May 9, 2026 9:36 pm

ਪੰਜਾਬ ਦੀ ਜਨਤਕ ਸਿੱਖਿਆ ਬਚਾਉਣ ਲਈ ਸੰਤੁਲਿਤ ਪਹੁੰਚ ਦੀ ਲੋੜ

ਪੰਜਾਬ ਦੇ ਸਾਰੇ ਸਕੂਲਾਂ ਅੰਦਰ ਅਧਿਆਪਕਾਂ ਵਲੋਂ ਗੁਣਾਤਮਿਕ ਸਿਖਿਆ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ।ਪਿਛਲੇ ਵਿਦਿਅਕ ਵਰ੍ਹੇ ਦੇ ਸ਼ੁਰੂ ਵਿਚ ਗਤੀਵਿਧੀ ਆਧਾਰਤ ਅਧਿਆਪਨ ਵਿਧੀਆਂ ਤੇ ਜ਼ੋਰ ਦਿਤਾ ਗਿਆ ।ਹਰ ਇਕ ਵਿਸ਼ੇ ਦੇ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਸਹਾਇਕ ਮਟੀਰੀਅਲ ਵੀ ਦਿਤਾ ਗਿਆ ।ਪ੍ਰਾਇਮਰੀ ਮਿਡਲ ਅਤੇ ਹਾਈ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਦੇ ਮਾਨਸਿਕ ਪਧਰ ਦੀ ਜਾਂਚ ਕਰਕੇ ਹਰ ਵਿਦਿਆਰਥੀ ਦਾ ਡਾਟਾ ਤਿਆਰ ਕੀਤਾ ਗਿਆ, ਇਸ ਜਾਂਚ ਦੇ ਨਤੀਜੇ ਅਨੁਸਾਰ ਪੜ੍ਹਾਈ ‘ਚ ਕਮਜ਼ੋਰ ਬਚਿਆਂ ‘ਤੇ ਅਧਿਆਪਕਾਂ ਵਲੋਂ ਵਿਸ਼ੇਸ਼ ਧਿਆਨ ਦਿਤਾ ਗਿਆ ਜਿਸ ਦੇ ਲਾਭਦਾਇਕ ਨਤੀਜੇ ਵੀ ਦੇਖਣ ਨੂੰ ਮਿਲੇ ।ਸਿਖਿਆ ਵਿਭਾਗ ਪੰਜਾਬ ਵਲੋਂ ਇਸ ਸੈਸ਼ਨ ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਮੁਹਿੰਮ ਤਹਿਤ ਸਾਰੇ ਬਚਿਆਂ ਦਾ ਛਿਮਾਹੀ ਪੇਪਰਾਂ ਦੇ ਨੰਬਰਾਂ ਦਾ ਡਾਟਾ ਤਿਆਰ ਕੀਤਾ ਗਿਆ ,ਇਸ ਡਾਟਾ ਸੀਟ ਵਿਚੋਂ 40% ਤੋਂ ਘਟ ਨੰਬਰ ਲੈਣ ਵਾਲੇ ਬਚਿਆਂ ਦੀ ਦੀ ਵਖਰੀ ਸੂਚੀ ਤਿਆਰ ਕੀਤੀ ਗਈ ।ਇਸ ਕੰਮ ਲਈ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਗੁਣਾਤਮਕ ਵਿਕਾਸ ਵਿਚ ਲਗੀਆਂ ਸਾਰੀਆਂ ਟੀਮਾਂ ਦੇ ਮੈਂਬਰਾਂ ਨੂੰ ਬਾਕਾਇਦਾ ਸਕੂਲ ਵੰਡ ਕੇ ਬਚਿਆਂ ਅਤੇ ਸਬੰਧਤ ਵਿਸ਼ਾ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਗਿਆ । ਹਰ ਬਚੇ ਦੇ ਨੰਬਰ ਦਰਜ ਕਰਨ ਦਾ ਕਾਰਜ ਭਾਵੇਂ ਵਡਾ ਸੀ ਪਰ ਇਸ ਸਮੁਚੇ ਕਾਰਜ ਦੇ ਕਈ ਖੂਬਸੂਰਤ ਪਹਿਲੂ ਵੇਖਣ ਨੂੰ ਮਿਲੇ , ਜਦੋਂ ਪੜ੍ਹਾਈ ਚ ਕਮਜ਼ੋਰ ਬਚਿਆਂ ਉਪਰ ਵਿਅਕਤੀਗਤ ਤੌਰ ਤੇ ਧਿਆਨ ਦਿਤਾ ਗਿਆ ਤਾਂ ਉਨ੍ਹਾਂ ਦਾ ਸਿਖਣ ਪਧਰ ਪਧਰ ਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ ।ਇਸ ਕੰਮ ਕਰਦੇ ਸਮੇਂ ਇਨ੍ਹਾਂ ਬਚਿਆਂ ਦੀ ਇਕ ਵਿਸ਼ੇਸ਼ ਪ੍ਰੀਖਿਆ ਵੀ ਲਈ ਗਈ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਉਤਸ਼ਾਹਤ ਕੀਤਾ ਗਿਆ ।ਵਟਸਐਪ ਗਰੁਪ ਬਣਾ ਕੇ ਉਨ੍ਹਾਂ ਦੇ ਮਾਪਿਆਂ ਨਾਲ ਤਾਲਮੇਲ ਬਿਠਾਇਆ ਗਿਆ ਅਤੇ ਬਚਿਆਂ ਨੂੰ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਵਲੋਂ ਨਿਜੀ ਤੌਰ ਤੇ ਟੈਲੀਫੋਨ ਕਰਕੇ ਘਰ ਵਿਖੇ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਿਆ ਗਿਆ ।ਇਸ ਮੁਹਿੰਮ ਵਿਚ ਇਕ ਸੁਨੇਹਾ ਇਹ ਵੀ ਗਿਆ ਕਿ ਹਰ ਇਕ ਬਚਾ ਪਾਸ ਕਰਵਾਉਣਾ ਹੈ ।ਪ੍ਰੰਤੂ ਸਿਖਿਆ ਕੋਈ ਦੌੜ ਨਹੀਂ ਹੁੰਦੀ ਸਗੋਂ ਸਹਿਜ ਨਾਲ ਚਲਣ ਵਾਲੀ ਲਗਾਤਾਰ ਪ੍ਰਕਿਰਿਆ ਹੈ ਜਿਸ ਦੇ ਨਤੀਜੇ ਹੌਲੀ ਹੌਲੀ ਪ੍ਰਾਪਤ ਕੀਤੇ ਜਾ ਸਕਦੇ ਹਨ । ਵਧੀਆ ਨਤੀਜੇ ਦੇਣ ਦੇ ਨਾਲ ਨਾਲ ਅਧਿਆਪਕ ਦਾ ਸਿਰਜਨਾਤਮਕ ਬਣਿਆ ਰਹਿਣਾ ਵੀ ਬਹੁਤ ਜ਼ਰੂਰੀ ਹੈ ।ਪ੍ਰੰਤੂ ਫਿਰ ਵੀ ਬੋਰਡ ਕਲਾਸਾਂ ਦੇ ਬਚਿਆਂ ਉਪਰ ਵਿਸ਼ੇਸ਼ ਧਿਆਨ ਦੇਣ ਵਾਲੀ ਮੁਹਿੰਮ ਵਿਲਖਣ ਕੰਮ ਸੀ ਜਿਸ ਨੇ ਪੜ੍ਹਾਈ ਚ ਪਿਛਲੇ ਗਰਿਡਾਂ ਵਾਲੇ ਬਚਿਆਂ ਨੂੰ ਹਲੂਣ ਕੇ ਅਗੇ ਵਧਣ ਲਈ ਪ੍ਰੇਰਿਤ ਕੀਤਾ । ਹੁਣ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਇੰਨੇ ਯਤਨ ਹੋਣ ਤੋਂ ਬਾਅਦ ਬੋਰਡ ਦੀਆਂ ਪ੍ਰੀਖਿਆਵਾਂ ਬਿਲਕੁਲ ਨਕਲ ਰਹਿਤ ਅਤੇ ਭੈਅ ਮੁਕਤ ਹੋਣ ਤਾਂ ਜੋ ਸਹੀ ਪ੍ਰਤਿਭਾ ਸਾਹਮਣੇ ਆ ਸਕੇ। ਕਿਸੇ ਕਲਾਸ ਵਿਚੋਂ ਜਿਥੇ ਇਕ ਦੋ ਬਚਿਆਂ ਦੇ ਫੇਲ ਹੋਣ ਦੀ ਗਲ ਹੈ ਉਹ ਇਕ ਸਾਧਾਰਨ ਵਰਤਾਰਾ ਹੈ ।ਅਧਿਆਪਕ ਨੇ ਬਹੁਤ ਯਤਨ ਕੀਤਾ ਜੇਕਰ ਫਿਰ ਵੀ ਕਿਸੇ ਕਲਾਸ ਵਿਚੋਂ ਕੋਈ ਬਚਾ ਫੇਲ੍ਹ ਹੋ ਜਾਂਦਾ ਹੈ ਤਾਂ ਇਸ ਦਾ ਉਨ੍ਹਾਂ ਦੇ ਮਨ ਤੇ ਕਿਸੇ ਕਿਸਮ ਦਾ ਡਰ ਨਹੀਂ ਹੋਣਾ ਚਾਹੀਦਾ । ਦਸਵੀਂ ਜਮਾਤ ਵਾਲੀ ਇਹ ਪਹੁੰਚ ਹੇਠਲੀਆਂ ਕਲਾਸਾਂ ਤੇ ਲਾਗੂ ਕਰਕੇ ਇਕਲੇ ਇਕਲੇ ਬਚੇ ‘ਤੇ ਵਿਅਕਤੀਗਤ ਧਿਆਨ ਦੇਣ ਦੀ ਲੋੜ ਹੈ ਤਾਂ ਹੀ ਉਪਰਲੀਆਂ ਕਲਾਸਾਂ ਵਿਚ ਵਧੀਆ ਬਚੇ ਆ ਸਕਦੇ ਹਨ ।ਸਰਕਾਰ ਵਲੋਂ ਕੁਝ ਸਕੂਲਾਂ ਨੂੰ ਸਮਾਰਟ ਸਕੂਲਾਂ ਦਰਜਾ ਦੇ ਕੇ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਗਈ ।ਬਹੁਤ ਸਾਰੇ ਸਕੂਲ ਮੁਖੀਆਂ ਨੂੰ ਪ੍ਰੇਰਨਾ ਦੇ ਕੇ ਸੈਲਫ ਮੇਡ ਸਮਾਰਟ ਸਕੂਲ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਗੁਣਾਤਮਕ ਸਿਖਿਆ ਦੇ ਵਿਕਾਸ ਅਤੇ ਸਮਾਰਟ ਸਕੂਲਾਂ ਵਾਲੇ ਯਤਨਾਂ ਨਾਲ ਦੋ ਤਥ ਸਾਹਮਣੇ ਆਏ -ਪਹਿਲਾਂ ਹਰ ਇਕ ਬਚੇ ਨੂੰ ਸਕੂਲ ਅੰਦਰ ਆਪਣੀ ਹੋਂਦ ਦਾ ਅਹਿਸਾਸ ਹੋਇਆ ਅਤੇ ਦੂਸਰਾ ਸਕੂਲਾਂ ਦੀ ਦਿਖ ਸੋਹਣੀ ਬਣੀ । ਮੋਟੇ ਤੌਰ ਤੇ ਪ੍ਰਾਇਮਰੀ ਅਤੇ ਮਾਸਟਰ ਕਾਡਰ ਅਧਿਆਪਕਾਂ ਦੀਆਂ ਅਸਾਮੀਆਂ ਲਗਭਗ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ । ਹਾਂ ,ਪਿਛਲੀ ਸਰਕਾਰ ਵਲੋਂ ਜਾਂਦੇ-ਜਾਂਦੇ ਰਾਜਨੀਤਕ ਲਾਹਾ ਲੈਣ ਲਈ ਧੜਾਧੜ ਅਪਗ੍ਰੇਡ ਕੀਤੇ ਸੈਕੰਡਰੀ ਸਕੂਲਾਂ ਵਿਚ ਲੈਕਚਰਾਰਾਂ ਅਤੇ ਪਿ?ੰਸੀਪਲਾਂ ਦੀਆਂ ਪੋਸਟਾਂ ਖਾਲੀ ਹਨ ।ਹੁਣ ਜੇਕਰ ਅਸੀਂ ਅਧਿਆਪਕਾਂ ਅੰਦਰ ਪਾਈ ਜਾ ਰਹੀ ਅਸ਼ਾਂਤੀ ਦੀ ਗਲ ਕਰੀਏ ਤਾਂ ਸਭ ਤੋਂ ਵਡਾ ਮਸਲਾ ਤਨਖਾਹਾਂ ਘਟਾਉਣ ਦਾ ਹੈ ਖਾਸ ਕਰਕੇ ਇਹ ਅਧਿਆਪਕ ਪਿਛਲੇ ਅਠ-ਦਸ ਸਾਲਾਂ ਤੋਂ ਠੇਕਾ ਆਧਾਰਿਤ ਸੇਵਾ ਨਿਭਾ ਰਹੇ ਹਨ ਤੇ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਵੀ ਬਹੁਤ ਸ਼ਾਨਦਾਰ ਹਨ। ਇਨ੍ਹਾਂ ਅਧਿਆਪਕਾਂ ਦੇ ਯਤਨਾਂ ਸਦਕਾ ਪੰਜਾਬ ਦੇ ਸਕੂਲਾਂ ਦਾ ਵਿਦਿਅਕ ਪਧਰ ਕਾਫੀ ਉਚਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਮਾਹੌਲ ਸ਼ਾਂਤ ਕੀਤਾ ਜਾਵੇ ।ਤਨਖਾਹ ਨਾਲ ਸਾਡੇ ਕੇਵਲ ਆਰਥਿਕ ਲਾਭ ਹੀ ਨਹੀਂ ਜੁੜੇ ਆਉਂਦੇ ਸਗੋਂ ਇਸ ‘ਚ ਵਿਅਕਤੀ ਦਾ ਸਮਾਜਿਕ ਰੁਤਬਾ ਅਤੇ ਉਸ ਦਾ ਸਵੈਮਾਣ ਵੀ ਸ਼ਾਮਿਲ ਹੁੰਦਾ ਹੈ। ਇਹ ਉਹ ਅਧਿਆਪਕ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਸਰਕਾਰੀ ਸਕੂਲਾਂ ਦੇ ਬਚਿਆਂ ਦੇ ਲੇਖੇ ਲਾਇਆ ਅਤੇ ਸਿਖਿਆ ਨੂੰ ਸਮਰਪਿਤ ਹੋ ਕੇ ਸਕੂਲਾਂ ਦੀ ਸੇਵਾ ਕੀਤੀ ।ਹੁਣ ਦੂਸਰੇ ਪਾਸੇ ਜੇਕਰ ਅਸੀਂ ਸਕੂਲ ਸੁਧਾਰਾਂ ਦੀ ਗਲ ਕਰੀਏ ਤਾਂ ਇਹ ਗਲ ਮੋਟੇ ਤੌਰ ਤੇ ਸਾਫ ਹੈ ਕਿ ਸਕੂਲਾਂ ਦੀ ਦਸ਼ਾ ਸੁਧਾਰਨ ਨਾਲ ਹੀ ਜਨਤਕ ਸਿਖਿਆ ਨੂੰ ਬਚਾਇਆ ਜਾ ਸਕਦਾ ਹੈ ।ਸਕੂਲਾਂ ਨੂੰ ਸੋਹਣਾ ਬਣਾਉਣ ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ‘ ਹਾਂ ਇਸ ਕੰਮ ਲਈ ਸਰਕਾਰ ਵਲੋਂ ਮਾਲੀ ਮਦਦ ਮਿਲਣੀ ਜ਼ਰੂਰੀ ਹੈ ਤੇ ਫੇਰ ਉਸ ਰਾਸ਼ੀ ਦੇ ਸਹੀ ਵਰਤੋਂ ਹੋਣੀ ਵੀ ਜ਼ਰੂਰੀ ਹੈ ।ਸਿਖਿਆ ਦਾ ਗੁਣਾਤਮਕ ਵਿਕਾਸ ਅਜੋਕੇ ਸਮੇਂ ਦੀ ਵਡੀ ਲੋੜ ਹੈ ਕੇਵਲ ਕਿਤਾਬੀ ਪੜ੍ਹਾਈ ਜਾਂ ਪਾਠ ਕ੍ਰਮ ਦਾ ਅਧਿਐਨ ਬਚਿਆਂ ਦੀਆਂ ਮਾਨਸਿਕ ਅਤੇ ਭਾਵਨਾਤਮਕ ਲੋੜਾਂ ਨਹੀਂ ਪੂਰੀਆਂ ਕਰ ਸਕਦਾ ।ਇਸ ਲਈ ਮਾਪਿਆਂ ,ਅਧਿਆਪਕਾਂ ਅਤੇ ਸਰਕਾਰੀ ਤੰਤਰ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਸਰਕਾਰ ਵਲੋਂ ਸ਼ੁਰੂ ਕੀਤੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਵਿਚ ਜੇਕਰ ਕਿਤੇ ਕਮੀਆਂ ਹਨ ਤਾਂ ਉਨ੍ਹਾਂ ਨੂੰ ਦੂਰ ਕਰਕੇ ਇਸ ਨੂੰ ਨਾਲ ਲਾਗੂ ਕਰਨਾ ਚਾਹੀਦਾ ਹੈ ।ਪੜ੍ਹੋ ਪੰਜਾਬ ਦੀਆਂ ਟੀਮਾਂ ਨੇ ਔਖੇ ਟਾਪਿਕ ਸੌਖੇ ਕਰਕੇ ਫੀਲਡ ਵਿਚ ਭੇਜੇ ਹਨ ਅਤੇ ਸਿਲੇਬਸ ਦਾ ਬੋਝ ਵੀ ਘਟ ਕਰਵਾਇਆ ਹੈ । ਪ੍ਰੰਤੂ ਫਿਰ ਵੀ ਕਿਤਾਬਾਂ ਦੀ ਸਮੇਂ ਸਿਰ ਛਪਾਈ ,ਛੁਟੀਆਂ ਦਾ ਪਕਾ ਕੈਲੰਡਰ ਅਤੇ ਹਰ ਪ੍ਰਕਾਰ ਦੀ ਗਤੀਵਿਧੀ ਦੀ ਸਾਲਾਨਾ ਯੋਜਨਾਬੰਦੀ ਮੁਦਿਆਂ ਤੇ ਸਿਖਿਆ ਵਿਭਾਗ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ।ਕਾਰਪੋਰੇਟ ਘਰਾਣਿਆਂ ਦੀ ਹਨੇਰੀ ਚ ਸਕੂਲਾਂ ਨੂੰ ਬਚਾਉਣ ਲਈ ਗੁਣਾਤਮਕ ਸਿਖਿਆ ਹੀ ਇਕੋ ਇਕ ਵਡਾ ਹਥਿਆਰ ਹੈ ਜਿਸ ਨਾਲ ਇਹ ਸਕੂਲ ਆਪਣੀ ਹੋਂਦ ਕਾਇਮ ਰਖ ਸਕਦੇ ਹਨ ਹਰ ਇਕ ਮਾਤਾ- ਪਿਤਾ ਲਈ ਆਪਣੇ ਬਚੇ ਦੀ ਪੜ੍ਹਾਈ ਪ੍ਰਮੁਖ ਹੈ ਜੇਕਰ ਸਰਕਾਰੀ ਸਕੂਲਾਂ ਵਿਚ ਵਧੀਆ ਪੜ੍ਹਾਈ ਮਿਲਦੀ ਹੈ ਤਾਂ ਸਕੂਲਾਂ ਵਿਚ ਰੌਣਕਾਂ ਪਰਤਣਗੀਆਂ। ਸੂਚਨਾ ਤਕਨੀਕ ਦੇ ਆਉਣ ਤੋਂ ਬਾਅਦ ਬਚਿਆਂ ਦੇ ਸੁਪਨਿਆਂ ਦਾ ਸੰਸਾਰ ਬਹੁਤ ਵਡਾ ਹੋ ਚੁਕਾ ਹੈ ।ਉਨ੍ਹਾਂ ਦੀ ਆਪਣੀ ਇਕ ਵਖਰੀ ਹੀ ਦੁਨੀਆ ਹੈ ਇਸ ਲਈ ਉਹ ਬੋਝ ਵਾਲੀ ਪੜ੍ਹਾਈ ਨਹੀਂ ਕਰ ਸਕਦੇ , ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਖੇਲ ਕੁਦ ਜਾਂ ਮਨੋਰੰਜਕ ਕਿਰਿਆਵਾਂ ਰਾਹੀਂ ਪੜ੍ਹਾਇਆ ਜਾਵੇ । ਰਟਾ ਮਾਰ ਅਤੇ ਡੰਡੇ ਵਾਲੀ ਪੜ੍ਹਾਈ ਫੇਲ ਹੋ ਚੁਕੀ ਹੈ ਇਹ ਵੀ ਤਥ ਹੈ ਕਿ ਬਚੇ ਦੇ ਸਕੂਲ ਛਡਣ ਤੋਂ ਬਾਅਦ ਜੋ ਚੀਜ਼ਾਂ ਯਾਦ ਰਹਿ ਜਾਂਦੀਆਂ ਹਨ ਉਹ ਅਸਲ ਪੜ੍ਹਾਈ ਹੁੰਦੀ ਹੈ ਤੇ ਜੋ ਭੁਲ ਜਾਂਦਾ ਹੈ ਉਹ ਉਸਦੇ ਮਨ ਤੇ ਲਦਿਆ ਵਾਧੂ ਭਾਰ ਹੁੰਦਾ ਹੈ ਸਿਖਿਆ ਬਹੁਤ ਹੀ ਸੂਖ਼ਮ ਵਿਸ਼ਾ ਹੈ ਜਿਥੇ ਸੰਵਿਧਾਨ ਵਲੋਂ ਸਰਕਾਰਾਂ ਨੂੰ ਇਹ ਫਰਜ਼ ਨਿਭਾਉਣ ਲਈ ਕਿਹਾ ਗਿਆ ਹੈ ਉਥੇ ਸਾਡਾ ਵੀ ਸਾਰਾ ਦਾ ਫਰਜ਼ ਬਣਦਾ ਹੈ ਕਿ ਇਸ ਖੇਤਰ ਨਾਲ ਜੁੜੀਆਂ ਸਮਸਿਆਵਾਂ ਦੇ ਹਲ ਦੇ ਸਮਾਧਾਨ ‘ਚ ਆਪਣਾ ਯੋਗਦਾਨ ਪਾਈਏ ।ਸਕੂਲਾਂ ਨੇ ਹੀ ਸਮਾਜ ਨੂੰ ਹਸਤੀਆਂ ਦੇਣੀਆਂ ਹੁੰਦੀਆਂ ਹਨ ।ਸਕੂਲਾਂ ਦਾ ਵਾਤਾਵਰਨ ਇਸ ਤਰ੍ਹਾਂ ਹੋਵੇ ਕਿ ਸਕੂਲਾਂ ਵਿਚੋਂ ਪੈਦਾ ਹੋਣ ਵਾਲੇ ਬਚੇ ਇਕ ਸੰਤੁਲਿਤ ਸ਼ਖ਼ਸੀਅਤ ਦੇ ਮਾਲਕ ਹੋਣ ਇਸ ਸਭ ਕੁਝ ਦੀ ਪ੍ਰਾਪਤੀ ਲਈ ਅਜ ਸਮੇਂ ਦੀ ਵਡੀ ਲੋੜ ਹੈ ਕਿ ਅਸੀੰ ਆਪਣੇ ਨਿਕੇ ਮੋਟੇ ਮਤਭੇਦ ਭੁਲਾ ਕੇ ਇਕ ਸਾਂਝੀ ਸਮਝ ਪੈਦਾ ਕਰੀਏ ਜਿਸ ਨਾਲ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬਚਿਆਂ ਦਾ ਕਲਿਆਣ ਹੋ ਸਕੇ। ਮੇਰੀ ਮੌਲਿਕ ਰਚਨਾ ਅਤੇ ਪਹਿਲ ਦੇ ਆਧਾਰ ਤੇ ਆਪ ਜੀ ਦੇ ਅਖਬਾਰ ਨੂੰ ।

Send this to a friend