May 12, 2026 1:21 pm

ਫੇਸਬੁੱਕ ਦਾ ਅਸਲ ਜਨਮਦਾਤਾ ਇਕ ਭਾਰਤੀ ਮਾਹਰ

ਅਜ ਦੀ ਸਮਾਜਿਕ ਜ਼ਿੰਦਗੀ ਸੰਪਰਕਤਾ ਦੇ ਲਿਹਾਜ਼ ਨਾਲ ਆਪਣੀ ਸੀਮਾ ਨੂੰ ਛੋਹ ਰਹੀ ਹੈ। ਇਸ ਵਿਚ ‘ਫੇਸਬੁਕ‘ ਦਾ ਜਿੰਨਾ ਵਡਾ ਯੋਗਦਾਨ ਹੈ, ਉਨਾਂ ਸ਼ਾਇਦ ਹੋਰ ਕਿਸੇ ਗਤੀਵਿਧੀ ਦਾ ਨਹੀਂ ਹੈ।ਇਹਦੇ ਬਹੁਤ ਸਾਰੇ ਚੰਗੇਰੇ ਪਖ ਹਨ। ਪਰ ਕਲਪਨਾ ਕਰੋ, ਜੇ ਇਕ ਯੁਵਕ ਮਾਰਕ ਜ਼ੁਕਰਬਰਗ (ਜਨਮ 14 ਮਈ, 1984) ਨੇ ਇਸ ਗਲ ਦਾ ਸੁਪਨਾ ਨਾ ਵੇਖਿਆ ਹੁੰਦਾ, ਤਾਂ ਅਜ ਪੂਰੀ ਦੁਨੀਆਂ ਇਸ ਤੋਂ ਵਿਹੂਣੀ ਹੁੰਦੀ। ਮਾਰਕ ਨੇ ਆਪਣੇ ਸੁਪਨੇ ‘ਫੇਸਬੁਕ‘ ਨੂੰ ਸਾਕਾਰ ਕਰਨ ਲਈ ਬਹੁਤ ਸੰਘਰਸ਼ ਕੀਤਾ। ਜਿਸ ਅਨੁਪਾਤ ਵਿਚ ਮਾਰਕ ਜ਼ੁਕਰਬਰਗ ਦੀ ਲੋਕਪ੍ਰਿਅਤਾ ਵਧੀ ਸੀ, ਉਸੇ ਅਨੁਪਾਤ ਵਿਚ ਉਹਦੇ ਵਿਰੁਧ ਵਿਵਾਦ ਵੀ ਖੜ੍ਹੇ ਹੁੰਦੇ ਜਾ ਰਹੇ ਸਨ।ਸਭ ਤੋਂ ਪਹਿਲਾ ਮੁਕਦਮਾ ਤਾਂ ਉਦੋਂ ਹੀ ਲਗ ਗਿਆ ਸੀ, ਜਦੋਂ ਫੇਸਬੁਕ ਦੀ ਉਮਰ ਸਿਰਫ਼ ਛੇ ਦਿਨਾਂ ਦੀ ਸੀ।ਫੇਸਬੁਕ ਦੀ ਯੋਜਨਾ ਤੇ ਮਾਰਕ ਨਾਲ ਆਏ ਪੁਰਾਣੇ ਸਾਥੀਆਂ ਵਿੰਕਲ ਵਾਸ ਬੰਧੂ ਅਤੇ ਦਿਵਯ ਨਰੇਂਦਰ ਨੇ ਮਾਰਕ ਜ਼ੁਕਰਬਰਗ ’ਤੇ ਇਹ ਦੋਸ਼ ਲਾਇਆ ਕਿ ਉਸ ਨੇ ਫੇਸਬੁਕ ਦੀ ਯੋਜਨਾ ਨੂੰ ਹਾਰਵਰਡ ਕੁਨੈਕਸ਼ਨ ਦੀ ਯੋਜਨਾ ਤੋਂ ਚੁਰਾਇਆ ਸੀ। ਫੇਸਬੁਕ ਵਿਚ ਜਿਸ ਤਕਨੀਕ ਅਤੇ ਸਾਫਟਵੇਅਰ ਦੀ ਵਰਤੋਂ ਹੋਈ ਹੈ ਉਹ ਸਾਂਝੀ ਮਲਕੀਅਤ ਸੀ।
ਸ਼ੁਰੂ ਵਿਚ ਮਾਰਕ ਜ਼ੁਕਰਬਰਗ ਨੇ ਇਸ ਦੋਸ਼ ਵਲ ਕੋਈ ਧਿਆਨ ਨਹੀ ਦਿਤਾ। ਬੇਸ਼ਕ ਇਹ ਵਿਵਾਦ ਚਰਚਾ ਦਾ ਵਿਸ਼ਾ ਬਣ ਗਿਆ ਕਿ ਫੇਸਬੁਕ ਦਾ ਅਸਲੀ ਨਿਰਮਾਤਾ ਕੌਣ ਹੈ। ਕੁਝ ਲੋਕਾਂ ਨੇ ਇਸ ਸਾਫਟਵੇਅਰ ਦਾ ਅਸਲੀ ਪ੍ਰੋਡਿਊਸਰ ਭਾਰਤੀ ਮੂਲ ਦੇ ਦਿਵਯ ਨਰੇਂਦਰ ਨੂੰ ਹੀ ਮੰਨਿਆ। ਖੁਦ ਦਿਵਯ ਨਰੇਂਦਰ ਨੇ ਹਾਰਵਰਡ ਕ੍ਰਿਮੀਸਨ ਅਖ਼ਬਾਰ ਵਿਚ ਇਹ ਦਾਅਵਾ ਕੀਤਾ ਸੀ। ਵਿੰਕਲਵਾਸ ਬੰਧੂ ਵੀ ਦਿਵਯ ਨਰੇਂਦਰ ਨਾਲ ਆ ਗਿਆ। ਦਿਵਯ ਨਰੇਂਦਰ ਨੇ ਸਪਸ਼ਟ ਕਿਹਾ ਸੀ ਕਿ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਹਾਰਵਰਡ ਕੁਨੈਕਸ਼ਨ ਦੇ ਨਾਂ ਨਾਲ ਇਸ ਸਾਈਟ ਦਾ ਵਿਚਾਰ ਬਣਾਇਆ ਸੀ ਅਤੇ ਮਾਰਕ ਜ਼ੁਕਰਬਰਗ ਦੀਆਂ ਤਕਨੀਕੀ ਯੋਗਤਾਵਾਂ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਸਹਿਯੋਗੀ ਦੇ ਰੂਪ ਵਿਚ ਪ੍ਰਾਜੈਕਟ ਵਿਚ ਸ਼ਾਮਿਲ ਕੀਤਾ ਸੀ। ਮਾਰਕ ਜ਼ੁਕਰਬਰਗ ਨੇ ਪ੍ਰਾਜੈਕਟ ਦੀਆਂ ਸਾਰੀਆਂ ਮੁਢਲੀਆਂ ਜਾਣਕਾਰੀਆਂ ਲੈ ਕੇ ਖੁਦ ਨੂੰ ਪ੍ਰਾਜੈਕਟ ਤੋਂ ਵਖ ਕਰ ਲਿਆ ਅਤੇ ਪਿਛੋਂ ਇਹਨੂੰ ਆਪਣੇ ਨਾਂ ਹੇਠ ਰਜਿਸਟਰਡ ਕਰਵਾ ਲਿਆ।
ਇਹ ਮੁਕਦਮਾ ਮੀਡੀਆ ਵਿਚ ਖੂਬ ਛਾਇਆ ਰਿਹਾ। ਮਾਰਕ ਆਪਣੇ ਕੰਮ ਵਲ ਧਿਆਨ ਦਿੰਦਾ ਰਿਹਾ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਰਿਹਾ। ਉਹਨੇ ਅਜਿਹੇ ਵਿਵਾਦਾਂ ਤੋਂ ਬਚੇ ਰਹਿਣ ਲਈ ਸਮਝੌਤੇ ਦਾ ਰਾਹ ਚੁਣਿਆ ਅਤੇ ਨਾਰਾਜ਼ ਸਾਥੀਆਂ ਨੂੰ ਸਾਢੇ ਛੇ ਕਰੋੜ ਡਾਲਰ ਦੀ ਭਾਰੀ ਰਕਮ ਦੇ ਕੇ ਇਸ ਵਿਵਾਦ ਨੂੰ ਖਤਮ ਕੀਤਾ। ਦਿਵਯ ਨਰੇਂਦਰ ਇਸ ਰਕਮ ਤੋਂ ਸੰਤੁਸ਼ਟ ਨਹੀਂ ਸੀ, ਕਿਉਂਕਿ ਅਜ ਫੇਸਬੁਕ ਆਈ.ਟੀ. ਖੇਤਰ ਦੀ ਸੋਨੇ ਦੀ ਖਾਣ ਹੈ ਅਤੇ ਇਕਲੇ ਜ਼ੁਕਰਬਰਗ ਨੂੰ ਉਹਦਾ ਮਾਲਕ ਬਣੇ ਰਹਿਣ ਦੇਣਾ ਉਹਨੂੰ ਮਨਜ਼ੂਰ ਨਹੀਂ ਸੀ, ਪਰ ਸਮਝੌਤਾ ਹੋ ਗਿਆ ਸੀ। ਕੁਝ ਲੋਕਾਂ ਦੇ ਉਕਸਾਉਣ ਤੇ ਦਿਵਯ ਨਰੇਂਦਰ ਨੇ ਫਿਰ ਤੋਂ ਅਦਾਲਤ ਦਾ ਬੂਹਾ ਖੜਕਾਇਆ, ਪਰ ਅਦਾਲਤ ਨੇ ਪਿਛਲੇ ਫੈਸਲੇ ਨੂੰ ਹੀ ਬਰਕਰਾਰ ਰਖਿਆ।ਅਜਿਹੇ ਕਈ ਛੋਟੇ- ਮੋਟੇ ਵਿਵਾਦ ਮਾਰਕ ਜ਼ੁਕਰਬਰਗ ਨੇ ਸਮਝੌਤੇ ਦੇ ਆਧਾਰ ਤੇ ਦੂਰ ਕੀਤੇ। ਫੇਸਬੁੱਕ ਕੰਪਨੀ ਨੂੰ ਖਰੀਦਣ ਲਈ ਵਿਸ਼ਵ- ਪ੍ਰਸਿਧ ਕੰਪਨੀਆਂ ਨੇ ਮੂੰਹਮੰਗੀ ਰਕਮ ਦੇਣ ਦੀ ਪੇਸ਼ਕਸ਼ ਵੀ ਕੀਤੀ। ਇਹ ਪੇਸ਼ਕਸ਼ਾਂ ਬਹੁਤ ਅਸਧਾਰਨ ਸਨ, ਜਿਨ੍ਹਾਂ ਨੂੰ ਅਸਵੀਕਾਰ ਕਰਨਾ ਸੌਖਾ ਨਹੀਂ ਸੀ। ਇਹ ਤਾਂ ਮਾਰਕ ਦਾ ਹੀ ਨਜ਼ਰੀਆ ਸੀ ਕਿ ਉਹਨੇ ਤਤਕਾਲੀ ਲਾਭ ਨੂੰ ਪਰ੍ਹੇ ਕਰਕੇ ਭਵਿਖ ਵਿਚ ਹੋਣ ਵਾਲੇ ਵਡੇ ਲਾਭ ਵਲ ਨਜ਼ਰ ਜਮਾਈ ਰਖੀ। ਸਿਰਫ਼ ਤੇਈ ਸਾਲ ਦੀ ਉਮਰ ਵਿਚ ਹੀ ਮਾਰਕ ਦੁਨੀਆਂ ਦਾ ਅਜਿਹਾ ਯੁਵਾ- ਅਰਬਪਤੀ ਬਣ ਗਿਆ ਸੀ, ਜਿਸਦੀ ਪਿਠਭੂਮੀ ਵਿਚ ਕੋਈ ਮਿਲੇਨੀਅਰ ਨਹੀਂ ਸੀ। ਮਾਰਕ ਨੇ ਆਪਣਾ ਸਿੰਘਾਸਨ ਬੜੀ ਸੂਝ- ਬੂਝ ਅਤੇ ਸਿਆਣਪ ਨਾਲ ਸਥਾਪਤ ਕੀਤਾ।ਸੂਚਨਾ- ਤਕਨਾਲੋਜੀ ਦੇ ਖੇਤਰ ਵਿਚ ਫੇਸਬੁਕ ਦੀ ਸ਼ੁਰੂਆਤ ਇਕ ਸਧਾਰਨ ਨਦੀ ਦੇ ਰੂਪ ਵਿਚ ਹੋਈ ਅਤੇ ਫਿਰ ਇਹਨੇ ਵਿੰਹਦੇ- ਵਿੰਹਦੇ ਇਕ ਸਮੁੰਦਰ ਦਾ ਰੂਪ ਧਾਰਨ ਕਰ ਲਿਆ, ਜਿਸ ਵਿਚ ਕਈ ਛੋਟੀਆਂ- ਵਡੀਆਂ ਕੰਪਨੀਆਂ ਨਦੀ ਬਣ ਕੇ ਸਮਾ ਗਈਆਂ। ਗੂਗਲ, ਯਾਹੂ ਅਤੇ ਮਾਈਕ੍ਰੋਸਾਫਟ ਤਾਂ ਵਡੀਆਂ ਨਦੀਆਂ ਮੰਨੀਆਂ ਜਾਂਦੀਆਂ ਸਨ, ਪਰ ਆਖਰਕਾਰ ਇਨ੍ਹਾਂ ਨੇ ਵੀ ਆਪਣੀ ਛੋਟੀ- ਛੋਟੀ ਨਿਵੇਸ਼ਧਾਰਾ ਦੇ ਰੂਪ ਵਿਚ ਫੇਸਬੁਕ ਦੀ ਪ੍ਰਭੁਤਾ ਨੂੰ ਸਵੀਕਾਰ ਕੀਤਾ। ਫੇਸਬੁਕ ਦੀ ਮਹਤਤਾ ਉਦੋਂ ਹੋਰ ਵੀ ਵਧ ਗਈ, ਜਦੋਂ ਏ.ਓ.ਐੈਲ. ਵਰਗੀ ਵਡੀ ਕੰਪਨੀ ਨੂੰ ਵੀ ਮਾਰਕ ਜ਼ੁਕਰਬਰਗ ਤੋਂ ਇਸ ਖੇਤਰ ਵਿਚ ਖਤਰਾ ਪ੍ਰਤੀਤ ਹੋਣ ਲਗਿਆ।ਸਾਲ 2008 ਤਕ ਫੇਸਬੁਕ ਨੇ ਜਿਸ ਰਫਤਾਰ ਨਾਲ ਸਫਲਤਾ ਦੀ ਟੀਸੀ ਨੂੰ ਛੋਹਿਆ ਸੀ, ਉਹ ਆਪਣੇ- ਆਪ ਵਿਚ ਹੈਰਾਨਕੁੰਨ ਸਫਲਤਾ ਸੀ। ਭੌਤਿਕ- ਰੂਪ ਵਿਚ ਫੇਸਬੁਕ ਨੇ ਆਪਣਾ ਵਿਸਥਾਰ ਕੀਤਾ ਅਤੇ ਪਹਿਲਾ ਅੰਤਰਰਾਸ਼ਟਰੀ ਮੁਖ ਦਫ਼ਤਰ ਆਇਰਲੈਂਡ ਦੇ ਡਬਲਿਨ ਸ਼ਹਿਰ ਵਿਚ ਸਥਾਪਤ ਕੀਤਾ। 23 ਜੁਲਾਈ ਨੂੰ ਮਾਰਕ ਨੇ ਫੇਸਬੁਕ ਪਲੇਟਫਾਰਮ ਦਾ ਸੋਧਿਆ ਹੋਇਆ ਸੰਸਕਰਨ ‘ਫੇਸਬੁਕ ਕਨੈਕਟ’ ਆਪਣੇ ਉਪਭੋਗਤਾਵਾਂ ਨੂੰ ਸਮਰਪਿਤ ਕੀਤਾ।
– ਬਾਕੀ ਕੱਲ੍ਹ ਪੜ੍ਹੋ

Send this to a friend