May 12, 2026 4:00 am

ਦੇਸ਼ ਦਾ ਸਰਮਾਇਆ ਮੰਦੀ ਵਿੱਚ ਜਾਣਾ ਤਰੱਕੀ ਨਹੀਂ ਦੀਵਾਲੀਆਪਣ ਦੇ ਲੱਛਣਾਂ ਦਾ ਸੁਨੇਹਾ : ਥਿੰਦ, ਮਾਨ

ਸੁਨਾਮ ਉਧਮ ਸਿੰਘ ਵਾਲਾ, 1 ਫ਼ਰਵਰੀ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਮੋਦੀ ਸਰਕਾਰ ਵੱਲੋਂ ਲਗਭਗ ਢਾਈ ਸਾਲ ਪਹਿਲਾਂ ਨੋਟਬੰਦੀ ਦੇ ਫੈਸਲੇ ਦੀ ਦੇਸ਼ ਦੇ ਮਹਾਨ ਅਰਥਸ਼ਾਸਤਰੀ ਅਤੇ ਆਰਥਿਕ ਮਾਹਿਰ ਵੀ ਇਸ ਫੈਸਲੇ ਨੂੰ ਦੇਸ਼ ਵਿਰੋਧੀ ਕਰਾਰ ਦੇ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਨੋਟਬੰਦੀ ਨੂੰ ਆਪਣਾ ਦੇਸ਼ ਪ੍ਰਤੀ ਕੀਤਾ ਹੋਇਆ ਮਹਾਨ ਕੰਮ ਸਮਝਦੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਯੂਥ ਆਗੂ ਅਤੇ ਸੀਨੀਅਰ ਨੇਤਾ ਡਾ. ਮਲਕੀਤ ਸਿੰਘ ਥਿੰਦ ਅਤੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਬਲਵੀਰ ਸਿੰਘ ਮਾਨ (ਬੀਓ) ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ਼੍ਰੀ ਮੋਦੀ ਜੀ ਨੇ ਇਕ ਬਹੁਤ ਹੀ ਹਾਸੋਹੀਣਾ ਬਿਆਨ ਦਿੱਤਾ ਸੀ, ਜਿਸ ਵਿਚ ਸ਼੍ਰੀ ਮੋਦੀ ਨੇ ਕਿਹਾ ਸੀ ਕਿ ਨੋਟਬੰਦੀ ਕਰਕੇ ਮਕਾਨ ਸਸਤੇ ਹੋਏ, ਜੋ ਕਿ ਭਾਜਪਾ ਸਰਕਾਰ ਦੀ ਅਹਿਮ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਸ਼੍ਰੀ ਮੋਦੀ ਜੀ ਨੂੰ ਇਹ ਚੇਤਾ ਨਹੀਂ ਰਿਹਾ
ਕਿ ਦੇਸ਼ ਦੀ ਭੂਮੀ ਅਸਵਥਾ ਅਤੇ ਦੇਸ਼ ਦਾ ਸ਼ਰਮਾਇਆ ਮੰਦੇ ਵਿਚ ਪੈ ਜਾਣਾ ਵਿਕਾਸ ਨਹੀਂ ਬਲਕਿ ਦੀਵਾਲੀਅਪਣ ਦਾ ਦੂਸਰਾ ਨਾਂਅ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੌਰਾਨ ਪੂਰੇ ਦੇਸ਼ ਦੇ ਸ਼ਹਿਰਾਂ ਵਿਚ ਰਾਤੋ-ਰਾਤ ਕੀਤੇ ਐਲਾਨ ਨੇ ਆਮ ਚੱਲਦੀ ਜਿੰਦਗੀ ਅਤੇ ਕਾਰੋਬਾਰੀ ਕੰਮ ਪ੍ਰਭਾਵਿਤ ਕਰਕੇ ਪੂਰੇ ਦੇਸ਼ ਨੂੰ ਕਤਾਰਾਂ ਵਿਚ ਖੜ੍ਹਾ ਕਰ ਦਿੱਤਾ ਸੀ, ਜਿਸ ਕਾਰਨ ਆਪੋ-ਆਪਣੇ ਕਾਰੋਬਾਰ ਨੂੰ ਸਹੀ ਲੀਹ ’ਤੇ ਲਿਆਉਣ ਲਈ ਅਨੇਕਾਂ ਵੱਸਦੇ ਪਰਿਵਾਰਾਂ ਨੂੰ ਆਪਣੇ ਮਕਾਨ, ਵਹੀਕਲ ਜਾਂ ਹੋਰ ਜਾਇਦਾਦ ਆਦਿ ਮੰਦੇ ਭਾਅ ਵਿਚ ਵੇਚਣ ਲਈ ਮਜਬੂਰ ਹੋਣਾ ਪਿਆ ਸੀ, ਜਿਸ ਨੂੰ ਸ਼੍ਰੀ ਨਰੇਂਦਰ ਮੋਦੀ ਦੇਸ਼ ਦੇ ਉਹ ਮਾੜੇ ਸਮੇਂ ਨੂੰ ਅੱਛੇ ਦਿਨਾਂ ਦਾ ਤਿਲਕ ਲਗਾ ਕੇ ਆਪਣੇ ਮੂੰਹੋਂ ਹੀ ਵਿਕਾਸ ਦੇ ਸੋਹਲੇ ਗਾਉਣ ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੱਚਾਈ ਤੋਂ ਕੋਹਾਂ ਦੂਰ ਅੰਕੜੇ ਪੇਸ਼ ਕਰਕੇ ਮੋਦੀ ਜੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਮੈਂਨੂੰ ਨਹੀਂ, ਉਨ੍ਹਾਂ ਨੌਜਵਾਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਸਸਤੇ ਰੇਟਾਂ ’ਤੇ ਮਕਾਨ ਖਰੀਦਣ ਦਾ ਸਮਾਂ ਮਿਲਿਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਜਮੀਨ ਨਾਲ ਜੁੜੇ ਹੋਏ ਹਰ ਹਲਕੇ ’ਤੇ ਕੰਮ ਕਰ ਰਹੇ ਹਾਂ, ਸਾਨੂੰ ਕੋਈ ਵੀ ਨੌਜਵਾਨ ਇਹ ਕਹਿੰਦਾ ਕਿਤੇ ਨਜਰ ਨਹੀਂ ਆਇਆ ਕਿ ਨੋਟਬੰਦੀ ਦੌਰਾਨ ਅਸੀਂ ਰਿਹਾਇਸ਼ੀ ਮਕਾਨਾਂ ਨੂੰ ਖਰੀਦਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਮੋਦੀ ਜੀ ਇਹ ਬਿਆਨ ਕਿਸ ਧਰਤ ਨਾਲ ਜੁੜੇ ਹੋਏ ਨੌਜਵਾਨ ਵਰਗ ਦੀ ਗੱਲ ਕਰ ਰਹੇ ਹਨ, ਜਦੋਂ ਕਿ ਪੂਰੇ ਦੇਸ਼ ਦਾ ਨੌਜਵਾਨ ਵਰਗ ਬੇਰੁਜ਼ਗਾਰ ਹੋਣ ਕਰਕੇ ਨਸ਼ਿਆਂ ਵਰਗੇ ਕੋਹੜ ਨੂੰ ਅਪਨਾ ਕੇ ਮਾੜੇ ਰੁਝਾਨ ਵੱਲ ਝੁਕਾ ਕਰ ਰਿਹਾ ਹੈ, ਜੋ ਕਿ ਦੇਸ਼ ਲਈ ਵੱਡੇ ਖਤਰੇ ਦੀ ਘੰਟੀ ਦਾ ਸੰਕੇਤ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੀਅਲ ਅਸਟੇਟ ਦੇਸ਼ ਲਈ ਸ਼ਰਮਾਇਆ ਖੇਤਰ ਹੁੰਦੀ ਹੈ, ਇਸ ਖੇਤਰ ਦਾ ਨਿਘਾਰ ਕਿਸੇ ਵੀ ਦੇਸ਼ ਦੀ ਤਰੱਕੀ ਨਹੀਂ ਸਮਝੀ ਜਾ ਸਕਦੀ, ਸਰਕਾਰ ਵੱਲੋਂ ਲਏ ਫੈਸਲੇ ਕਰਕੇ ਜੇਕਰ ਰੀਅਲ ਅਸਟੇਟ ਖੇਤਰ ਮੰਦੀ ਵਿਚ ਜਾਂਦਾ ਹੈ, ਤਾਂ ਉਹ ਦੇਸ਼ ਦੀ ਤਰੱਕੀ ਨਹੀਂ, ਬਲਕਿ ਦੀਵਾਲੀਆਪਣ ਦੀ ਨਿਸ਼ਾਨੀ ਹੁੰਦੀ ਹੈ।

Send this to a friend