ਜਲੰਧਰ, 6 ਫ਼ਰਵਰੀ- ਸ਼ਹਿਰ ਦੀ ਸ਼ਾਨ, ਉਘੇ ਸਮਾਜ ਸੇਵੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸ. ਤੇਜਿੰਦਰ ਸਿੰਘ ਬਿੱਟੂ ਨੂੰ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਪਾਰਟੀ ਦੀ ਅਹਿਮ ਮੀਡੀਆ ਕੁਆਰਡੀਨੇਟ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ। ਇਸ ਜ਼ਿੰਮੇਵਾਰੀ ਦੇ ਮਿਲਣ ਨਾਲ ਸ. ਬਿੱਟੂ ਦਾ ਸਿਆਸੀ ਕੱਦ ਇੱਕ ਦਮ ਹੋਰ ਵੱਡਾ ਹੋ ਗਿਆ ਹੈ। ਪਾਰਟੀ ਦੇ ਆਮ ਵਰਕਰਾਂ, ਸ਼ਹਿਰ ਵਾਸੀਆਂ ਅਤੇ ਸਮਰਥਕਾਂ ਵਿੱਚ ਇਸ ਨਿਯੁਕਤੀ ਕਾਰਨ ਕਾਫੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੈ। ਸ. ਬਿੱਟ ਬਹੁਤ ਹੀ ਹਰਮਨਪਿਆਰੇ ਸਿਆਸੀ ਆਗੂ ਹਨ। ਉਨ੍ਹਾਂ ਦਾ ਹਰ ਵਰਗ ਵਿੱਚ ਬਹੁਤ ਹੀ ਸਤਿਕਾਰ ਹੈ।ਕਾਂਗਰਸ ਦੀ ਨਵੀਂ ਥਾਪੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਵਾਡਰਾ ਦੇ ਉਹ ਕਾਫੀ ਨਜ਼ਦੀਕ ਹਨ। ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਹੋਈਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਸੀ, ਪ੍ਰੰਤੂ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ’ਤੇ ਉਨ੍ਹਾਂ ਨੇ ਇੱਕ ਹੋਰ ਆਗੂ ਲਈ ਆਪਣੀ ਟਿਕਟ ਕੁਰਬਾਨ ਕਰ ਦਿੱਤੀ ਸੀ। ਸ. ਬਿੱਟੂ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਾਰਜਕਾਲ ਦੌਰਾਨ ਜਲੰਧਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੀ ਰਹੇ ਹਨ। ਚੇਅਰਮੈਨ ਵਜੋਂ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਲਈ ਵੱਡੇ ਕਾਰਜ ਕੀਤੇ ਜਿਸ ਕਾਰਨ ਲੋਕ ਅੱਜ ਵੀ ਉਨ੍ਹਾਂ ਦੇ ਕੰਮਾਂ ਨੂੰ ਯਾਦ ਕਰਦੇ ਹਨ। ਇੱਕ ਬੇਹੱਦ ਸਮਰਥ ਆਗੂ ਵਜੋਂ ਪਹਿਚਾਣ ਰੱਖਣ ਵਾਲੇ ਸ. ਬਿੱਟੂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਨਾਲ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਵੱਡਾ ਲਾਭ ਮਿਲਣ ਦੀ ਸੰਭਾਵਨਾ ਹੈ।