May 13, 2026 10:08 pm

ਸੁਨੀਲ ਜਾਖੜ ਅਤੇ ਤ੍ਰਿਪਤ ਬਾਜਵਾ ਵੱਲੋਂ ਬਟਾਲਾ ਹਲਕੇ ਦੀਆਂ 81 ਪੰਚਾਇਤਾਂ ਨੂੰ 5.62 ਕਰੋੜ ਰੁਪਏ ਦੇ ਚੈਕ ਤਕਸੀਮ

ਬਟਾਲਾ, 19 ਫ਼ਰਵਰੀ (ਸ਼ਮੀ ਸ਼ਰਮਾ, ਲੱਕੀ ਰਾਜਪੂਤ)- ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅਜ ਬਟਾਲਾ ਹਲਕੇ ਦੀਆਂ 81 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 5.62 ਕਰੋੜ ਰੁਪਏ ਦੀ ਗ੍ਰਾਂਟ ਦੇ ਚੈਕ ਤਕਸੀਮ ਕੀਤੇ ਗਏ। ਇਸ ਮੌਕੇ ਉਨਾਂ ਨਾਲ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ, ਗੁਰਦਾਸਪੁਰ ਦੇ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰੌਸ਼ਨ ਜੌਸ਼ਫ਼ ਵੀ ਹਾਜ਼ਰ ਸਨ।ਮਿਸ਼ਨ 2019 ਤਹਿਤ ਬਟਾਲਾ ਸ਼ਹਿਰ ਦੇ ਖੁਸ਼ੀ ਵਾਟਿਕਾ ਪੈਲੇਸ ਵਿਚ ਕਰਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਬਟਾਲਾ ਦੀਆਂ 81 ਪੰਚਾਇਤਾਂ ਨੂੰ ਜੋ 5.62 ਕਰੋੜ ਰੁਪਏ ਦੇ ਚੈਕ ਦਿਤੇ ਗਏ ਉਨਾਂ ਵਿਚ ਸਮਾਰਟ ਵਿਲੇਜ ਕੰਪੇਨ ਤਹਿਤ 1.71 ਕਰੋੜ, ਐਮ.ਪੀ. ਲੈਡ ਫੰਡ ਤਹਿਤ 1.26 ਕਰੋੜ ਰੁਪਏ, ਜਿਸ ਵਿਚ 2 ਸਟੇਡੀਅਮ ਵੀ ਸ਼ਾਮਲ ਹਨ, 14ਵੇਂ ਵਿਤ ਕਮਿਸ਼ਨ ਤਹਿਤ 1.45 ਕਰੋੜ ਰੁਪਏ ਅਤੇ ਮਗਨਰੇਗਾ ਯੋਜਨਾ ਤਹਿਤ 1.20 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ।ਪੰਚਾਇਤਾਂ ਨੂੰ ਚੈਕ ਤਕਸੀਮ ਕਰਨ ਮੌਕੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਦੇ ਵਿਕਾਸ ਲਈ ਵਚਨਬਧ ਹੈ ਅਤੇ ਸਰਕਾਰ ਨੇ ਖਜ਼ਾਨੇ ਦੇ ਮੂੰਹ ਸੂਬੇ ਦੇ ਵਿਕਾਸ ਲਈ ਖੋਲ ਦਿਤੇ ਹਨ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਬਸ਼ਰਤੇ ਕਿ ਪੰਚਾਇਤਾਂ ਸਰਕਾਰੀ ਗ੍ਰਾਂਟ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਵਿਕਾਸ ਕਾਰਜਾਂ ਉਪਰ ਖਰਚ ਕਰਨ।ਇਸ ਮੌਕੇ ਬਟਾਲਾ ਹਲਕੇ ਦੀਆਂ 81 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 5.62 ਕਰੋੜ ਰੁਪਏ ਦੀ ਗ੍ਰਾਂਟ ਦੇ ਚੈਕ ਤਕਸੀਮ ਕੀਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਰਣਬੀਰ ਸਿੰਘ ਮੂਧਲ, ਡੀ.ਡੀ.ਪੀ.ਓ. ਸ. ਲਖਵਿੰਦਰ ਸਿੰਘ ਰੰਧਾਵਾ, ਬੀ.ਡੀ.ਪੀ.ਓ. ਬਟਾਲਾ ਸ. ਗੁਰਜੀਤ ਸਿੰਘ, ਬੀ.ਡੀ.ਪੀ.ਓ. ਕਾਦੀਆਂ ਸ੍ਰੀਮਤੀ ਪਰਮਜੀਤ ਕੌਰ, ਬੀ.ਡੀ.ਪੀ.ਓ. ਕਾਹਨੂੰਵਾਨ ਸ. ਸੁਖਜਿੰਦਰ ਸਿੰਘ, ਸੰਜੀਵ ਤ੍ਰਿਖਾ, ਸ. ਸਿੰਕਦਰ ਸਿੰਘ ਪੀ.ਏ, ਮਾਸਟਰ ਸਰਬਜੀਤ ਸਿੰਘ, ਚੇਅਰਮੈਨ ਮਨਜੀਤ ਸਿੰਘ, ਸੁਖ ਤੇਜਾ, ਕਸਤੂਰੀ ਲਾਲ ਸੇਠ, ਰਾਣੂ ਸੇਖੜੀ ਆਦਿ ਹਾਜ਼ਰ ਸਨ।

Send this to a friend