Skip to content
Independent perspectives. Global stories.
BREAKING

ਵਾਰੰਟ ਦੇ ਬਾਵਜੂਦ ਕਬਜ਼ਾ ਲੈਣ ’ਚ ਫੇਲ੍ਹ ਹੋਈ ਨਗਰ ਕੌਂਸਲ ਬਰਨਾਲਾ

Share this story

ਬਰਨਾਲਾ, 8 ਅਪ੍ਰੈਲ (ਕੁਲਦੀਪ ਸੂਦ)-ਬਰਨਾਲਾ ਨਗਰ ਕੌਂਸਲ ਦੀ ਜ਼ਮੀਨ ’ਤੇ ਲੋਕਾਂ ਨੇ ਪੂਰੇ ਸ਼ਹਿਰ ਵਿੱਚ ਥਾਂ-ਥਾਂ ਨਜਾਇਜ਼ ਕਬਜ਼ੇ ਕਰ ਰੱਖੇ ਹਨ। ਸ਼ਹਿਰ ਦੇ ਕਈ ਸਮਾਜ ਸੇਵੀ ਸੰਗਠਨਾਂ ਵੱਲੋਂ ਚੁੱਕੇ ਕਦਮਾਂ ਸਦਕੇ ਮਾਣਯੋਗ ਅਦਾਲਤ ਨੇ ਕਾਨੂੰਨੀ ਤੌਰ ’ਤੇ ਨਗਰ ਕੌਂਸਲ ਨੂੰ ਆਪਣਾ ਅਧਿਕਾਰ ਲੈਣ ਲਈ ਕਲੀਨ ਚਿੱਟ ਦੇ ਦਿੱਤੀ ਹੈ। ਦੇ ਬਾਵਜੂਦ ਵੀ ਆਮ ਲੋਕਾਂ ਤੇ ਰੋਬ ਪਾਉਣ ਵਾਲੀ ਨਗਰ ਕੌਂਸਲ ਆਪਣੀਆਂ ਜ਼ਮੀਨਾਂ ਨੂੰ ਮੁਕਤ ਕਰਵਾਉਣ ਲਈ ਡਰ ਰਹੀ ਹੈ। ਇਸ ਦਾ ਵੱਡਾ ਕਾਰਣ ਅਦਾਲਤ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਬਾਵਜੂਦ ਸਥਾਨਕ ਪੁਲਿਸ ਵੱਲੋਂ ਕੌਂਸਲ ਕਰਮਚਾਰੀਆਂ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਉਣਾ ਵੀ ਹੈ। ਵਰਨਣਯੋਗ ਹੈ ਕਿ ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਦੇ ਨਜ਼ਦੀਕ 960 ਫੁੱਟ ਦੀ ਇਕ ਜਗ੍ਹਾ ਖਾਲੀ ਪਈ ਸੀ। ਜਿਸ ’ਤੇ ਲਾਗਲੇ ਰਹਿੰਦੇ ਇਕ ਪਰਿਵਾਰ ਨੇ ਹੌਲੀ-ਹੌਲੀ ਆਪਣਾ ਕਬਜ਼ਾ ਕਰ ਲਿਆ। ਦੱਸਣਯੋਗ ਹੈ ਕਿ ਨਗਰ ਕੌਂਸਲ ਨੂੰ ਇਸ ਗੱਲ ਦਾ ਭਲੀਭਾਂਤੀ ਪਤਾ ਵੀ ਸੀ

ਕਿ ਉਨ੍ਹਾਂ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਹੋ ਚੁੱਕਿਆ ਹੈ। ਇਸ ਦੇ ਬਾਵਜੂਦ ਕੌਂਸਲ ਆਪਣੀ ਜ਼ਮੀਨ ਨੂੰ ਆਜ਼ਾਦ ਨਹੀਂ ਕਰਵਾ ਸਕੀ। ਕੁੱਝ ਸਾਲ ਪਹਿਲਾਂ ਹੋ ਚੁੱਕੇ ਇਸ ਕਬਜ਼ੇ ਦੀ ਕੌਂਸਲ ਵੱਲੋਂ ਕੀਤੀ ਜਾ ਰਹੀ ਅਣਦੇਖੀ ਨੂੰ ਦੇਖਦਿਆਂ ਕੁੱਝ ਸਮਾਜ ਸੇਵੀਆਂ ਨੇ ਕਾਨੂੰਨ ਦਾ ਦਰਵਾਜ਼ਾ ਖੜਕਾਇਆ। ਵਿਨੋਦ ਕੁਮਾਰ ਗਰਗ ਨਾਮਕ ਇਕ ਸਮਾਜ ਸੇਵੀ ਨੇ ਪਹਿਲ ਕਦਮੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੇ ਨਗਰ ਕੌਂਸਲ ਅਧਿਕਾਰੀਆਂ ਕੋਲ ਇਸ ਮਾਮਲੇ ਦੀ ਸੂਚਨਾ ਦਿੱਤੀ। ਪਰ ਅਧਿਕਾਰੀਆਂ ਨੇ ਉਸ ਵੱਲੋਂ ਪਾਈ ਜਨਹਿਤ ਪੁਟੀਸ਼ਨ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ।
ਉਕਤ ਸਮਾਜ ਸੇਵੀ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕੇ ਕਈ ਸਾਲਾਂ ਦੇ ਜੱਦੋ ਜਹਿਦ ਤੋਂ ਬਾਅਦ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਸਿੱਕਾ ਨੇ 22 ਫਰਵਰੀ 2013 ਨੂੰ ਆਦੇਸ਼ ਜਾਰੀ ਕਰ ਦਿੱਤਾ। ਪੱਤਰ ਨੰਬਰ ਪੀਪੀ ਐਕਟ ਡਡਸਸ-13-33 ਦੇ ਅਨੁਸਾਰ ਵਾਰੰਟ ਕਬਜ਼ਾ ਲੈਣ ਦਾ ਆਦੇਸ ਦਿੱਤਾ। ਪਰ ਇਕ ਸਾਲ ਗੁਜ਼ਰਨ ਉਪਰੰਤ ਵੀ ਜ਼ਿਲ੍ਹਾ ਪ੍ਰਸਾਸ਼ਨ ਨੇ ਕਬਜ਼ਾ ਲੈਣ ਵਿੱਚ ਕੋਈ ਰੁਚੀ ਨਹੀਂ ਦਿਖਾਈ। 12 ਮਾਰਚ 2014 ਨੂੰ ਨਗਰ ਕੌਂਸਲ ਨੇ ਐਸ.ਐਸ.ਪੀ. ਬਰਨਾਲਾ ਨੂੰ ਲਿਖੇ ਪੱਤਰ ਨੰਬਰ 1880-ਬੀ ਦੇ ਰਾਹੀਂ 27 ਮਾਰਚ 2014 ਨੂੰ ਜ਼ਮੀਨ ’ਤੇ ਕਬਜ਼ਾ ਲੈਣ ਲਈ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਪੁਲਿਸ ਵੱਲੋਂ ਕੀਤੇ ਕੁੱਝ ਬਹਾਨਿਆਂ ਸਦਕਾ ਪੁਲਿਸ ਨੇ ਮਦਦ ਦੇਣ ਤੋਂ ਨਗਰ ਕੌਂਸਲ ਨੂੰ ਅਸਮਰਥਤਾ ਪ੍ਰਗਟਾਈ। ਵਿਨੋਦ ਕੁਮਾਰ ਗਰਗ ਨੂੰ ਸੰਪਰਕ ਕਰਨ ’ਤੇ ਉਸਨੇ ਦੱਸਿਆ ਕਿ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੇ ਐਸ.ਐਸ.ਪੀ. ਬਰਨਾਲਾ ਨੂੰ ਬੇਨਤੀ ਪੱਤਰ ਭੇਜਿਆ ਹੈ ਕਿ 9 ਮਈ ਨੂੰ 11 ਵਜੇ ਮਹਿਲਾ ਪੁਲਿਸ ਸਮੇਤ ਉਨ੍ਹਾਂ ਨੂੰ ਕਬਜ਼ਾ ਕਰਨ ਲਈ ਪੁਲਿਸ ਸੁਰੱਖਿਆ ਦਿੱਤੀ ਜਾਵੇ। ਸ੍ਰੀ ਗਰਗ ਵੱਲੋਂ ਕੀਤੀ ਕਿਆਸ ਅਰਾਈ ਅਨੁਸਾਰ ਪੁਲਿਸ ਦੇ ਕੰਮ ’ਤੇ ਉਨ੍ਹਾਂ ਨੂੰ ਅਜੇ ਵੀ ਸ਼ੰਕਾ ਹੈ?

WRITTEN BY