ਨਵੀਂ ਦਿੱਲੀ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿ ਪਾਕਿਸਤਾਨ ਦੇ ਖਿਲਾਫ 1999 ਦੀ ਕਾਰਗਿਲ ਜੰਗ ਵਿੱਚ ਭਾਰਤ ਦੀ ਜਿੱਤ ਲਈ ਮੁਸਲਮਾਨ ਸੈਨਿਕ ਲੜੇ ਸਨ। ਆਜ਼ਮ ਖਾਨ ਦੇ ਇਸ ਵਿਵਾਦਗ੍ਰਸਤ ਬਿਆਨ ਨੂੰ ਚੋਣ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਇਸ ’ਤੇ ਗਹਿਰਾਈ ਨਾਲ ਜਾਂਚ ਕਰਨ ’ਚ ਜੁੱਟ ਗਈ ਹੈ। ਚੋਣ ਕਮੇਟੀ ਨੇ ਆਜਮ ਦੇ ਇਸ ਬਿਆਨ ਦੀ ਰਿਕਾਰਡਿੰਗ ਮੰਗੀ ਹੈ। ਇਸ ਮਾਮਲੇ ਦੀ ਸ਼ਿਕਾਇਤ ਘੱਟ ਗਿਣਤੀ ਕਮਿਸ਼ਨ ਤੱਕ ਵੀ ਪਹੁੰਚਾਈ ਗਈ ਹੈ। ਅਕਸਰ ਵਿਵਾਦ ਪੈਦਾ ਕਰਨ ਵਾਲੇ ਆਜ਼ਮ ਨੇ ਬੀਤੀ ਦਿਨੀ ਗਾਜਿਆਬਾਦ ’ਚ ਇੱਕ ਚੋਣ ਰੈਲੀ ’ਚ ਕਾਰਗਿਲ ਜੰਗ ਦਾ ਵੀ ਜ਼ਿਕਰ ਕੀਤਾ। ਗੌਰਤਲਬ ਹੈ ਕਿ
ਗਾਜਿਆਬਾਦ ਸੰਸਦੀ ਸੀਟ ਵਿੱਚ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਅਧਿਕਾਰੀ ਨਿਵਾਸ ਕਰਦੇ ਹਨ। ਖਾਨ ਦੀ ਇਸ ਟਿੱਪਣੀ ਨੂੰ ਨਿਸ਼ਚਿਤ ਰੂਪ ਨਾਲ ਸਮਾਜਵਾਦੀ ਪਾਰਟੀ ਦੇ ਪੱਖ ’ਚ ਵੋਟਾਂ ਦੇ ਧਰੁਵੀਕਰਨ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।



