Skip to content
Independent perspectives. Global stories.
BREAKING

ਲਾਇਲਪੁਰ ਖਾਲਸਾ ਕਾਲਜ ਦੇ ਇੱਕ ਅਧਿਆਪਕ ਵੱਲੋਂ ਨੌਕਰੀ ਦੇ ਨਾਲ-ਨਾਲ ਪੜ੍ਹਾਈ

Share this story

image ਜਲੰਧਰ, 8 ਅਪ੍ਰੈਲ-ਪੰਜਾਬ ਦੀ ਲੱਗਭੱਗ ਇਕ ਸਦੀ ਪੁਰਾਣੀ ਨਾਮੀਂ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਇਕ ਪੱਕੇ ਅਧਿਆਪਕ ਵੱਲੋਂ ਨੌਕਰੀ ਦੇ ਨਾਲ ਨਾਲ ਇਸੇ ਕਾਲਜ ਵਿੱਚ ਦਾਖਲਾ ਲੈ ਕੇ ਰੈਗੂਲਰ ਪੜ੍ਹਾਈ ਕਰਨ ਦੇ ਸਾਹਮਣੇ ਆਏ ਇਕ ਮਾਮਲੇ ਵਿਦਿਅਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਗੰਭੀਰ ਮਾਮਲੇ ਕਾਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਲਾਇਲਪੁਰ ਖਾਲਸਾ ਕਾਲਜ ਦੀ ਕਾਰਜਪ੍ਰਣਾਲੀ ਉਪਰ ਵੀ ਪ੍ਰਸ਼ਨਚਿੰਨ ਲੱਗ ਗਿਆ ਹੈ। ਆਦਰਸ਼ ਸਮਾਜ ਦੀ ਸਿਰਜਣਾ ਵਿੱਚ  ਅਹਿਮ ਅਤੇ ਸ਼ਾਨਦਾਰ ਭੂਮਿਕਾ ਨਿਭਾਉਣ ਵਾਲ ਅਧਿਆਪਕਾਂ ਤੋਂ ਘੱਟੋ ਘੱਟ ਇਸ ਤਰ੍ਹਾਂ ਦੀ ਕੋਈ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਲਾਇਲਪੁਰ ਖਾਲਸਾ ਦੇ ਇਕ ਅਧਿਆਪਕ ਵੱਲੋਂ  ਨਿਯਮਾਂ

ਦੀ ਅਵੱਗਿਆ ਨਾਲ ਅਧਿਆਪਕ ਵਰਗ ਦੀ ਨੈਤਿਕਤਾ ਬਾਰੇ ਸਵਾਲ ਉਠਣੇ ਸੁਭਾਵਿਕ ਹਨ। ਕਾਲਜ ਦੀ ਇਕ ਸ਼ਾਖਾ ਕਾਲਜੀਏਟ ਸਕੂਲ ਦੇ ਕਾਮਰਸ ਵਿਸ਼ਾ ਪੜ੍ਹਾ ਰਹੇ ਇਕ ਪੱਕੇ ਅਧਿਆਪਕ ਨੇ ਅਧਿਆਪਨ ਦੇ ਨਾਲ ਨਾਲ ਲਾਇਲਪੁਰ ਖਾਲਸਾ ਕਾਲਜ ਦੇ ਕਾਮਰਸ ਵਿਭਾਗ ਤਹਿਤ ਐਮ ਕਾਮ ਦੇ ਪਹਿਲੇ ਸਾਲ ਵਿਚ ਦਾਖਲਾ ਲੈ ਲਿਆ। ਇਹ ਅਧਿਆਪਕ ਸੰਸਥਾ ਵਿੱਚ 2007 ਤੋਂ ਸੇਵਾ ਕਰ ਰਿਹਾ ਹੈ। 2011 ਵਿਚ ਉਸਦੀ ਸੇਵਾ ਨੂੰ ਰੈਗੂਲਰ ਕਰ ਦਿੱਤਾ ਗਿਆ। ਮਾਮੂਲੀ 15,00 ਰੁਪਏ ਮਹੀਨਾ ਦੀ ਨੌਕਰੀ ਨਾਲ ਸ਼ੁਰੂਆਤ ਕਰਨ ਵਾਲਾ ਅਧਿਆਪਕ ਇਸ ਸਮੇਂ ਸਕੂਲ ਦੇ ਵਾਈਸ ਪ੍ਰਿੰਸੀਪਲ ਵਜੋਂ ਭੂਮਿਕਾ ਨਿਭਾਅ ਰਿਹਾ ਹੈ।
ਮਿਲੀ ਦਸਤਾਵੇਜ਼ੀ ਜਾਣਕਾਰੀ ਮੁਤਾਬਿਕ ਇਸ ਅਧਿਆਪਕ ਨੂੰ ਵਿਦਿਅਕ ਮਰਿਆਦਾ ਅਤੇ ਨਿਯਮਾਂਵਲੀ ਦੀ ਘੋਰ ਉਲੰਘਣਾ ਕਰਦਿਆਂ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਐਮ.ਕਾਮ. ਦੀ ਕਲਾਸ ਦੇ ਪਹਿਲੇ ਸਮੈਸਟਰ ਵਿਚ ਦਾਖਲਾ ਲਿਆ। ਉਸ ਸਮੇਂ ਉਸ ਦਾ ਫਾਰਮ ਨੰਬਰ 1155 ਸੀ। ਦੂਜੇ ਸਾਲ ਵਿੱਚ ਉਸ ਦਾ ਫਾਰਮ ਨੰਬਰ 1835 ਦੱਸਿਆ ਜਾਂਦਾ ਹੈ। ਅਧਿਆਪਕ ਦਾ ਵਿਦਿਆਰਥੀ ਵਜੋਂ ਰੋਲਨੰਬਰ 8122 ਸੀ। ਉਸ ਨੇ ਯੂਨੀਵਰਸਿਟੀ ਦੇ ਰੋਲ ਨੰਬਰ 21761101081 ਅਧੀਨ ਇਸ ਕਲਾਸ ਦੇ ਪਹਿਲੇ ਦੋ ਸਮੈਸਟਰ ਤੱਕ ਪਾਸ ਕਰ ਲਏ। ਪਰ ਬਾਅਦ ਵਿੱਚ ਮਈ 2013 ਦੌਰਾਨ ਇਹ ਮਾਮਲਾ ਪ੍ਰਕਾਸ਼ ਵਿਚ ਆਉਣ ਪਿੱਛੋਂ ਕਾਲਜ ਨੇ ਉਸ ਦਾ ਦਾਖਲਾ ਰੱਦ ਕਰ ਦਿੱਤਾ, ਜਿਸ ਕਾਰਨ ਉਹ ਤੀਜੇ ਸਮੈਸਟਰ ਦੀ ਪ੍ਰੀਖਿਆ ਨਹੀਂ ਦੇ ਸਕਿਆ।  ਮਈ 2013 ਨੂੰ ਉਸ ਦੁਆਰਾ ਰਚੀ ਗਈ ਇਹ ਲੀਲਾ ਦਾ ਪਰਦਾ ਫਾਸ਼ ਹੋ ਗਿਆ ਅਤੇ ਉਸ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ। ਪਰ ਇਸ ਅਧਿਆਪਕ ਖਿਲਾਫ ਜਾਂ ਸਬੰਧਤ ਦੋਸ਼ੀਆਂ ਖਿਲਾਫ ਕਾਲਜ ਜਾਂ ਯੂਨੀਵਰਸਿਟੀ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ ਇਹ ਮਾਮਲਾ ਕਾਨੂੰਨੀ ਪੱਖੋਂ ਅਪਰਾਧਿਕ ਸ਼੍ਰੇਣੀ ਵਿਚ ਆਉਂਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲਾ ਮਾਮਲਾ ਹੈ ਜਦੋਂ ਕੋਈ ਅਧਿਆਪਕ ਇਕੋ ਸਮੇਂ ਰੈਗੂਲਰ ਅਧਿਆਪਕ ਵਜੋਂ ਵੀ ਸੇਵਾ ਨਿਭਾਅ ਰਿਹਾ ਸੀ ਅਤੇ ਰੈਗੂਲਰ ਵਿਦਿਆਰਥੀ ਵਜੋਂ ਉਸੇ ਕਾਲਜ ਵਿਚ ਪੜ੍ਹਾਈ ਕਰ ਰਿਹਾ ਸੀ। ਇਸ ਸਮੇਂ ਦੌਰਾਨ ਇਸ ਅਧਿਆਪਕ ਨੂੰ ਯੂਨੀਅਨ ਬੈਂਕ ਆਫ ਇੰਡੀਆ ਦੇ ਖਾਤਾ ਨੰਬਰ 053010107702 ਰਾਹੀਂ ਤਨਖਾਹ ਪ੍ਰਾਪਤ ਹੁੰਦੀ ਰਹੀ। ਇਹ ਮਾਮਲਾ ਇਸ ਪੱਖ ਤੋਂ ਵੀ ਬਹੁਤ ਹੀ ਗੰਭੀਰ ਹੈ ਕਿ ਜੇਕਰ ਉਸ ਨੇ ਇਸ ਸੰਸਥਾ ਵਿਚ ਐਮ. ਕਾਮ ਦੀਆਂ ਰੈਗੂਲਰ ਕਲਾਸਾਂ ਲਗਾਈਆਂ ਹਨ ਤਾਂ ਉਸ ਨੇ 10+1 ਅਤੇ 10+2 ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਹੈ। ਜੇ ਇਹ ਮੰਨ ਲਿਆ ਜਾਵੇ ਕਿ ਉਸ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ ਤਾਂ ਇਸ ਸਮੇਂ ਦੌਰਾਨ ਉਸ ਨੇ ਐਮ ਕਾਮ ਦੀ ਕਲਾਸ ਵਿੱਚ ਯੂਨੀਵਰਸਿਟੀ ਵਲੋਂ ਰੱਖੀ ਗਈ 75 ਫੀਸਦੀ ਹਾਜ਼ਰੀਆਂ ਦੀ ਸ਼ਰਤ ਕਿਵੇਂ ਪੂਰੀ ਕਰ ਲਈ। ਇਸ ਨਾਲ ਯੂਨੀਵਰਸਿਟੀ ਅਤੇ ਕਾਲਜ ਦੇ ਪ੍ਰਬੰਧ ਉਪਰ ਵੀ ਸਵਾਲ ਉਠ ਰਹੇ ਹਨ। ਅਧਿਆਪਕ ਦੀ ਇਹ ਹਰਕਤ ਜਿਥੇ ਕਾਲਜ ਦੇ ਮੱਥੇ ਉਪਰ ਕਲੰਕ ਬਣ ਗਈ ਹੈ ਉਥੇ ਇਹ ਸਕੂਲ ਦੇ ਵਿਦਿਆਰਥੀਆਂ ਨਾਲ ਘੋਰ ਬੇਇਨਸਾਫੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਜੈਬ ਸਿੰਘ ਪ੍ਰਬੰਧਾਂ ਨੂੰ ਸਾਫ ਸੁਥਰਾ ਬਣਾਉਣ ਲਈ ਯਤਨਸ਼ੀਲ ਹਨ। ਪਰੰਤੂ ਅਜਿਹੇ ਸਮੇਂ ਇਸ ਤਰ੍ਹਾਂ  ਦੀ ਘਟਨਾ ਦਾ ਵਾਪਰਨਾ ਬਹੁਤ ਹੀ ਚਿੰਤਾਜਨਕ ਹੈ। ਇਸ ਸੰਸਥਾ ਦਾ ਨੀਂਹ ਪੱਥਰ ਆਪਣੇ ਸਮੇਂ ਦੀ ਅਜ਼ੀਮ ਸ਼ਖਸੀਅਤ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਨੇ ਰੱਖਿਆ ਸੀ। ਕਾਲਜ ਨੂੰ ਪੈਰਾਂ ’ਤੇ ਖੜੇ ਕਰਨ ਵਿਚ ਸਾਬਕਾ ਵਿਦੇਸ਼ ਮੰਤਰੀ ਸਵਰਗਵਾਸੀ ਸ. ਸਵਰਨ ਸਿੰਘ ਅਤੇ ਸਵ. ਬਲਬੀਰ ਸਿੰਘ ਐਮ.ਪੀ. ਵੱਲੋਂ ਅਣਥਕ ਘਾਲਣਾ ਘਾਲੀ ਗਈ। ਉਸ ਵੇਲੇ ਇਸ ਸੰਸਥਾ ਨੂੰ ਚੜ੍ਹਦੀਆਂ ਕਲਾਂ ਵਿਚ ਲਿਜਾਣ ਲਈ ਪ੍ਰਬੰਧਕੀ ਕਮੇਟੀ ਦੀ ਪ੍ਰ੍ਰਧਾਨ ਸਰਦਾਰਨੀ ਬਲਬੀਰ ਕੌਰ  ਤਤਪਰਤਾ ਨਾਲ ਕੋਸ਼ਿਸ਼ਾਂ ਕਰ ਰਹੇ ਹਨ।
ਉਪਰੋਕਤ ਮਾਮਲੇ ਸਬੰਧੀ ਕਾਲਜ ਦੇ ਦਾਖਲਾ ਕਲਰਕ ਸ੍ਰੀ ਮੋਹਨ ਲਾਲ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਵੀ ਧਿਆਨ ਵਿੱਚ ਆਇਆ ਸੀ ਪਰੰਤੂ ਜਦੋਂ ਕਾਲਜ ਪ੍ਰਬੰਧਕਾਂ ਨੂੰ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਇਸ ਅਧਿਆਪਕ ਦਾ ਦਾਖਲ ਰੱਦ ਕਰ ਦਿੱਤਾ। ਯੂਨੀਵਰਸਿਟੀ ਰਜਿਸਟਰਾਰ ਪ੍ਰੋਫੈਸਰ ਇੰਦਰਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਨੌਕਰੀ ਦੇ ਨਾਲ ਨਾਲ ਰੈਗੂਲਰ ਪੜ੍ਹਾਈ ਨਿਯਮਾਂ ਮੁਤਾਬਿਕ ਸੰਭਵ ਨਹੀਂ ਹੈ। ਉਨ੍ਹਾਂ ਦਾ ਕਹਿਣੈ ਹੈ ਕਿ ਇਸ ਮਾਮਲੇ ਦੀ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ, ਪਰੰਤੂ ਫਿਰ ਵੀ ਉਹ ਇਸ ਕੇਸ ਨਾਲ ਸਬੰਧੀ ਤੱਥਾਂ ਵੱਲ ਧਿਆਨ ਦੇਣਗੇ। ਕਾਲਜ ਦੇ ਕਾਮਰਸ ਵਿਭਾਗ ਦੇ ਹੈ¤ਡ ਪ੍ਰੋ. ਸੰਧੂ ਨੇ ਫੋਨ ਉਪਰ ਸੰਪਰਕ ਕਰਨ ਉਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਕਾਲਜ ਦੇ  ਉਸ ਸਮੇਂ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨਾਲ ਸੰਪਰਕ ਨਹੀਂ ਹੋ ਸਕਿਆ। ਕਾਲਜ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੈ ਕਿ ਇਸ ਮਾਮਲੇ ਵਿੱਚ ਕਾਲਜ ਅਤੇ ਯੂਨੀਵਰਸਿਟੀ ਵੱਲੋਂ ਕੋਈ ਕਾਰਵਾਈ ਨਾ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ।

WRITTEN BY