ਤਲਵੰਡੀ ਸਾਬੋ, 8 ਅਪ੍ਰੈਲ (ਰਣਜੀਤ ਸਿੰਘ ਰਾਜੂ)-ਪਿੱਛਲੇ ਤਕਰੀਬਨ 16-17 ਸਾਲਾਂ ਤੋਂ ਵਿਸਾਖੀ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਵਾਲਿਆਂ ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰੂ ਕੇ ਲੰਗਰਾਂ ਅਤੇ ਕਥਾ ਕੀਰਤਨ ਦੀ ਵੱਡੀ ਪੱਧਰ ’ਤੇ ਸੇਵਾ ਕੀਤੀ ਜਾਂਦੀ ਹੈ। ਵਿਸਾਖੀ ਸਮੇਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਤਖ਼ਤ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਦੀਆਂ ਹਨ ਅਤੇ ਕਥਾ ਕੀਰਤਨ ਦੀ ਹਾਜ਼ਰੀ ਭਰ ਕੇ ਜਨਮ ਸਫਲਾ ਕਰਦੀਆਂ ਹਨ। ਪਿੱਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਦਾਦੂ ਵਾਲਿਆਂ ਨੂੰ ਇਸ ਸੇਵਾ ਵਾਸਤੇ ਜਗ੍ਹਾ ਅਲਾਟ ਨਹੀਂ ਕੀਤੀ ਗਈ ਸੀ ਸਗੋਂ ਸੰਤ ਦਾਦੂ ਵਾਲਿਆਂ ਨੂੰ 21 ਸਾਥੀਆਂ ਸਮੇਤ 107, 151 ਧਾਰਾ ਦੇ ਅਧੀਨ ਬਠਿੰਡਾ ਜੇਲ੍ਹ ਵਿੱਚ
ਬੰਦ ਕਰਵਾ ਦਿੱਤਾ ਗਿਆ ਸੀ, ਜੋ 17 ਅਪ੍ਰੈਲ ਨੂੰ ਹਾਈ ਕੋਰਟ ਦੇ ਦਖਲ ਸਦਕਾ ਰਿਹਾਈ ਹੋਈ ਸੀ। ਉਸ ਸਮੇਂ ਇਹ ਸੇਵਾ ਨਾ ਕਰਨ ਦੇਣ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਨਿਰਾਸ਼ਤਾ ਪਾਈ ਗਈ ਸੀ। ਇਸ ਸਾਲ ਵੀ ਪਹਿਲਾਂ ਤਾਂ ਮੈਨੇਜਰ ਤਖ਼ਤ ਸਾਹਿਬ ਵੱਲੋਂ ਸੰਤ ਦਾਦੂ ਵਾਲਿਆਂ ਦੀ ਅਰਜੀ ਇਹ ਕਹਿ ਕੇ ਨਾ ਮਨਜੂਰ ਕਰ ਦਿੱਤੀ ਗਈ ਕਿ ਸਿਰਫ਼ ਲੰਗਰ ਹੀ ਲਗਾਉਣ ਦੀ ਇਜਾਜਤ ਹੈ ਅਤੇ ਕਥਾ ਕੀਰਤਨ ਦੀ ਪਾਬੰਦੀ ਹੈ ਪਰ ਸੰਤ ਦਾਦੂ ਵਾਲਿਆਂ ਵੱਲੋਂ ਕੀਰਤਨ ਸਮਾਗਮ ਕਰਨ ਲਈ ਅੜੇ ਰਹਿਣ ’ਤੇ ਆਖਿਰ ਸ਼੍ਰੋਮਣੀ ਕਮੇਟੀ ਨੇ ਸੰਤਾਂ ਦੀ ਅਰਜੀ ਮਨਜੂਰ ਕਰ ਲਈ ਹੈ ਅਤੇ ਹੁਣ ਉਨ੍ਹਾਂ ਵੱਲੋਂ ਗੁਰੂ ਕੇ ਲੰਗਰਾਂ ਅਤੇ ਕਥਾ ਕੀਰਤਨ ਦੀ ਸੇਵਾ ਪਹਿਲਾਂ ਦੀ ਤਰ੍ਹਾਂ ਕੀਤੀ ਜਾਵੇਗੀ। ਸੰਪਰਕ ਕਰਨ ’ਤੇ ਸੰਤ ਦਾਦੂ ਵਾਲਿਆਂ ਨੇ ਕਿਹਾ ਕਿ ਅਸੀਂ ਤਾਂ ਹਰ ਸਾਲ ਨਿਮਾਣੇ ਸਿੱਖਾਂ ਦੀ ਤਰ੍ਹਾਂ ਤਖ਼ਤ ਸਾਹਿਬ ਵਿਖੇ ਸੇਵਾ ਕਰਨ ਲਈ ਆਉਂਦੇ ਹਾਂ। ਪਤਾ ਨਹੀਂ ਪਿੱਛਲੇ ਸਾਲ ਕਿਸ ਗਲਤ ਫਹਿਮੀ ਕਰਕੇ ਉਨ੍ਹਾਂ ਨੂੰ ਇਸ ਤਰ੍ਹਾਂ ਹਰਾਸ ਕੀਤਾ ਗਿਆ। ਅਸੀਂ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਕਰਦੇ ਆਏ ਹਾਂ ਅਤੇ ਕਰਦੇ ਰਹਾਂਗੇ ਕਿਉਂਕਿ ਸੇਵਾ ਕਥਾ ਕੀਰਤਨ ਸਿੱਖ ਦਾ ਬੁਨਿਆਦੀ ਹੱਕ ਹੈ, ਇਸ ਨੂੰ ਖੋਹਣਾ ਮਰਿਯਾਦਾ ਦੇ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਚਾਰ ਹਮੇਸ਼ਾ ਹੱਕ, ਸੱਚ ਅਤੇ ਧਰਮ ਲਈ ਰਿਹਾ ਹੈ ਅਤੇ ਰਹੇਗਾ। ਗੁਰਬਾਣੀ ਇਤਿਹਾਸ ਦੀ ਵਿਆਖਿਆ ਸੁਣ ਕੇ ਸਿੱਖ ਸੰਗਤ ਗੁਰੂ ਲੜ ਲੱਗਦੀ ਹੈ ਅਤੇ ਇਸੇ ਲਈ ਇਹ ਜੋੜ ਮੇਲੇ ਮਨਾਏ ਜਾਂਦੇ ਹਨ। ਉਨ੍ਹਾਂ ਤਰਕ ਨਾਲ ਕਿਹਾ ਕਿ ਜੇ ਵਿਸਾਖੀ ਸਮੇਂ ਕਥਾ ਕੀਰਤਨ ਨਹੀਂ ਹੋਣਾ ਤਾਂ ਦੱਸੋ ਕਿ ਹੋਰ ਸਰਕਸਾਂ ਅਤੇ ਅਖਾੜੇ ਲੱਗਣੇ ਹਨ।



