ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਹੁਣ ਤਕ ਫੇਸਬੁਕ ਘਾਟੇ ਵਿਚ ਚਲ ਰਹੀ ਸੀ, ਜਦਕਿ ਇਸ ਦੀ ਲੋਕਪ੍ਰਿਅਤਾ ਆਈ.ਟੀ. ਖੇਤਰ ਵਿਚ ਲਗਾਤਾਰ ਵਧ ਰਹੀ ਸੀ। ਜਨਵਰੀ 2009 ਦੇ ਸ਼ੁਰੂ ਵਿਚ ਇਕ ਸਰਵੇਖਣ ਤੋਂ ਪਤਾ ਲਗਿਆ ਕਿ ਫੇਸਬੁਕ ਦੁਨੀਆਂ ਦੀ ਸਭ ਤੋਂ ਵਧ ਵਰਤੀ ਜਾਣ ਵਾਲੀ ਸੋਸ਼ਲ ਨੈਟਵਰਕਿੰਗ ਸਾਈਟ ਹੈ। ਇਸ ਸਰਵੇ ਦੇ ਨਾਲ ਹੀ ਫੇਸਬੁਕ ਦੀ ਆਰਥਿਕ ਪ੍ਰਗਤੀ ਵੀ ਸ਼ੁਰੂ ਹੋਈ। ਹੁਣ ਤਕ ਘਾਟੇ ਵਿਚ ਚਲ ਰਹੀ ਕੰਪਨੀ ਫਾਇਦੇ ਵਲ ਵਧਣ ਲਗੀ। ਸਤੰਬਰ 2009 ਵਿਚ ਵਿਤੀ ਅੰਕੜਿਆਂ ਦੇ ਲਿਹਾਜ਼ ਨਾਲ ਫੇਸਬੁਕ ਵਡਾ ਮੁਨਾਫਾ ਕਮਾਉਣ ਵਾਲੀ ਕੰਪਨੀ ਬਣ ਗਈ। ਇਸ ਖੇਤਰ ਦੀਆਂ ਕੰਪਨੀਆਂ ਅਜੇ ਤਕ ਫੇਸਬੁਕ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਹੁਣ ਸਥਿਤੀ ਇਹ ਸੀ ਕਿ ਫੇਸਬੁਕ ਨੇ ਛੋਟੀਆਂ ਕੰਪਨੀਆਂ ਨੂੰ ਖਰੀਦਣਾ ਸ਼ੁਰੂ ਕਰ ਦਿਤਾ।ਇਸ ਦਿਸ਼ਾ ਵਿਚ ਫੇਸਬੁਕ ਨੇ ਸਭ ਤੋਂ ਪਹਿਲਾਂ ਅਗਸਤ 2009 ਵਿਚ ‘ਫਰੈਂਡ ਫੀਡ‘ ਨਾਂ ਦੀ ਕੰਪਨੀ ਨੂੰ ਖਰੀਦਿਆ। ਫੇਸ- ਬੁਕ ਨੂੰ ਇਸ ਕੰਪਨੀ ਨੂੰ ਖਰੀਦਣ ਲਈ 1.5 ਮਿਲੀਅਨ ਡਾਲਰ ਕੈਸ਼ ਅਤੇ 32.5 ਮਿਲੀਅਨ ਡਾਲਰ ਸ਼ੇਅਰ ਖਰਚ ਕਰਨੇ ਪਏ। ਪਰ ਇਸ ਸ਼ੁਰੂਆਤ ਨੇ ਅੰਤਰਰਾਸ਼ਟਰੀ ਪਧਰ ਤੇ ਫੇਸਬੁਕ ਦੀ ਧਾਕ ਜਮਾ ਦਿਤੀ ਅਤੇ ਸਾਰੇ ਆਲੋਚਕਾਂ ਨੂੰ ਕਰਾਰਾ ਜਵਾਬ ਦਿਤਾ। ਇਹ ਕੋਈ ਚਾਣਚਕ ਸ਼ੁਰੂਆਤ ਨਹੀਂ ਸੀ, ਸਗੋਂ ਇਹਦੇ ਪਿਛੇ ਇਕ ਯੁਵਾ- ਸੋਚ ਦਾ ਸੰਘਰਸ਼ ਸੀ, ਜਿਸਨੇ ਕਈ ਵਾਰ ਮੁਸ਼ਕਿਲ ਹਾਲਾਤ ਵਿਚ ਵੀ ਹਿੰਮਤ ਨਹੀਂ ਸੀ ਹਾਰੀ।ਲੋਕਾਂ ਵਿਚ ਮਾਰਕ ਜ਼ੁਕਰਬਰਗ ਚਰਚਾ ਦਾ ਵਿਸ਼ਾ ਬਣ ਗਿਆ। ਉਹਦੇ ਜੀਵਨ ਨਾਲ ਸੰਬੰਧਿਤ ਗਲਾਂ ਨੂੰ ਜਾਣਨ ਦੀ ਲੋਕਾਂ ਵਿਚ ਰੁਚੀ ਵਧ ਗਈ। ਉਹ ਕੀ ਖਾਂਦਾ ਹੈ, ਕੀ ਸੋਚਦਾ ਹੈ, ਨਿਜੀ ਜੀਵਨ ਵਿਚ ਉਹਦਾ ਵਿਵਹਾਰ ਕਿਹੋ ਜਿਹਾ ਹੈ – ਇਹ ਸਭ ਕੁਝ ਜਾਣਨ ਦੀ ਲੋਕਾਂ ਵਿਚ ਉਤਸੁਕਤਾ ਸੀ। ਲੇਖਕਾਂ/ ਪ੍ਰਕਾਸ਼ਕਾਂ ਲਈ ਮਾਰਕ ਜ਼ੁਕਰਬਰਗ ‘ਹਾਟ‘ ਸਬਜੈਕਟ ਬਣ ਗਿਆ ਅਤੇ ਉਹਦੇ ਜੀਵਨ ਤੇ ਆਧਾਰਤ ਬਹੁਤ ਸਾਰੀ ਪੜ੍ਹਨ- ਸਮਗਰੀ ਬਾਜ਼ਾਰ ਵਿਚ ਧੜਾਧੜ ਆਉਣ ਲਗੀ। ਉਹਦੇ ਸੁਭਾਅ ਅਤੇ ਵਤੀਰੇ ਨਾਲ ਸਬੰਧਤ ਦਿਲਚਸਪ ਗਲਾਂ ਸਾਹਮਣੇ ਆਈਆਂ।
ਮਾਰਕ ਜ਼ੁਕਰਬਰਗ ਵਿਲਖਣ ਬੁਧੀ ਦਾ ਮਾਲਕ ਹੈ- ਇਕ ਸੁਪਰ ਕੰਪਿਊਟਰ ਜਿਹੀ ਵਿਕਸਿਤ ਕਾਰਜ- ਪ੍ਰਣਾਲੀ ਹੀ ਉਹਦੀ ਕਾਰਜਸ਼ੈਲੀ ਹੈ। ਫਿਰ ਵੀ ਨਿਜੀ ਤੌਰ ਤੇ ਮਾਰਕ ਇਕ ਸ਼ਰਮੀਲਾ ਯੁਵਕ ਹੈ। ਬੇਸ਼ਕ ਕਾਲਜ ਵੇਲੇ ਉਹ ਪਾਰਟੀਆਂ ਵਿਚ ਜਾਂਦਾ ਰਿਹਾ ਹੈ, ਪਰ ਉਥੇ ਵੀ ਉਹਦਾ ਵਤੀਰਾ ਬਹੁਤਾ ਖੁਲ੍ਹਾ ਨਹੀਂ ਸੀ, ਜਿਵੇਂ ਕਿ ਆਮ ਤੌਰ ਤੇ ਅਮਰੀਕੀ ਮੁੰਡਿਆਂ ਦਾ ਹੁੰਦਾ ਹੈ। ਉਹਦੀ ਜ਼ਿੰਦਗੀ ਵਿਚ ਆਈ ਪ੍ਰਿਸਿਲਾ ਚਾਨ ਪਹਿਲੀ ਤੇ ਆਖਰੀ ਲੜਕੀ ਹੈ, ਜਿਸ ਨਾਲ ਉਹਨੇ 2010 ਵਿਚ ਸ਼ਾਦੀ ਕੀਤੀ।
ਮਾਰਕ ਜ਼ੁਕਰਬਰਗ ਮੀਡੀਆ ਤੋਂ ਦੂਰੀ ਬਣਾ ਕੇ ਰਖਦਾ ਹੈ। ਆਪਣੇ ਨਵੇਂ ਸਾਫਟਵੇਅਰ ਜਾਂ ਕਿਸੇ ਫੀਚਰ ਬਾਰੇ ਉਹ ਆਪਣੇ ਉਪਭੋਗਤਾਵਾਂ ਨੂੰ ਆਪਣੇ ਹੀ ਸਿਸਟਮ ਰਾਹੀਂ ਜਾਣੂੰ ਕਰਵਾ ਦਿੰਦਾ ਹੈ। ਫਿਰ ਵੀ ਬਹੁਤ ਕੋਸ਼ਿਸ਼ਾਂ ਨਾਲ ਮੀਡੀਆ- ਕਰਮੀ ਉਹਦੀ ਇੰਟਰਵਿਊ ਲੈਣ ਵਿਚ ਸਫ਼ਲ ਹੋਏ ਹਨ। ਉਹਦੇ ਵਿਸ਼ੇ ਤਕਨਾਲੋਜੀ ਹੀ ਰਹੇ ਹਨ। ਹੋਰ ਕਿਸੇ ਵਿਸ਼ੇ ਬਾਰੇ ਮਾਰਕ ਘਟ ਹੀ ਬੋਲਦਾ ਹੈ। ਆਪਣੀ ਪਹਿਲੀ ਮੀਡੀਆ- ਇੰਟਰਵਿਊ ਵਿਚ ਤਾਂ ਮਾਰਕ ਕੈਮਰੇ ਮੂਹਰੇ ਪਸੀਨੋਂ- ਪਸੀਨੀ ਹੋ ਗਿਆ ਸੀ।
ਉਸ ਤੋਂ ਜਦੋਂ ਪੁਛਿਆ ਜਾਂਦਾ ਹੈ ਕਿ ਉਹਦੀ ਰੁਚੀ ਕੀ ਹੈ, ਤਾਂ ਉਹ ਸਿਰਫ ਸਾਫਟਵੇਅਰ ਪ੍ਰੋਗਰਾਮਰ ਦੇ ਰੂਪ ਵਿਚ ਹੀ ਖੁਦ ਨੂੰ ਪੇਸ਼ ਕਰਦਾ ਹੈ। ਕੰਪਿਊਟਰ- ਟੈਕਨਾਲੋਜੀ ਨਾਲ ਜੁੜੇ ਕਿਸੇ ਵੀ ਪ੍ਰਸ਼ਨ ਦਾ ਉਤਰ ਦਿੰਦੇ ਸਮੇਂ ਮਾਰਕ ਬਹੁਤ ਸਹਿਜ ਰਹਿੰਦਾ ਹੈ, ਪਰ ਕਿਸੇ ਨਿਜੀ ਸਵਾਲ ਤੇ ਉਹ ਅਸਹਿਜ ਹੋ ਜਾਂਦਾ ਹੈ। ਉਹਦੇ ਦੋਸਤਾਂ ਮੁਤਾਬਕ, ਉਨ੍ਹਾਂ ਵਿਚਾਲੇ ਵਧੇਰੇ ਗਲਬਾਤ ਦਾ ਵਿਸ਼ਾ ਪ੍ਰੋਗਰਾਮਿੰਗ ਹੀ ਹੁੰਦਾ ਹੈ। ਨਿਜੀ ਜੀਵਨ ਦੇ ਵਿਸ਼ੇ ਬਾਰੇ ਮਾਰਕ ਨੇ ਕਿਸੇ ਨਾਲ ਗੰਭੀਰ ਗਲਬਾਤ ਕੀਤੀ ਹੋਵੇ- ਅਜਿਹਾ ਕੋਈ ਦੋਸਤ ਸਾਹਮਣੇ ਨਹੀਂ ਆਇਆ।
ਮਾਰਕ ਜ਼ੁਕਰਬਰਗ ਦੀ ਸ਼ਖ਼ਸੀਅਤ ਦੀ ਇਕ ਵਿਲਖਣਤਾ ਹੈ- ਜਗਿਆਸੂ ਪ੍ਰਵਿਰਤੀ। ਜਗਿਆਸਾ ਉਹ ਗੁਣ ਹੈ, ਜਿਸ ਦੇ ਹੋਣ ਨਾਲ ਹਰ-ਪਲ ਕੁਝ ਨਵਾਂ ਵਾਪਰਨ ਦੀ ਸੰਭਾਵਨਾ ਲਗਾਤਾਰ ਬਣੀ ਰਹਿੰਦੀ ਹੈ। ਵਿਦਵਾਨਾਂ ਨੇ ਵੀ ਕਿਹਾ ਹੈ ਕਿ ਇਸ ਭੌਤਿਕ ਸੰਸਾਰ ਵਿਚ ਜਗਿਆਸੂ ਹੋਣਾ ਸਰਵੋਤਮ ਗੁਣ ਹੈ। ਕਿਉਂਕਿ ਇਸੇ ਦੇ ਮਾਧਿਅਮ ਨਾਲ ਮਾਨਵ, ਮਹਾਂਮਾਨਵ ਬਣਨ ਵਲ ਵਧਦਾ ਹੈ। ਗਿਆਨ ਪ੍ਰਾਪਤ ਕਰਦੇ ਰਹਿਣਾ ਹੀ ਮਨੁਖ ਦਾ ਗੁਣ ਹੋਣਾ ਚਾਹੀਦਾ ਹੈ ਅਤੇ ਉਂਜ ਵੀ ਮਨੁਖ ਦੀ ਗਿਆਨ- ਪ੍ਰਾਪਤੀ ਸੀਮਾ ਦਾ ਕੋਈ ਅੰਤ ਨਹੀਂ ਹੁੰਦਾ। ਜ਼ੁਕਰਬਰਗ ਵਿਗਿਆਨ, ਪੁਲਾੜ- ਵਿਗਿਆਨ ਅਤੇ ਸਾਹਿਤ ਵਰਗੇ ਵਿਸ਼ਿਆਂ ਤੋਂ ਵਧ ਤੋਂ ਵਧ ਗਿਆਨ ਪ੍ਰਾਪਤ ਕਰਨ ਦੀ ਇਛਾ ਰਖਦਾ ਰਿਹਾ ਹੈ। ਪ੍ਰਸ਼ਨ ਪੁਛਣ ਦੀ ਉਹਦੀ ਆਦਤ ਬਚਪਨ ਤੋਂ ਹੀ ਰਹੀ ਹੈ। ਉਹ ਆਪਣੇ ਮਾਤਾ- ਪਿਤਾ ਤੋਂ ਲਗਾਤਾਰ ਸਵਾਲ ਪੁਛਦਾ ਰਹਿੰਦਾ ਸੀ। ਮਿਡਲ ਸਕੂਲ ਵਿਚ ਵੀ ਉਹਨੇ ਆਪਣੇ ਅਧਿਆਪਕਾਂ ਨੂੰ ਪ੍ਰਸ਼ਨਾਂ ਨਾਲ ਖੂਬ ਖਿਝਾਇਆ ਅਤੇ ਇਹ ਸਿਲਸਿਲਾ ਕਾਲਜ- ਪ੍ਰੋਫੈਸਰਾਂ ਨਾਲ ਵੀ ਚਲਦਾ ਰਿਹਾ।ਉਹਦੇ ਪ੍ਰੋਫੈਸਰ ਉਹਦੇ ਇਸ ਜਗਿਆਸੂ ਸੁਭਾਅ ਤੇ ਬੜੇ ਖੁਸ਼ ਰਹਿੰਦੇ ਸਨ। ਮਾਰਕ ਉਂਜ ਤਾਂ ਸੂਚਨਾ- ਤਕਨਾਲੋਜੀ ਦਾ ਐਕਸਪਰਟ ਹੈ, ਪਰ ਉਹਦੇ ਜਗਿਆਸੂ-ਵਿਵਹਾਰ ਵਿਚ ਹਰ ਤਰਾਂ ਦੇ ਪ੍ਰਸ਼ਨ ਸ਼ਾਮਲ ਹੁੰਦੇ ਹਨ। ਉਹ ਅਰਥ- ਵਿਵਸਥਾ, ਵਿਸ਼ਵ- ਸ਼ਾਂਤੀ, ਸੰਸਾਰਕ ਮੰਦੀ ਅਤੇ ਰਾਜਨੀਤੀ ਜਿਹੇ ਵਿਸ਼ਿਆਂ ਤੇ ਵੀ ਗੰਭੀਰ ਚਰਚਾ ਕਰ ਸਕਦਾ ਹੈ। ਜ਼ੁਕਰਬਰਗ ਵਿਚ ਆਪਣੀਆਂ ਗਲਤੀਆਂ ਮੰਨਣ ਦੀ ਅਦਭੁਤ ਸ਼ਕਤੀ ਹੈ। ਆਪਣੇ ਕੰਮ ਦੀ ਧੁਨ ਵਿਚ ਉਸ ਤੋਂ ਕੁਝ ਗ਼ਲਤੀ ਵੀ ਹੋ ਜਾਂਦੀ ਸੀ, ਤਾਂ ਉਹਦਾ ਪਤਾ ਲਗਣ ਤੇ ਉਹ ਫੌਰਨ ਸੁਧਾਰਨ ਦੀ ਕੋਸ਼ਿਸ਼ ਕਰਦਾ ਅਤੇ ਇਹ ਗਲ ਅਜ ਵੀ ਮੌਜੂਦ ਹੈ। ਫੇਸਬੁਕ ਨੂੰ ਨਿਰੰਤਰ ਵਿਕਾਸ ਦੇ ਮਾਰਗ ਤੇ ਲਿਜਾਣ ਵਿਚ ਉਹਨੇ ਕਈ ਵਾਰ ਸਮਾਜ ਦੀ ਨਿਜਤਾ ਵਿਚ ਦਖ਼ਲ ਦਿਤਾ, ਜਿਸ ਕਰਕੇ ਉਸ ਉਤੇ ਵਿਵਾਦਮਈ ਮੁਕਦਮੇ ਵੀ ਹੋਏ। ਅਜਿਹਾ ਹੋਣ ਤੇ ਮਾਰਕ ਨੇ ਸ਼ਰੇਆਮ ਮੁਆਫ਼ੀ ਮੰਗ ਕੇ ਆਪਣੀ ਗਲਤੀ ਸੁਧਾਰੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਮਾਰਕ ਨਿਮਰ ਸੁਭਾਅ ਦਾ ਬੰਦਾ ਹੈ, ਜੀਹਨੂੰ ਆਪਣੀ ਗਲਤੀ ਮੰਨਣ ਵਿਚ ਕੋਈ ਬੁਰਾਈ ਨਹੀਂ ਜਾਪਦੀ। ਜ਼ੁਕਰਬਰਗ ਅਜ ਜਿਸ ਮੁਕਾਮ ਉਤੇ ਹੈ, ਉਹ ਉਸਨੇ ਆਪਣੀ ਵਿਲਖਣ-ਬੁਧੀ ਅਤੇ ਕੁਸ਼ਲ-ਵਿਹਾਰ ਨਾਲ ਹਾਸਲ ਕੀਤਾ ਹੈ। ਫਿਰ ਵੀ ਕੁਝ ਲੋਕ ਉਹਦੇ ਬਾਰੇ ਨਾਕਾਰਾਤਮਕ ਅਤੇ ਆਲੋਚਨਾਤਮਕ ਸੋਚ ਰਖਦੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਉਹ ਇਕ ਮੌਕਾ- ਪ੍ਰਸਤ ਵਿਅਕਤੀ ਹੈ,ਜੋ ਆਪਣੇ ਨਿਜੀ ਫਾਇਦੇ ਲਈ ਆਪਣੇ ਦੋਸਤਾਂ ਨੂੰ ਵੀ ਧੋਖਾ ਦੇ ਸਕਦਾ ਹੈ। ਕਈ ਲੋਕ ਕਹਿੰਦੇ ਹਨ ਕਿ ਮਾਰਕ ਜ਼ੁਕਰਬਰਗ ਦੀ ਕਾਰਜਸ਼ੈਲੀ ਤਾਨਾਸ਼ਾਹੀ ਰਵਈਏ ਵਾਲੀ ਹੈ; ਉਹ ਸਿਰਫ਼ ਉਸੇ ਗਲ ਦਾ ਸਮਰਥਨ ਕਰਦਾ ਹੈ, ਜੋ ਉਹਨੂੰ ਚਗੀ ਲਗਦੀ ਹੈ; ਆਪਣੇ ਵਿਚਾਰ ਦੂਜਿਆਂ ਤੇ ਥੋਪਣੇ ਉਸ ਦੀ ਆਦਤ ਹੈ ਅਤੇ ਇਸ ਨਾਲ ਉਹਦੇ ਹੰਕਾਰੀ ਹੋਣ ਦਾ ਭਾਵ ਸਪਸ਼ਟ ਹੁੰਦਾ ਹੈ…। ਉਹਦੇ ਕਰੀਬੀ ਦੋਸਤ ਇਨ੍ਹਾਂ ਗਲਾਂ ਨੂੰ ਨਿਰਆਧਾਰ ਕਹਿੰਦੇ ਹਨ। ਉਨ੍ਹਾਂ ਮੁਤਾਬਕ ਮਾਰਕ ਜ਼ੁਕਰਬਰਗ ਸਚ ਤੇ ਅੜਨ ਵਾਲਾ ਆਤਮ- ਵਿਸ਼ਵਾਸੀ ਬੰਦਾ ਹੈ; ਉਸ ਵਿਚ ਗਲਤੀਆਂ ਮੰਨਣ ਦੀ ਅਸਾਧਾਰਨ ਯੋਗਤਾ ਹੈ। ਪਰ ਜਦੋਂ ਉਹ ਗ਼ਲਤ ਨਹੀਂ ਹੁੰਦਾ, ਤਾਂ ਆਪਣੀ ਗਲ ਤੇ ਦ੍ਰਿੜ੍ਹ ਰਹਿੰਦਿਆਂ ਉਹ ਮਿਤਰ ਜਾਂ ਦੁਸ਼ਮਣ ਨਹੀਂ ਵੇਖਦਾ। ਅਜਿਹੇ ਦੋਸ਼ਾਂ ਦਾ ਖੰਡਨ ਮਾਰਕ ਦੇ ਮਿਤਰ ਇਹ ਕਹਿ ਕੇ ਕਰਦੇ ਹਨ ਕਿ ਜੇ ਮਾਰਕ ਹੰਕਾਰੀ ਹੁੰਦਾ, ਤਾਂ ਇੰਨੀ ਸਫਲਤਾ ਪਿਛੋਂ ਉਹਦਾ ਵਿਵਹਾਰ ਆਪਣੇ ਸਹਿਯੋਗੀਆਂ ਨਾਲ ਅਪਣਤ ਭਰਿਆ ਨਾ ਹੁੰਦਾ। ਉਸ ਦਾ ਦੈਨਿਕ ਰਹਿਣ- ਸਹਿਣ ਸਧਾਰਨ ਅਤੇ ਮਸਤ- ਮੌਲਾ ਕਿਸਮ ਦਾ ਹੈ। ਉਹਦਾ ਪਹਿਰਾਵਾ ਜਾਂ ਰਹਿਣ- ਸਹਿਣ ਕਿਹੋ ਜਿਹਾ ਵੀ ਹੈ, ਪਰ ਆਪਣੇ ਖੇਤਰ ਵਿਚ ਉਹ ‘ਮਿਸਟਰ ਪਰਫੈਕਟ’ ਹੈ…।
( ਐਮ. ਏ. ਸਮੀਰ ਦੇ ਹਿੰਦੀ ਵਿਚ ਲਿਖੇ ਲੰਮੇ ਲੇਖ ਤੇ ਆਧਾਰਿਤ)
– ਸਮਾਪਤ