May 12, 2026 1:41 am

ਮੈਰਿਜ ਪੈਲੇਸਾਂ ’ਚ ਡੀ.ਜੇ. ਨਿਰਧਾਰਤ ਸਮਾਂ-ਸੀਮਾਂ ’ਚ ਹੀ ਵਜਾਏ ਜਾਣ : ਐਸ.ਐਸ.ਪੀ. ਬਟਾਲਾ

ਬਟਾਲਾ, 31 ਜਨਵਰੀ (ਰਾਜੂ ਖਹਿਰਾ)- ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਯਤਨਾ ਤਹਿਤ ਅੱਜ ਆਪਣੇ ਦਫ਼ਤਰ ਵਿੱਚ ਜ਼ਿਲ੍ਹੇ ਦੇ ਸਮੂਹ ਮੈਰਿਜ ਪੈਲਸਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਅਤੇ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਾਇਆ। ਮੈਰਿਜ ਪੈਲਸ ਵਾਲਿਆਂ ਨਾਲ ਮੀਟਿੰਗ ਕਰਦਿਆਂ ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਪੈਲਿਸਾਂ ਦੇ ਅੰਦਰ ਮਾਨਯੋਗ ਸੁਪਰੀਮ ਕੋਰਟ ਅਤੇ ਜ਼ਿਲ੍ਹਾ ਮੈਜਿਸਟਰੇਟ ਦੀਆਂ ਹਦਾਇਤਾਂ ਤਹਿਤ ਕਾਨੂੰਨ ਅਨੁਸਾਰ ਡੀ.ਜੇ. ਅਤੇ ਸਾਊਂਡ ਸਿਸਟਮਜ਼ ਵਜਾਏ ਜਾਣ ਤਾਂ ਜੋ ਸ਼ੋਰ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਡੀ.ਜੇ. ਦੀ ਅਵਾਜ਼ ਨਿਰਧਾਰਤ ਸੀਮਾ ਤੋਂ ਉੱਚੀ ਨਹੀਂ ਹੋਣੀ ਚਾਹੀਦੀ ਅਤੇ ਜ਼ਿਲ੍ਹਾ ਮੈਜਿਸਟਰੇਟ ਨੇ ਜੋ ਸਮਾਂ ਸੀਮਾ ਨਿਰਧਾਰਤ ਕੀਤੀ ਹੈ ਉਸ ਦੀ ਉਲੰਘਣਾ ਬਿਲਕੁਲ ਨਾ ਹੋਣ ਦਿੱਤੀ ਜਾਵੇ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਪੈਲਸਾਂ ਅੰਦਰ ਵਿਆਹਾਂ ਜਾਂ ਹੋਰ ਸਮਾਗਮਾਂ ਮੌਕੇ ਅਕਸਰ ਹੀ ਕੁਝ ਲੋਕ ਆਪਣੇ ਲਾਇਸੰਸੀ ਹਥਿਆਰਾਂ ਨਾਲ ਗੋਲੀਆਂ ਚਲਾਉਣ ਲੱਗ ਜਾਂਦੇ ਹਨ ਜੋ ਕਿ ਪੂਰੀ ਤਰਾਂ ਕਾਨੂੰਨ ਦੇ ਉੱਲਟ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਗੋਲੀਆਂ ਚਲਾਉਣ ਨਾਲ ਕਈ ਵਾਰ ਕੀਮਤੀ ਜਾਨਾਂ ਵੀ ਚਲੀਆਂ ਜਾਂਦੀ ਹਨ। ਐੱਸ.ਐੱਸ.ਪੀ. ਬਟਾਲਾ ਨੇ ਮੈਰਿਜ ਪੈਲਸ ਮਾਲਕਾਂ ਨੂੰ ਕਿਹਾ ਕਿ ਉਹ ਆਪਣੇ ਪੈਲਸਾਂ ਵਿੱਚ ਇਸ ਗੈਰ-ਕਾਨੂੰਨੀ ਵਰਤਾਰੇ ਨੂੰ ਸਖਤੀ ਨਾਲ ਰੋਕਣ ਅਤੇ ਜੇਕਰ ਫਿਰ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਨਜ਼ਦੀਕੀ ਪੁਲਿਸ ਥਾਣੇ ਨੂੰ ਫੌਰੀ ਤੌਰ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੈਲਸ ਵਿੱਚ ਗੋਲੀ ਚੱਲਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਲਈ ਮੈਰਿਜ ਪੈਲਸ ਮਾਲਕ ਵੀ ਜਿੰਮੇਵਾਰ ਹੋਣਗੇ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਾਉਣ ਲਈ ਬਟਾਲਾ ਪੁਲਿਸ ਵਚਨਬੱਧ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਮੈਰਿਜ ਪੈਲਸ ਮਾਲਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਭਰੋਸਾ ਦਿੱਤਾ ਕਿ ਉਹ ਪ੍ਰਸ਼ਾਸਨ ਦੀਆਂ ਹਦਇਤਾਂ ਦੀ ਇੰਨ-ਬਿੰਨ ਪਾਲਣਾ ਕਰਨਗੇ।

Send this to a friend