਪੀ. ਮੈਡਮ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਕਤ ਲੁਟੇਰੇ ਪਹਿਲਾ ਲੋਕਾਂ ਨੂੰ ਕੁੱਟਦੇ ਸਨ ਤੇ ਬਾਅਦ ’ਚ ਪੈਸੇ ਤੇ ਮੋਬਾਇਲ ਖੋਹ ਕੇ ਫਰਾਰ ਹੋ ਜਾਂਦੇ ਸਨ। ਬੇਟ ਇਲਾਕੇ ’ਚ ਇਹ ਲੁਟੇਰੇ ਬਹੁਤ ਸਰਗਰਮ ਸਨ ਅਤੇ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਉਕਤ ਲੁਟੇਰਿਆਂ ਨੂੰ ਕਾਬੂ ਕਰਕੇ ਬੇਟ ਇਲਾਕੇ ਅੰਦਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਨੱਥ ਪਵੇਗੀ। ਇਸ ਮੌਕੇ ਸਬ ਇੰਸਪੈਕਟਰ ਬਲਦੇਵ ਸਿੰਘ ਵੀ ਹਾਜ਼ਰ ਸਨ।