May 13, 2026 11:28 am

ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ

ਸਮਾਜ ਵਿਚ ਵਿਚਰਦਿਆਂ ਹੋਇਆਂ ਸਾਨੂੰ ਅਨੇਕਾਂ ਹੀ ਗਤੀਵਿਧੀਆਂ ਕਰਨੀਆਂ ਪੈਂਦੀਆਂ ਹਨ। ਵਿਸ਼ੇਸ਼ ਕਰ ਕੇ ਸਾਨੂੰ ਜਿਊਣ ਲਈ ਭੋਜਣ, ਪਹਿਨਣ ਲਈ ਮੌਸਮ ਅਨੁਸਾਰ ਕਪੜੇ ਅਤੇ ਰਹਿਣ ਲਈ ਇਕ ਘਰ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤਿੰਨਾਂ ਚੀਜ਼ਾਂ ਦੀ ਲੋੜ ਦੀ ਪੂਰਤੀ ਲਈ ਮਨੁਖ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ। ਸਮਾਜ ਵਿਚ ਜਿਹੜੇ ਲੋਕ ਆਰਥਿਕ ਸਾਧਨਾਂ ਨਾਲ ਨਿਪੁੰਨ ਹੁੰਦੇ ਹਨ ਉਨ੍ਹਾਂ ਨੂੰ ਤਾਂ ਇਨ੍ਹਾਂ ਤਿੰਨਾਂ ਚੀਜ਼ਾਂ ਦੀ ਪ੍ਰਾਪਤੀ ਲਈ ਕੋਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪੈਂਦਾ ਪਰੰਤੂ ਜਿਨ੍ਹਾਂ ਲੋਕਾਂ ਦੀ ਆਰਥਿਕ ਹਾਲਤ ਵੇਲਾ ਲੰਘਾਉਣ ਦੀ ਸਥਿਤੀ ਵਾਲੀ ਹੁੰਦੀ ਹੈ ਉਨ੍ਹਾਂ ਲਈ ਚੰਗੇ ਕਪੜੇ ਤੇ ਰਹਿਣ ਲਈ ਚੰਗਾ ਘਰ, ਕੋਠੀਆਂ ਆਦਿ ਇਕ ਸੁਪਨੇ ਦੀ ਨਿਆਈਂ ਹੁੰਦਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਵਿਚ ਬਹੁਤਾਤ ਇਨ੍ਹਾਂ ਹੀ ਗਰੀਬੀ ਦੇ ਝੰਬੇ ਲੋਕਾਂ ਦੀ ਹੈ, ਜਦਕਿ ਆਰਥਿਕ ਤੌਰ ‘ਤੇ ਸੰਪੰਨ ਲੋਕ ਕੁਝ ਕੁ ਹੀ ਪ੍ਰਤੀਸ਼ਤ ਹਨ। ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਹੇ ਕਈ ਲੋਕਾਂ ਲਈ ਤਾਂ ਇਕ ਦਿਨ ਦਾ ਰੋਟੀ-ਟੁਕ ਕਰ ਲੈਣਾ ਉਨ੍ਹਾਂ ਲਈ ਬਹੁਤ ਵਡੀ ਗਲ ਹੁੰਦੀ ਹੈ। ਅਜਿਹੇ ਪਰਿਵਾਰਾਂ ਦੇ ਮੁਖੀਆਂ ਲਈ ਆਪਣਾ ਪਰਿਵਾਰ ਪਾਲਣਾ ਅਤੇ ਉਨਾਂ ਲਈ ਰੋਟੀ ਦੀ ਪੂਰਤੀ ਕਰਨੀ ਇਕ ਵਡਾ ਟੀਚਾ ਹੁੰਦਾ ਹੈ। ਇਹ ਸ਼੍ਰੇਣੀ ਮਿਹਨਤ-ਮਜ਼ਦੂਰੀ, ਦਿਹਾੜੀਦਾਰਾ ਅਤੇ ਬਹੁਤ ਹੀ ਘਟ ਮੁਲ ਮੋੜਨ ਵਾਲੇ ਨਿਕੇ-ਨਿਕੇ ਕੰਮਾਂ ਨਾਲ ਜੁੜੀ ਹੁੰਦੀ ਹੈ। ਇਨ੍ਹਾਂ ਲਈ ਹਰ ਦਿਨ ਇਕ ਨਵਾਂ ਸੰਘਰਸ਼ ਹੁੰਦਾ ਹੈ। ਝੁਗੀਆਂ-ਝੌਂਪੜੀਆਂ, ਨਿਕੇ-ਨਿਕੇ ਕਮਰਿਆਂ ਅਤੇ ਸ਼ਹਿਰਾਂ-ਕਸਬਿਆਂ ਦੀਆਂ ਹਨ੍ਹੇਰੀਆਂ ਗਲੀਆਂ ਵਿਚ ਰਹਿਣ ਵਾਲੇ ਇਨ੍ਹਾਂ ਲੋਕਾਂ ਦੀ ਤਮਾਮ ਜ਼ਿੰਦਗੀ ਹਨੇਰਮਈ ਅਤੇ ਅਵਿਕਸਿਤ ਹੁੰਦੀ ਹੈ। ਇਨ੍ਹਾਂ ਲੋਕਾਂ ਦੇ ਬਚੇ ਜਿਥੇ ਬਿਮਾਰੀਆਂ, ਕੁਪੋਸ਼ਨ ਤੇ ਨੰਗੇਜ਼ਤਾ ਆਦਿ ਦਾ ਸ਼ਿਕਾਰ ਹੁੰਦੇ ਹਨ, ਉਥੇ ਮੁਢਲੀ ਸਿਖਿਆ ਦੀ ਪ੍ਰਾਪਤੀ ਵੀ ਨਾ ਕਰ ਸਕਣਾ ਇਨ੍ਹਾਂ ਲਈ ਸਾਰੀ ਉਮਰ ਦੀ ਤ੍ਰਾਸਦੀ ਬਣ ਜਾਂਦਾ ਹੈ। ਅਜਿਹੀਆਂ ਸਥਿਤੀਆਂ ਵਿਚੋਂ ਗੁਜ਼ਰਨ ਵਾਲਾ ਇਹ ਬਚਪਨ ਸ਼ਾਮ ਤਕ ਆਪਣੇ ਬਾਪ ਦੀ ਕੰਮ ਤੋਂ ਵਾਪਸ ਆਉਂਣ ਦੀ ਉਡੀਕ ਕਰਦਾ-ਕਰਦਾ ਕਈ ਵਾਰ ਭੁਖਿਆਂ ਹੀ ਸੌਣ ਲਈ ਮਜ਼ਬੂਰ ਹੋ ਜਾਂਦਾ ਹੈ।
ਉਧਰ ਦੂਜੇ ਪਾਸੇ ਆਰਥਿਕ ਸਾਧਨਾਂ ਨਾਲ ਸੰਪੰਨ ਲੋਕ ਵਡੇ ਉਦਯੋਗਪਤੀ ਘਰਾਣੇ, ਰਈਸ, ਸ਼ਾਹੂਕਾਰ ਅਤੇ ਵਪਾਰੀ ਵਰਗ ਆਦਿ ਜਿਥੇ ਪਿਤਾ-ਪੁਰਖੀ ਜਾਇਦਾਦਾਂ ਅਤੇ ਹੋਰ ਵਾਜਿਬ-ਨਾਵਾਜਿਬ ਤਰੀਕਿਆਂ ਨਾਲ ਬੇਸ਼ੁਮਾਰ ਧਨ-ਦੌਲਤ ਇਕਠੀ ਕਰ ਲੈਂਦੇ ਹਨ, ਉਥੇ ਉਨ੍ਹਾਂ ਲਈ ਮਨੁਖੀ ਜੀਵਨ ਜਿਊਣ ਦੇ ਲੋੜੀਂਦੇ ਸਾਧਨਾਂ ਦੀ ਪੂਰਤੀ ਦੀ ਵਿਚਾਰਧਾਰਾ ਨਾਲੋਂ ਕਿਤੇ ਅਗਾਂਹ ਐਸ਼-ਪ੍ਰਸਤੀ, ਮੌਜ-ਮਸਤੀ, ਆਵਾਜਾਈ ਤੇ ਮਨੋਰੰਜਨ ਦੇ ਸਾਧਨਾਂ ਦੀ ਦੁਰਵਰਤੋਂ ਨਾਲ ਕੁਦਰਤ ਅਤੇ ਵਾਤਾਵਰਣ ‘ਤੇ ਪੈਣ ਵਾਲੇ ਮਾੜੇ ਪ੍ਰਭਾਵ, ਵਿਆਹ-ਸ਼ਾਦੀਆਂ ਅਤੇ ਆਪਣੀ ਹਉਮੈਂ ਨੂੰ ਪ੍ਰਗਟਾਉਣ ਵਾਲੀਆਂ ਵਡੀਆਂ ਪਾਰਟੀਆਂ ਤੇ ਇਕਠਾਂ ਵਿਚ ਕੀਤੀ ਜਾਣ ਵਾਲੀ ਬੇਸ਼ੁਮਾਰ ਭੋਜਨ ਤੇ ਪਾਣੀ ਦੀ ਅੰਨ੍ਹੀ ਬਰਬਾਦੀ ਉਨ੍ਹਾਂ ਦੀ ਜੀਵਨ-ਸ਼ੈਲੀ ਦਾ ਇਕ ਅੰਗ ਹੁੰਦੀ ਹੈ।
ਅਜਿਹੀ ਸਥਿਤੀ ਵਿਚ ਜਿਥੇ ਅਜਿਹੇ ਸਾਧਨਾਂ ਦੀ ਬਹੁਤਾਤ ਅਤੇ ਉਨ੍ਹਾਂ ਦੀ ਅੰਨ੍ਹੀ ਦੁਰਵਰਤੋਂ ਸਾਡੇ ਸਮਾਜ ਲਈ ਇਕ ਬੇਹਦ ਖਤਰਨਾਕ ਰੁਝਾਨ ਹੈ, ਉਥੇ ਇਸ ਅਮੀਰ ਤੇ ਗਰੀਬ ਦੇ ਪਾੜੇ ਵਿਚਲਾ ਅੰਤਰ ਕਿਵੇਂ ਪੂਰਾ ਹੋਵੇ? ਇਹ ਵੀ ਇਕ ਬੇਹਦ ਸੋਚਣ, ਸਮਝਣ ਅਤੇ ਚਿੰਤਨ ਕਰਨ ਦੀ ਦਿਸ਼ਾ ਵਲ ਲਿਜਾਣ ਵਾਲਾ ਸਦੀਆਂ ਪੁਰਾਣਾ ਸਵਾਲ ਅਜ ਇਕਵੀਂ ਸਦੀ ਵਿਚ ਵੀ ਜਿਉਂ ਦਾ ਤਿਉਂ ਹੀ ਖਲੋਤਾ ਹੈ। ਬੇਸ਼ਕ ਇਸ ਦੇ ਹਲ ਲਈ ਕਈ ਸਰਕਾਰੀ ਨੀਤੀਆਂ ਬਣੀਆਂ ਹਨ ਪਰ ਜੇ ਇਹ ਨੀਤੀਆਂ ਬਣਨ ਦੇ ਬਾਵਜੂਦ ਵੀ ਹਾਲਾਤ ਅਜੇ ਠੀਕ ਨਹੀਂ ਹੋਏ ਹਨ ਤਾਂ ਫਿਰ ਵਿਸ਼ਲੇਸ਼ਣ ਕਰਨ ਅਤੇ ਧਿਆਨ ਦੇਣ ਦੀ ਸਖਤ ਲੋੜ ਹੈ।
ਅਜ ਹਰੇਕ ਵਡੇ-ਛੋਟੇ ਸ਼ਹਿਰਾਂ ਵਿਚ ਜਿਥੇ ਅਕਾਸ਼ ਨੂੰ ਛੂਹੰਦੀਆਂ ਗਗਨ-ਚੁੰਬੀ ਬਹੁਮੰਜ਼ਿਲਾ ਇਮਾਰਤਾਂ, ਮਲਟੀਪਲੈਕਸ, ਹੋਟਲ, ਰੈਸਟੋਰੈਂਟ, ਸ਼ਾਪਿੰਗ-ਮਾਲ ਆਦਿ ਮੌਜੂਦ ਹਨ, ਉਥੇ ਇਨ੍ਹਾਂ ਦੇ ਨਾਲ ਹੀ ਬਹੁਤ ਹੀ ਪਛੜੇ ਵਰਗਾਂ ਅਤੇ ਅਤ ਦੀ ਗਰੀਬੀ ਵਿਚੋਂ ਗੁਜ਼ਰ ਰਹੇ ਲੋਕਾਂ ਦੀਆਂ ਝੁਗੀਆਂ-ਝੌਂਪੜੀਆਂ ਵੀ ਸਾਡੇ ਇਸ ਅਤਿ ਆਧੁਨਿਕ ਅਤੇ ਡਿਜੀਟਲ ਯੁਗ ਲਈ ਇਕ ਸਵਾਲ ਹਨ। ਇਹ ਸਵਾਲ ਤਦ ਤਕ ਹਲ ਨਹੀਂ ਹੋ ਪਾਵੇਗਾ ਜਦ ਤਕ ਅਸੀਂ ਆਪਣੀ ਵਿਅਕਤੀਗਤ ਹਊਮੈਂ, ਕੁਨਬਾ-ਪ੍ਰਸਤੀ, ਸਵਾਰਥ, ਭਾਈ-ਭਤੀਜਾਵਾਦ ਦੀ ਨੀਤੀ, ਮੈਨੂੰ ਕੀ ਦੀ ਭਾਵਨਾ, ਊਚ-ਨੀਚ ਆਦਿ ਵਰਗੀਆਂ ਗਲਾਂ ਤੋਂ ਇਮਾਨਦਾਰੀ ਨਾਲ ਉਤਾਂਹ ਨਹੀਂ ਉਠਾਂਗੇ। ਇੰਨਾ ਹੀ ਨਹੀਂ ਬਲਕਿ ਸਮਾਜ ਵਿਚ ਬਹੁਤ ਹੀ ਜ਼ਿਆਦਾ ਆਰਥਿਕ ਪਖੋਂ ਪਛੜੇ ਵਰਗਾਂ ਦੀ ਚੰਗੇਰੀ ਸਥਿਤੀ ਲਈ ਸਾਨੂੰ ਆਪਣੇ ਨਿਜ ਤੋਂ ਵੀ ਪਹਿਲ ਕਰਨੀ ਪਵੇਗੀ। ਜੇਕਰ ਸਾਡੇ ਕੋਲ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਦੇ ਨਿਰਬਾਹ ਤੋਂ ਬਾਅਦ ਸਾਧਨਾਂ ਦੀ ਬਹੁਤਾਤ ਨਜ਼ਰੀਂ ਆਉਂਦੀ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਲੋਕਾਂ, ਜਿਨ੍ਹਾਂ ਕੋਲ ਰੋਜ਼ਮਰਾ ਦੀਆਂ ਲੋੜਾਂ ਦੀ ਪੂਰਤੀ ਲਈ ਵਸਤਾਂ ਦੀ ਘਾਟ ਹੈ, ਤਾਂ ਸਾਡੇ ਹਥ ਉਨ੍ਹਾਂ ਦੀ ਮਦਦ ਕਰਨ ਤੋਂ ਪਿਛਾਂਹ ਨਹੀਂ ਹਟਣੇ ਚਾਹੀਦੇ। ਇਸ ਤਰ੍ਹਾਂ ਕਰਨ ਨਾਲ ਜਿਥੇ ਕਿਸੇ ਦਾ ਭਲਾ ਹੋਵੇਗਾ, ਉਥੇ ਸਾਨੂੰ ਵੀ ਇਕ ਵਿਲਖਣ ਤੇ ਰੂਹਾਨੀ ਖੁਸ਼ੀ ਅਤੇ ਅਨੰਦ ਦਾ ਅਹਿਸਾਸ ਹਾਸਲ ਹੋਵੇਗਾ। ਅਜ ਵਡੀ ਲੋੜ ਹੈ ਸਾਧਨ-ਸੰਪੰਨ ਅਤੇ ਸਾਧਨ ਵਿਹੂਣੀਆਂ ਧਿਰਾਂ ਦੇ ਇਸ ਪਾੜੇ ਨੂੰ ਖਤਮ ਕਰਨ ਦੀ, ਜਿਸ ਵਿਚ ਜਿਥੇ ਸਮਾਜ-ਸੇਵੀ ਜਥੇਬੰਦੀਆਂ, ਸਮਾਜ ਦੇ ਵਖ-ਵਖ ਜ਼ਿੰਮੇਵਾਰ ਵਰਗ, ਇਥੋਂ ਤਕ ਕਿ ਸਰਕਾਰਾਂ/ਪ੍ਰਸ਼ਾਸਨ ਵੀ ਗਰੀਬੀ ਨਾਲ ਜੂਝ ਰਹੇ ਲੋਕਾਂ ਦੀ ਆਰਥਿਕਤਾ ਨੂੰ ਸਚਮੁਚ ਹੀ ਬਿਨ੍ਹਾਂ ਪਖਪਾਤ ਤੋਂ ਪੂਰੀ ਇਮਾਨਦਾਰੀ ਸਹਿਤ ਉਤਾਂਹ ਚੁਕਣ ਲਈ ਯਤਨ ਕਰਨ। ਤਾਂ ਹੀ ਅਸੀਂ ਆਧੁਨਿਕ ਯੁਗ ਦੇ ਨਾਗਰਿਕ ਕਹਾਉਣ ਦੇ ਹਕਦਾਰ ਹੋਵਾਂਗੇ।

Send this to a friend