ਪ੍ਰਤਾਪਗੜ੍ਹ, 11 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਬਿਆਨ ਦਰਜ ਹੋਣ ਤੋਂ ਪਹਿਲਾਂ ਹੀ ਬਦਮਾਸ਼ਾਂ ਨੇ ਜਬਰ ਜਨਾਹ ਪੀੜਤ ਨਾਬਾਲਗ ਲੜਕੀ ਦੀ ਜ਼ੁਬਾਨ ਕੱਟ ਦਿੱਤੀ। ਲੜਕੀ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੀ ਹੈ। ਦੂਜੇ ਪੁਲਿਸ ਦੋਸ਼ੀਆਂ ਨੂੰ ਫੜਨ ਦੀ ਬਜਾਏ ਮਾਮਲੇ ‘ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਮਾਮਲਾ ਜ਼ਿਲ੍ਹਾ ਪ੍ਰਤਾਪਗੜ੍ਹ ਦੇ ਜੇਠਵਾੜਾ ਥਾਣਾ ਦੇ ਨੌਬਸਤਾ ਪਿੰਡ ਨਾਲ ਸਬੰਧਤ ਹੈ। ਰਿਪੋਰਟ ਦੇ ਅਨੁਸਾਰ ਲੜਕੀ ਨੂੰ ਪਿੰਡ ਦੇ ਲਵਲੇਸ਼ ਨਾਂਅ ਦੇ ਨੌਜਵਾਨ ਨੇ 22 ਜਨਵਰੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤ ਪਰਿਵਾਰ ਨੇ ਪੁਲਿਸ ਨੂੰ ਆਪਬੀਤੀ ਸੁਣਾਈ। ਇਸ ਦੇ ਬਾਅਦ ਪੁਲਿਸ ਨੇ ਦੋਸ਼ੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ।ਪੀੜਤ ਲੜਕੀ ਨੇ ਅਦਾਲਤ ਵਿੱਚ 24 ਜੁਲਾਈ ਨੂੰ ਆਪਣਾ ਬਿਆਨ ਦਰਜ ਕਰਵਾਉਣਾ ਸੀ, ਪਰ ਸੱਚਾਈ ਸਾਹਮਣੇ ਆਉਣ ਦੇ ਡਰ ਤੋਂ ਦੋਸ਼ੀ ਨੌਜਵਾਨ ਲਵਲੇਸ਼ ਦੇ ਭਰਾ ਲਾਲਜੀ ਅਤੇ ਉਸ ਦੀ ਭੂਆ ਦੇ ਪੁੱਤਰ ਨੇ ਲੜਕੀ ਦੀ ਜ਼ੁਬਾਨ ਤੇਜਧਾਰ ਹਥਿਆਰ ਨਾਲ ਕੱਟ ਦਿੱਤੀ। ਲੜਕੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੜਕੀ ਦੇ ਪਿਤਾ ਦੇ ਅਨੁਸਾਰ ਬੱਚੀ ਨਾਲ ਜਬਰ ਜਨਾਹ 22 ਜਨਵਰੀ ਨੂੰ ਹੋਇਆ ਸੀ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਮੇਰਾ ਬਿਆਨ ਦਰਜ ਹੋ ਚੁੱਕਾ ਹੈ। ਲੜਕੀ ਦਾ ਬਿਆਨ 24 ਜੁਲਾਈ ਨੂੰ ਦਰਜ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਬੁੱਧਵਾਰ ਰਾਤ 9.30 ਵਜੇ ਜਦ ਲੜਕੀ ਜੰਗਲ ਪਾਣੀ ਲਈ ਬਾਹਰ ਗਈ ਹੋਈ ਸੀ ਤਾਂ ਉਸ ਦੋਸ਼ੀ ਦੇ ਵੱਡੇ ਭਰਾ ਲਾਲਜੀ ਅਤੇ ਉਸਦੀ ਭੂਆ ਦੇ ਪੁੱਤਰ ਨੇ ਬੱਚੀ ਦੀ ਜ਼ੁਬਾਨ ਕੱਟ ਦਿੱਤੀ।ਦੂਜੇ ਪਾਸੇ ਪੁਲਿਸ ਲੜਕੀ ਦੀ ਜ਼ੁਬਾਨ ਕੱਟਣ ਨਹੀਂ ਮੰਨ ਰਹੀ ਹੈ। ਪ੍ਰਤਾਪਗੜ੍ਹ ਦੇ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਲੜਕੀ ਦੇ ਸਿਰਫ਼ ਮੂੰਹ ‘ਤੇ ਸੱਟ ਲੱਗੀ ਹੈ। ਮੈਡੀਕਲ ਰਿਪੋਰਟ ਦੇ ਅਨੁਸਾਰ ਲੜਕੀ ਦੀ ਜ਼ੁਬਾਨ ਉੱਪਰ ਚਾਕੂ ਦੇ ਕੋਈ ਨਿਸ਼ਾਨ ਨਹੀਂ ਹਨ, ਫੇਰ ਵੀ ਅਸੀਂ ਜਾਂਚ ਕਰਾਂਗੇ।
ਪਹਿਲਾਂ ਜਬਰ ਜਨਾਹ ਫਿਰ ਕੱਟ ਦਿੱਤੀ ਜ਼ੁਬਾਨ



