ਨਵੀਂ ਦਿੱਲੀ, 11 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪਿਛਲੇ ਸਾਲ ਦਿੱਲੀ ‘ਚ 16 ਦਸੰਬਰ ਨੂੰ ਇਕ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਦਿੱਲੀ ਜੁਵੇਨਾਈਲ ਜਸਟਿਸ ਬੋਰਡ ਨੇ ਨਾਬਾਲਿਗ ਦੋਸ਼ੀ ਖਿਲਾਫ਼ ਫੈਸਲਾ 25 ਜੁਲਾਈ ਤੱਕ ਲਈ ਟਾਲ ਦਿੱਤਾ ਗਿਆ। ਬੋਰਡ ਵਿਚ ਅੱਜ ਬਹਿਸ ਪੂਰੀ ਕਰ ਲਈ ਗਈ। ਨਾਬਾਲਗ ਲੜਕੇ ‘ਤੇ ਜਬਰ ਜਨਾਹ ਅਤੇ ਅਗਵਾ ਕਰਨ ਸਮੇਤ ਕਈ ਦੋਸ਼ ਲੱਗੇ ਸਨ, ਜਿਸ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਦੋਸ਼ੀ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਦਿੱਲੀ ਵਿਚ ਇਕ ਲੜਕੀ ਨਾਲ ਚਲਦੀ ਬੱਸ ਵਿਚ ਸਮੂਹਿਕ ਬਲਾਤਕਾਰ ਹੋਇਆ ਸੀ। ਪੁਲਿਸ ਮੁਤਾਬਕ ਦੋਸ਼ੀਆਂ ਨੇ ਲੜਕੀ ਅਤੇ ਉਸ ਦੇ ਦੋਸਤ ਨਾਲ ਮਾਰਕੁੱਟ ਕੀਤੀ ਸੀ। ਲੜਕੀ ਨੂੰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਕੁੱਲ 6 ਲੋਕਾਂ ਨੂੰ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਵਿਚੋਂ ਇਕ ਨੂੰ ਕੁਝ ਮਹੀਨੇ ਪਹਿਲਾਂ ਜੇਲ੍ਹ ਵਿਚ ਮ੍ਰਿਤਕ ਪਾਇਆ ਗਿਆ ਸੀ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਖੁਦਕੁਸ਼ੀ ਕੀਤੀ ਹੈ, ਜਦੋਂਕਿ ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਇਹ ਹੱਤਿਆ ਦਾ ਮਾਮਲਾ ਹੈ।
ਦਿੱਲੀ ਜਬਰ ਜਨਾਹ ਮਾਮਲੇ ‘ਚ ਨਾਬਾਲਗ ਦੋਸ਼ੀ ਕਰਾਰ : ਸਜ਼ਾ 25 ਜੁਲਾਈ ਨੂੰ



